ਭਾਈ ਮਤੀ ਦਾਸ ਅਤੇ ਸਤੀ ਦਾਸ ਸਮੇਤ ਛਿੱਬਰ ਬ੍ਰਾਹਮਣ ਘਰਾਣੇ ਦੇ ਗੁਰੂ ਲਈ ਹੋਏ 9 ਸਿੱਖ ਸ਼ਹੀਦ
ਸਿੱਖ ਪੰਥ ਦੀਆਂ ਟੁੱਟੀਆਂ ਬਾਹਵਾਂ -2
9 Sikhs martyred for the Guru of the Chibbar Brahmin family, including Bhai Mati Das and Sati Das
ਗੱਜਣਵਾਲਾ ਸੁਖਮਿੰਦਰ ਸਿੰਘ
ਛਿੱਬਰ ਘਰਾਣੇ ਦਾ ਨਾਮ ਸਿੱਖ ਇਤਿਹਾਸ ਦੇ ਪੱਤਰਿਆਂ 'ਤੇ ਸਦੀਵੀ ਤੌਰ 'ਤੇ ਦਰਜ ਹੋ ਚੁੱਕਾ ਹੈ। ਗੁਰੂ-ਘਰ ਨਾਲ ਇਸ ਘਰਾਣੇ ਦਾ ਨਿਰੰਤਰ ਗਹਿਰਾ ਸੰਬੰਧ ਰਿਹਾ। ਬ੍ਰਾਹਮਣਾਂ ਦੀ ਇਕ ਮੁਹਿਆਲ ਜਾਤੀ ਹੈ ਜੋ ਜੰਗਜੂ ਬਿਰਤੀ ਵਾਲੀ ਹੋਣ ਕਰਕੇ ਬਹੁਤ ਹੀ ਵਿਲੱਖਣ ਮੰਨੀ ਗਈ ਹੈ। ਆਮ ਬ੍ਰਾਹਮਣ ਜਾਤੀ ਦੇ ਲੋਕ ਜਜ਼ਮਾਨੀ, ਪੁਰੋਹਤ ਅਤੇ ਵਿਦਿਆ ਪੜ੍ਹਨ ਪੜ੍ਹਾਉਣ ਦਾ ਕਾਰਜ ਕਰਦੇ ਰਹੇ। ਪਰ ਇਹ ਮੁਹਿਆਲ (ਮੁਯਾਲ) ਜਾਤੀ ਦੇ ਬ੍ਰਾਹਮਣ ਚਿਰਕਾਲ ਤੋਂ ਹੀ ਸ਼ਸਤਰਧਾਰੀ ਤੇ ਜੰਗਜੂ ਸੁਭਾਅ ਵਾਲੇ ਸਨ।
'ਦਾ ਹਿਸਟਰੀ ਆਫ ਮੁਹਯਾਲ਼ਜ਼' ਵਿਚ ਲਿਖਿਆ ਮਿਲਦਾ ਹੈ ਕਿ ਇਹ ਸੂਰਬੀਰ ਲੋਕਾਂ ਦੀ ਤਾਦਾਦ ਮੱਧ ਏਸ਼ੀਆ, ਅਫ਼ਗਨਿਸਤਾਨ, ਲਹਿੰਦੇ ਪੰਜਾਬ ਦੇ ਰਾਵਲਪਿੰਡੀ, ਜੇਹਲਮ ਅਤੇ ਜੰਮੂ ਇਲਾਕੇ ਵਿਚ ਜ਼ਿਆਦਾ ਰਹੀ। ਇਨ੍ਹਾਂ ਨੂੰ ਰਾਜ ਰਿਸ਼ੀਆਂ ਦੀ ਔਲਾਦ ਵੀ ਕਿਹਾ ਜਾਂਦਾ ਹੈ।
