ਗੁਰੂ ਲਈ ਸ਼ਹੀਦੀ ਦੇਣ ਵਾਲਾ ਦੱਤ ਬ੍ਰਾਹਮਣ ਘਰਾਣਾ
ਗੱਜਣਵਾਲਾ ਸੁਖਮਿੰਦਰ ਸਿੰਘ
ਸਿੱਖ ਇਤਿਹਾਸ ਵਿਚ ਦੱਤ ਬ੍ਰਾਹਮਣ ਘਰਾਣੇ ਦਾ ਬਹੁਤ ਹੀ ਅਹਿਮ ਯੋਗਦਾਨ ਰਿਹਾ। ਮੁਢਲੇ ਸਿੱਖ ਸਰੋਤਾਂ ਅਨੁਸਾਰ ਇਸ ਘਰਾਣੇ ਦੇ ਤਿੰਨ ਬ੍ਰਾਹਮਣ ਸਿੱਖਾਂ ਭਾਈ ਕਿਰਪਾ ਰਾਮ, ਭਾਈ ਸਨਮੁਖ ਤੇ ਭਾਈ ਅਤੂ ਰਾਮ ਨੇ ਚਮਕੌਰ ਸਾਹਿਬ ਦੀ ਤਵਾਰੀਖੀ ਜੰਗ ਵਿਚ ਸ਼ਹਾਦਤਾਂ ਪਾਈਆਂ। ਇਹ ਤਿੰਨੋਂ ਸ਼ਹੀਦ ਉਸ ਵੇਲੇ ਦਸਵੇਂ ਪਾਤਸ਼ਾਹ ਵੇਲੇ ਅੰਮ੍ਰਿਤ ਛਕ ਕੇ ਸਿੰਘ ਬਣ ਚੁੱਕੇ ਸਨ।
ਇਸ ਦੱਤ ਬ੍ਰਾਹਮਣ ਘਰਾਣੇ ਦਾ ਗੁਰੂਘਰ ਨਾਲ ਨੇੜਤਾ ਵਾਲਾ ਸੰਬੰਧ ਬਹੁਤ ਪੁਰਾਣਾ ਦੱਸਿਆ ਜਾਂਦਾ ਹੈ। ਮੁੱਢਲੇ ਸਰੋਤਾਂ ਤੋਂ ਪਤਾ ਚੱਲਦਾ ਹੈ ਇਹ ਘਰਾਣਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਉਨ੍ਹਾ ਦੇ ਸੰਪਰਕ ਵਿਚ ਆ ਚੁੱਕਿਆ ਸੀ।
ਭਾਈ ਸੰਤੋਖ ਸਿੰਘ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿਚ ਲਿਖਦੇ ਹਨ, ਗੁਰੂ ਨਾਨਕ ਦੇਵ ਜੀ ਕਸ਼ਮੀਰ ਵੱਲ ਗਏ ਤਾਂ ਉਨ੍ਹਾਂ ਨੇ ਉਥੇ 12 ਦਿਨ ਗੁਜ਼ਾਰੇ मठ।
ਜੋ ਕਸ਼ਮੀਰ ਕਹਾਵਤ ਦੇਸ਼ਾ। ਤਹਾਂ ਜਾਇ ਪਹੁਂਚੇ ਜਗਤੇਸ਼ਾ।
ਦਵਾਦਸ਼ ਬਾਸੁਰ ਤਹਾਂ ਬਿਤਾਏ॥
ਅੰਕ 4,ਅਧਿ.4, ਉਤਰਾਰਧ।
ਕਸ਼ਮੀਰ ਦੇ ਮਟਨ ਇਲਾਕੇ ਵਿਚ ਸੰਸਕ੍ਰਿਤ ਦਾ ਇਕ ਗਿਆਨਵਾਨ ਪੰਡਤ ਰਹਿੰਦਾ ਸੀ। ਉਹ ਵੇਦਾਂ ਪੁਰਾਣਾਂ ਦਾ ਵੱਡਾ ਗਿਆਤਾ ਸੀ। ਉਹ ਜਿਥੇ ਵੀ ਜਾਂਦਾ ਪੰਡਤਾਂ ਨੂੰ ਅਕਸਰ ਹਰਾ ਦਿੰਦਾ ਤੇ ਉਨ੍ਹਾਂ ਕੋਲੋਂ ਗ੍ਰੰਥ ਖੋਹ ਲੈਂਦਾ। ਗੁਰੂ ਸਾਹਿਬ ਦਾ ਉਥੇ ਆਉਣਾ ਸੁਣ ਕੇ ਉਹ ਪੰਡਤ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ। ਉਸ ਨੂੰ ਆਪਣੇ ਗਿਆਨ 'ਤੇ ਬਹੁਤ ਹੰਕਾਰ ਸੀ। ਉਸ ਕੋਲ ਦੋ ਉਠ (ਊਠ) ਸਨ ਜੋ ਕਿਤਾਬਾਂ ਨਾਲ ਲੱਦੇ ਹੋਇਆ ਕਰਦੇ। ਉਹ ਜਿਥੇ ਵੀ ਜਾਂਦਾ ਦੋਨੋਂ ਊਠ ਉਸ ਨਾਲ ਹੀ ਹੁੰਦੇ। ਉਹ ਗਲੇ ਵਿਚ ਸਾਲਗਰਾਮ ਪਾਉਂਦਾ ਤੇ ਉਸ ਦੇ ਬਾਰਾਂ ਅੰਗਾਂ 'ਤੇ ਤਿਲਕ ਲਗਾਏ ਹੋਏ ਸਨ।
ਭਾਈ ਸੰਤੋਖ ਸਿੰਘ ਅੰਕਤ ਕਰਦੇ ਹਨ :
ਤਹਿਂ ਇਕ ਪੰਡਿਤ ਰਹਤਿ ਸੁਜਾਨਾ।
ਸਭਿ ਬਿਦਿਆ ਮੇਂ ਨਿਪੁਨ ਨਿਧਾਨਾ।
ਸ੍ਰੀ ਨਾਨਕ ਮਹਿਮਾ ਤਿਨ ਸੁਨੀ।
ਦਰਸ਼ਨ ਕਰੋਂ-ਰਿਦੈ ਅਸ ਗੁਨੀ 35॥
ਪੁਸਤਕ ਲਦੈ ਉਸ਼ਟ ਜਿਨਿ ਦੋਊ।
ਗਮਨਤਿ ਸੰਗ ਰਹਤਿ ਹੈਂ ਸੋਊ।
ਸਾਲਗਰਾਮ ਗਲੇ ਮਹਿਂ ਪਾਵਾ।
ਤਨ ਮਹਿਂ ਦਵਾਦਸ਼ ਤਿਲਕ ਲਗਾਵਾ॥
36. ਆਧਿ. 14 ਉਤਰਾਰਧ.1॥
ਉਸ ਨੇ ਗੁਰੂ ਸਾਹਿਬ ਨਾਲ ਬੜੇ ਤਨਕੀਦ ਭਰੇ ਸਵਾਲ ਜਵਾਬ ਸਾਂਝੇ ਕੀਤੇ। ਗੁਰੂ ਸਾਹਿਬ ਨੇ ਉਸ ਦੇ ਸਾਰੇ ਸੁਆਲਾਂ ਦਾ ਧੀਰਜ ਸਹਿਤ ਜਵਾਬ ਦਿੱਤਾ ਤੇ ਗੁਰੂ ਸਾਹਿਬ ਦੀ ਬਿਬੇਕ ਬੁਧੀ ਸਾਹਮਣੇ ਉਹ ਆਪਣੇ ਇਲਮ ਦਾ ਅਸਰ ਨਾ ਦਿਖਾ ਸਕਿਆ। ਉਹ, ਗੁਰੂ ਸਾਹਿਬ ਦੇ ਚਰਨੀਂ ਪੈ ਕੇ ਅਕਾਲਪੁਰਖ ਦਾ ਉਪਾਸ਼ਕ ਹੋ ਗਿਆ। ਗੁਰੂ ਸਾਹਿਬ ਨੇ ਉਸ ਨੂੰ ਧਰਮਪ੍ਰਚਾਰ ਦੀ ਮੰਜੀ ਬਖਸ਼ਸ਼ ਕੀਤੀ ਤੇ ਫਿਰ ਉਸ ਨੇ ਸਿੱਖੀ ਦਾ ਪ੍ਰਚਾਰ ਕੀਤਾ। ਕੁਝ ਇਤਿਹਾਸਕਾਰਾਂ ਨੇ ਉਸ ਦਾ ਨਾਮ ਪੰਡਤ ਬ੍ਰਹਮਦੱਤ ਲਿਖਿਆ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਨਾਭਾ ਜੀ ਅਤੇ ਭਾਈ ਵੀਰ ਸਿੰਘ ਨੇ ਇਸ ਕਸ਼ਮੀਰੀ ਪੰਡਤ ਦਾ ਨਾਮ ਬ੍ਰਹਮ ਦਾਸ ਲਿਖਿਆ ਹੈ ਜੋ ਭਾਈ ਅੜੂ ਰਾਮ ਦਾ ਦਾਦਾ ਸੀ।
ਇਤਿਹਾਸਕਾਰ ਜਸਬੀਰ ਸਿੰਘ ਸਰਨਾ ਨੇ ਆਪਣੀ ਪੁਸਤਕ “ਜੰਮੂ ਕਸਮੀਰ ਦੇ ਗੁਰਦੁਆਰੇ ਵਿਚ ਗੁਰੂ ਨਾਨਕ ਦੇਵ ਜੀ ਦੇ ਸਫਰ ਬਾਰੇ ਲਿਖਿਆ ਹੈ। ਗੁਰੂ ਸਾਹਿਬ ਜਦ ਕਸ਼ਮੀਰ ਤੇ ਕੈਲਾਸ਼ ਪਰਬਤ ਵੱਲ ਗਏ ਤਾਂ ਉਹ ਕਸ਼ਮੀਰ ਦੇ ਇਕ ਕਸਬੇ ਬੀਜ ਬੀਹਾੜੇ ਗਏ ਤੇ ਉਥੇ ਉਨ੍ਹਾਂ ਦਾ ਪੰਡਤ ਬ੍ਰਹਮਦਾਸ ਨਾਲ ਮਿਲਾਪ ਹੋਇਆ। ਉਹ ਲਿਖਦੇ ਹਨ ਗੁਰੂ ਸਾਹਿਬ ਬਰਫਾਨੀ ਰਸਤਿਆਂ ਰਾਹੀਂ ਪ੍ਰਸਿੱਧ ਤੀਰਥ ਅਮਰਨਾਥ ਗਏ ਤੇ ਫਿਰ ਉਥੋਂ ਪਹਿਲਗਾਮ ਹੁੰਦੇ ਹੋਏ ਮਟਨ ਨਗਰ ਵਿਚ ਪਹੁੰਚੇ। ਮਟਨ ਇਕ ਤਾਂ ਮਾਰਤੰਡ (ਪਾਂਡੋ -ਕੈਰੋ) ਖੰਡਰਾਂ ਕਰਕੇ ਤੇ ਦੂਜਾ ਜੁੜਵੇਂ ਚਸ਼ਮਿਆ ਕਰਕੇ ਮਕਬੂਲ ਸੀ। ਇਥੇ ਮਟਨ ਵਿਚ ਪੰਡਤ ਬ੍ਰਹਮਦਾਸ ਤੇ ਕਮਾਲ ਫਕੀਰ ਨੇ ਆ ਕੇ ਗੁਰੂ ਸਾਹਿਬ ਜੀ ਨਾਲ ਮੁਲਾਕਾਤ ਕੀਤੀ ਤੇ ਧਾਰਮਿਕ ਵਿਚਾਰਾਂ ਹੋਈਆਂ। ਬ੍ਰਹਮਦਾਸ ਜੇ ਭਾਈ ਅਤੂਰਾਮ ਦਾ ਦਾਦਾ ਸੀ, ਗੁਰੂ ਸਾਹਿਬ ਨੇ ਉਸ ਨੂੰ ਮੰਜੀ ਬਖਸ਼ੀ। ਬ੍ਰਹਮਦਾਸ ਤੇ ਕਮਾਲ ਵਕੀਰ ਦੋਨਾਂ ਨੇ ਸਿੱਖੀ ਦੇ ਸਰਬਸਾਂਝੇ ਪ੍ਰਚਾਰ ਲਈ ਉਥੇ ਧਰਮਸ਼ਾਲ ਬਣਾਈ। ਬ੍ਰਹਮਦਾਸ ਦੀ ਬੇਨਤੀ 'ਤੇ ਗੁਰੂ ਸਾਹਿਬ ਉਸ ਦੇ ਘਰ ਬੀਜ-ਬਿਹਾੜੇ ਗਏ ਤੇ ਕੁਝ ਦਿਨ ਉਥੇ ਠਹਿਰੇ। ਓਥੋਂ ਅੱਗੇ ਗੁਰੂ ਸਾਹਿਬ ਅਨੰਤਨਾਗ ਚਲੇ ਗਏ। ਮਟਨ ਵਿਚ ਗੁਰੂ ਸਾਹਿਬ ਦੇ ਨਾਮ ਪਰ ਇਤਿਹਾਸਕ ਗੁਰੁਦੁਆਰਾ ਮੌਜੂਦ ਹੈ।