ਇਤਿਹਾਸਕਾਰ ਪਿਆਰਾ ਸਿੰਘ ਪਦਮ ਪੁਸਤਕ “ਬੰਸਾਵਲੀਨਾਮਾ” ਦੀ ਪ੍ਰਸਤਾਵਨਾ ਵਿਚ ਅੰਕਤ ਕਰਦੇ ਹਨ ਕਿ 'ਜਨਰਲ ਮੁਹਯਾਲ ਸਭਾ' 1902 ਈ. ਵਿਚ ਬਣਾਈ ਗਈ। ਇਸ ਸਭਾ ਨੇ ਫਿਰ 'ਦਾ ਹਿਸਟਰੀ ਆਫ ਮੁਹਯਾਲਜ਼' ਲਿਖਵਾਈ। ਉਸ ਸਮੇਂ ਅੰਗਰੇਜ਼ਾਂ ਦਾ ਰਾਜ ਸੀ। ਉਸ ਬ੍ਰਿਟਿਸ਼ ਫੌਜ ਵਿਚ 45 ਮੁਹਯਾਲ ਬ੍ਰਾਹਮਣ ਕਮਿਸ਼ਨਡ ਅਫਸਰ ਸਨ। ਭੱਟਾਂ ਨੇ ਆਪਣੇ ਇਤਿਹਾਸਕ ਸ੍ਰੋਤਾਂ ਵਿਚ ਇਨ੍ਹਾਂ ਦਾ ਮੁਹੰਮਦ ਬਿਨ ਕਾਸਮ (713 ਈ:) ਮਹਿਮੂਦ ਗਜ਼ਨਵੀ (1000-1017) ਅਤੇ ਫਿਰ ਬਾਬਰ ਨਾਲ ਟਾਕਰਾ ਕੀਤਾ ਹੋਇਆ ਦੱਸਿਆ ਹੈ।
ਮੁਹਿਆਲ ਬ੍ਰਾਹਮਣਾਂ ਦੀਆਂ ਅੱਗੇ ਪ੍ਰਸਿੱਧ 7 ਸਾਖਾਂ (ਮੂੰਹੀਆਂ) ਦੱਸੀਆਂ ਹਨ। ਦੱਤ, ਵੈਦ, ਛਿੱਬਰ, ਬਾਲੀ, ਮੋਹਨ ਲਾਉ ਤੇ ਭੀਮਯਾਲ । ਜੋ ਛਿੱਬਰ ਘਰਾਣਾ ਹੈ ਉਸ ਦਾ ਮੁੱਢਲਾ ਸਥਾਨ ਭੇਰਾ, ਕੜਿਆਲਾ (ਜ਼ਿਲ੍ਹਾ ਜੇਹਲਮ ਪਾਕਿਸਤਾਨ) ਅਤੇ ਮੀਰਪੁਰ ਮੰਨਿਆ ਜਾਂਦਾ ਹੈ। ਇਹ ਵੀ ਧਾਰਨਾ ਹੈ ਕਿ ਭੈਦ੍ਰਾਵਤੀ ਛਿੱਬਰਾਂ ਦੀ ਸਟੇਟ ਸੀ। ਛਿੱਬਰਾਂ ਦਾ ਵੱਡਾ ਵਡੇਰਾ ਬਾਬਾ ਗੌਤਮ ਹੋਇਆ, ਜੋ ਬਹਿਲੋਲ ਲੋਧੀ ਦੇ ਜ਼ਮਾਨੇ ਵਿੱਚ ਲੜਦਾ ਰਿਹਾ। ਉਹ ਬਾਬਰ ਨੂੰ ਮਿਲਿਆ ਸੀ। ਉਦੋਂ ਹੀ ਉਹ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਬਣਿਆ ਅਤੇ ਅੱਗੇ ਉਸ ਦਾ ਗੁਰੂ ਘਰ ਨਾਲ ਰਿਸ਼ਤਾ ਲਗਾਤਾਰ ਬਣਿਆ ਰਿਹਾ।
ਇਹ ਵੀ ਧਾਰਨਾ ਹੈ ਕਿ ਕੜਿਆਲ ਨਗਰ ਏਸੇ ਨੇ ਵਸਾਇਆ ਤੇ ਇਕ ਤਗੜਾ ਕਿਲਾ ਵੀ ਤਾਮੀਰ ਕਰਵਾਇਆ। ਇਹ ਜੋ ਬਾਬਾ ਗੌਤਮ ਸੀ ਇਸ ਦੇ ਤਿੰਨ ਬੱਚੇ ਸਨ, ਪੈੜਾ, ਪਰਾਗਾ ਅਤੇ ਸਰਸਤੀ। ਭਾਈ ਚਉਪਾ, ਬਾਲ ਗੁਰੁ ਗੋਬਿੰਦ ਰਾਇ (ਸਿੰਘ) ਜੀ ਦਾ ਖਿਡਾਰਾ ਰਿਹਾ। ਭਾਈ ਚਉਪਾ ਇਸ ਭਾਈ ਪੈੜਾ ਦਾ ਹੀ ਪੱਤਰ ਸੀ।