ਭਾਈ ਸੰਤੋਖ ਸਿੰਘ ਦੁਆਰਾ ਰਚੇ ਮਹਾਨ ਗ੍ਰੰਥ ‘ਗੁਰ-ਪ੍ਰਤਾਪ ਸੂਰਜ ਗ੍ਰੰਥ" ਵਿਚ ਦੱਤ ਘਰਾਣੇ ਦਾ ਕੁਰਸੀਨਾਮਾ ਦਰਸਾਇਆ ਗਿਆ;
ਗੁਰਸੀਨਾਮਾ ਦੱਤ ਘਰਾਣਾ ਮਟਨ ਕਸ਼ਮੀਰ
ਠਾਕਰਦਾਸ
ਬ੍ਰਹਮਦਾਸ
ਨਾਰਇਣਦਾਸ
ਅੜੂਰਾਮ
ਕਿਰਪਾਰਾਮ- ਸ਼ਿਵਦਾਸ- ਸਨਮੁਖ - ਚੇਲਾਰਾਮ
ਦੱਤ ਘਰਾਣੇ ਦੇ ਇਸ ਕੁਰਸੀਨਾਮੇ ਚੋਂ ਪਤਾ ਲਗਦਾ ਹੈਕਿ ਇਸ ਦੱਤ ਬ੍ਰਾਹਮਣ ਘਰਾਣੇ ਦਾ ਵੱਡ-ਵਡੇਰਾ ਠਾਕੁਰ ਦਾਸ ਹੋਇਆ ਜੋ ਮੁੰਝਾਲ ਦੱਤ ਬ੍ਰਾਹਮਣ ਸੀ। ਭਾਈ ਠਾਕੁਰ ਦਾਸ ਭਾਈ ਕਿਰਪਾ ਰਾਮ ਦੇ ਪਿਉ ਅਤੂ ਰਾਮ ਦਾ ਪੜਦਾਦਾ ਸੀ। ਜੋ ਕਸ਼ਮੀਰ ਦੇ ਇਕ ਕਸਬੇ ਮਟਨ ਦਾ ਵਸਨੀਕ ਸੀ।। ਭਾਈ ਕਿਰਪਾ ਰਾਮ ਦੇ ਤਿੰਨ ਹੋਰ ਭਰਾ ਸਨ ਸਨਮੁਖਦਾਸ, ਸ਼ਿਵਦਾਸ, ਅਤੇ ਚੇਲਾਰਾਮ।
ਪਿਆਰਾ ਸਿੰਘ ਪਦਮ ਆਪਣੀ ਪੁਸਤਕ ਵਿਚ ਅੰਕਤ ਕਰਦੇ ਹਨ ਕਿ ਇਸ ਦੱਤ ਘਰਾਣੇ ਦਾ ਛਿੱਬਰ ਬ੍ਰਾਹਮਣ ਘਰਾਣੇ ਨਾਲ ਬੜਾ ਗਹਿਰਾ ਰਿਸ਼ਤਾ ਸੀ । ਭਾਈ ਕਿਰਪਾ ਰਾਮ ਦੱਤ ਦੀ ਜੋ ਮਾਂ ਸਰਸਤੀ ਸੀ ਉਹ ਛਿੱਬਰ ਘਰਾਣੇ ਦੇ ਵੱਡ ਵਡੇਰੇ ਕਰਿਆਲਾ ਪਿੰਡ ਜ਼ਿਲਾ ਜੇਹਲਮ ( ਪਾਕਿਸਤਾਨ) ਦੇ ਵਸਨੀਕ ਗੌਤਮ ਛਿੱਬਰ ਦੀ ਪੱਤਰੀ ਸੀ। ਉਹ ਸੁਰਸਤੀ ਭਾਈ ਪਿਰਾਗਾ ਤੇ ਪੈੜਾ ਦੀ ਸਕੀ ਭੈਣ ਸੀ । ਗੁਰੂ ਹਰਿਗੋਬਿੰਦ ਜੀ ਦੇ ਖਾਸ ਯੋਧੇ ਭਾਈ ਪਿਰਾਗਾ ਜੀ ਤੇ ਭਾਈ ਪੈੜਾ ਜੀ ਜੋ ਛਿੱਬਰ ਘਰਾਣੇ ਚੋਂ ਸਨ ਜੋ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਵੱਖ ਵੱਖ ਜੰਗਾਂ ਵਿਚ ਸ਼ਹੀਦ ਹੋਏ ਉਹ ਮਾਤਾ ਸੁਰਸਤੀ ਦੇ ਸਕੇ ਭਾਈ ਸਨ ਜਾਣੋ ਦੋਨੋਂ ਹੀ ਭਾਈ ਕਿਰਪਾਰਾਮ ਦੱਤ ਦੇ ਮਾਮਾ ਜੀ ਸਨ।
ਸਰੋਤਾਂ ਮੁਤਾਬਕ ਗੁਰੂ ਹਰਿਗੋਬਿੰਦ ਸਾਹਿਬ ਜੀ ਜਦ ਕਸ਼ਮੀਰ ਗਏ ਸਨ ਤਾਂ ਉਨ੍ਹਾ ਦੀ ਵੀ ਦੱਤ ਘਰਾਣੇ ਦੇ ਭਾਈ ਕਿਰਪਾਰਾਮ ਦੇ ਦਾਦਾ ਭਾਈ ਨਰੈਣਦਾਸ ਜੀ ਨਾਲ ਮੁਲਾਕਾਤ ਹੋਈ ਦੱਸੀ ਦੀ ਹੈ।
ਸੱਤਵੇਂ ਪਾਤਸ਼ਾਹ ਗੁਰੂ ਹਰਿਰਾਇ ਜੀ ਦਾ ਸਮਾਂ 1644 ਈ. ਤੋਂ 1661 ਈ. ਦਾ ਹੈ। ਗੁਰੂ ਹਰਿਰਾਇ ਸਾਹਿਬ ਸਿੱਖੀ ਪ੍ਰਚਾਰ ਹਿਤ ਕਸ਼ਮੀਰ ਗਏ ਤਾਂ ਉਹ ਭਾਈ ਕਿਰਪਾ ਰਾਮ ਦੱਤ ਦੇ ਪਿਤਾ ਭਾਈ ਅੜੂਰਾਮ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਉਥੇ ਭਾਈ ਅੜੂਰਾਮ ਦੇ ਘਰ ਬਿਸਰਾਮ ਕੀਤਾ।
ਫਿਰ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਜਦ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਿੱਲੀ ਦਰਬਾਰ ਬੁਲਾਇਆ ਤਾਂ ਉਨ੍ਹਾ ਨੇ ਖੁਦ ਬਾਦਸ਼ਾਹ ਦੇ ਸਨਮੁੱਖ ਪੇਸ਼ ਹੋਣ ਦੀ ਬਜਾਏ ਆਪਣੇ ਵੱਡੇ ਸਪੁੱਤਰ ਰਾਮਰਾਇ ਨੂੰ ਭੇਜਿਆ। ਉਸ ਵੇਲੇ ਰਾਮਰਾਇ ਨਾਲ ਜੋ ਸਿੱਖ ਭੇਜੇ ਗਏ ਉਨ੍ਹਾਂ ਵਿਚ ਭਾਈ ਕਿਰਪਾ ਰਾਮ ਦੇ ਪਿਤਾ ਜੀ ਅਤੂਰਾਮ ਦੱਤ ਵੀ ਸ਼ਾਮਲ ਸੀ। ਇਸ ਗੱਲ ਤੋਂ ਪਤਾ ਲਗਦਾ ਹੈ ਕਿ ਦੱਤ ਪਰਿਵਾਰ ਦੇ ਗੁਰੂ ਘਰ ਨਾਲ ਭਾਈ ਕਿਰਪਾਰਾਮ ਤੋਂ ਪਹਿਲਾਂ ਦੇ ਹੀ ਬਹੁਤ ਘਣੇ ਸੰਬੰਧ ਸਨ। ਅੜੂਰਾਮ ਬਾਰੇ ਧਾਰਨਾ ਪਾਈ ਜਾਂਦੀ ਹੈ ਕਿ ਉਹ ਅਕਸਰ ਕੀਰਤਪੁਰ ਆਇਆ ਕਰਦੇ ਅਤੇ ਗੁਰੂ ਸਾਹਿਬ ਦੀ ਸੇਵਾ ਵਿਚ ਰਹਿੰਦੇ। ਜਦ ਗੁਰੂ ਹਰਿਰਾਇ ਜੀ ਜੋਤੀਜੋਤ ਸਮਾਏ ਸਨ ਤਾਂ ਉਸ ਵੇਲੇ ਵੀ ਭਾਈ ਅੜੂਰਾਮ ਉਥੇ ਹਾਜ਼ਰ ਸਨ ।ਉਸ ਵੇਲੇ ਰਾਮਰਾਇ ਜੀ ਜੋ ਦਿੱਲੀ ਵਿਚ ਮੁਗਲ ਦਰਬਾਰ ਨਾਲ ਬਵਸਤਾ ਸਨ ਉਨਾਂ ਕੋਲ ਗੁਰੂ ਹਰਿਰਾਇ ਸਾਹਿਬ ਜੀ ਦੇ ਪਰਲੋਕ ਸਿਧਾਰਨ ਦੀ ਖਬਰ ਪਹੁੰਚਾਣ ਲਈ ਜੋ ਸਿੱਖ ਭੇਜੇ ਉਨ੍ਹਾਂਵਿਚ ਪੰਡਤ ਅੜੂਰਾਮ ਜੀ ਵੀ ਸਨ ।ਜਿਸ ਤਰ੍ਹਾਂ ਪਿਛੇ ਦੱਸਿਆ ਗਿਆ ਹੈ। ਜਦ ਕਸ਼ਮੀਰੀ ਬ੍ਰਾਹਮਣਾ ਦਾ ਵਫਦ ਮਈ 1675 ਨੂੰ ਫਰਿਆਦੀ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਸ੍ਰੀ ਅਨੰਦਪੁਰ ਸਾਹਿਬ ਆਇਆ ਸੀ ਉਸ ਵੇਲੇ ਭਾਈ ਕਿਰਪਾ ਰਾਮ ਜੀ ਪਹਿਲੀ ਵਾਰ ਗੁਰੂ ਸਾਹਿਬ ਕੋਲ ਨਹੀਂ ਸੀ ਆਏ ਬਲਕਿ ਭਾਈ ਕਿਰਪਾ ਰਾਮ ਤਾਂ ਲੰਮੇਰੇ ਸਮੇਂ ਤੋਂ ਜਾਣੋ ਗੁਰੂ ਹਰਿਰਾਇ ਜੀ ਦੇ ਵੇਲੇ ਤੋਂ ਗੁਰੂਘਰ ਹਾਜ਼ਰੀ ਭਰਦੇ ਰਹੇ। ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਭਾਈ ਕਿਰਪਾ ਰਾਮ ਦਾ ਗੁਰੂਘਰ ਨਾਲ ਚਿਰੋਕਣਾ ਆਉਣਾ ਜਾਣਾ ਸੀ। ਸਰੋਤਾਂ ਤੋਂ ਇਹ ਵੀ ਜਾਣ ਪੈਂਦਾ ਹੈ ਕਿ ਬਾਲ ਗੋਬਿੰਦ ਜੀ ਜਦ ਪਟਨਾ ਸਾਹਿਬ ਸਨ ਤਾਂ ਉਥੇ ਵੀ ਕਿਰਪਾ ਰਾਮ ਗੁਰੂ ਪਰਿਵਾਰ ਦੇ ਕੋਲ ਸਨ। ਗੁਰੂ ਤੇਗ ਬਹਾਦਰ ਜੀ ਜਦ ਬਕਾਲਾ ਵਿਚ ਨਿਵਾਸ ਕਰ ਰਹੇ ਸਨ ਤਦ ਵੀ ਆਪ ਉਨ੍ਹਾਂ ਦੇ ਦਰਸ਼ਨ ਦੀਦਾਰ ਕਰਨ ਹਿਤ ਉਥੇ ਆਉਂਦੇ ਰਹੇ।
(ਪੁਸਤਕ ਗੁਰੂ ਘਰ ਦੇ ਬ੍ਰਾਹਮਣ ਸਿੱਖ ਸ਼ਹੀਦ ਵਿੱਚੋਂ)