ਭਾਈ ਪਰਾਗ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਸੈਨਾ ਦਾ ਸਿਰਕੱਢ ਤਾਕਤਵਰ ਯੋਧਾ ਸੀ। ਉਸ ਨੇ ਰਹੇਲੇ ਦੀ ਜੰਗ ਜੋ ਭਗਵਾਨ ਚੰਦ ਘੇਰੜ ਨਾਲ ਹੋਈ ਉਸ ਨੇ ਚੰਦੂ ਦੇ ਪੱਤਰ ਕਰਮ ਚੰਦ ਵਗੈਰਾ ਨਾਲ ਲੜ ਕੇ ਸ਼ਹੀਦੀ ਪਾਈ। ਭਾਈ ਪੈਤਾ ਤੇ ਭਾਈ ਪਰਾਗਾ ਦੀ ਸਰਸਤੀ ਭੈਣ ਸੀ। ਉਹ ਮਟਨ (ਕਸ਼ਮੀਰ) ਦੇ ਪਰੋਹਿਤ ਦੱਤ ਪਰਿਵਾਰ ਵਿਚ ਅੜੂਰਾਮ ਨੂੰ ਵਿਆਹੀ ਸੀ। ਇਹ ਜੋ ਦੱਤ ਪਰਿਵਾਰ ਸੀ ਇਸ ਦੀ ਵੀ ਗੁਰੂ ਘਰ ਨਾਲ ਅਖੀਰ ਤਕ ਗਹਿਰੀ ਨੇੜਤ ਰਹੀ।
ਅੜੂ ਰਾਮ ਦਾ ਪੁੱਤਰ ਕਿਰਪਾ ਰਾਮ (ਕਿਰਪਾ ਦੱਤ) ਉਹੋ ਹੀ ਹੈ ਜੋ ਦੁਖੀ ਕਸ਼ਮੀਰੀ ਬ੍ਰਾਹਮਣਾਂ ਦੇ ਵਫਦ ਨਾਲ ਉਨ੍ਹਾਂ ਦਾ ਮੁਖੀਆ ਬਣ ਕੇ ਨੌਵੇਂ ਪਾਤਸਾਹ ਗੁਰੂ ਤੇਗ ਬਹਾਦਰ ਜੀ ਪਾਸ ਫਰਿਆਦ ਲੈਕੇ ਆਇਆ ਸੀ ਤੇ ਫਿਰ ਗੁਰੂ ਸਾਹਿਬ ਜੀ ਨੇ ਦਿੱਲੀ ਚਾਂਦਨੀ ਚੌਕ ਵਿਖੇ ਆਪਣਾ ਸੀਸ ਦਿੱਤਾ।'
ਇਹ ਭਾਈ ਕਿਰਪਾ ਰਾਮ ਅੱਗੇ ਗੋਬਿੰਦ ਰਾਇ ਜੀ ਨੂੰ ਬਾਲਪਨ ਵਿਚ ਪੜਾਉਂਦਾ ਰਿਹਾ। ਕਿਰਪਾ ਰਾਮ ਦਾ ਇਕ ਹੋਰ ਭਰਾ ਸਨਮੁੱਖ ਸੀ, ਫਿਰ ਜਦ ਦਸਵੇਂ ਪਾਤਸ਼ਾਹ ਦੀ 1704 ਈ. ਨੂੰ ਪਹਾੜੀਆਂ ਤੇ ਮੁਗਲ ਸੈਨਾ ਨਾਲ ਚਮਕੋਰ ਦੀ ਜੰਗ ਹੋਈ ਤਾਂ ਇਹ ਦੋਨੋਂ ਉਸ ਜੰਗ ਵਿਚ ਸ਼ਹੀਦ ਹੋਏ। ਇਸ ਤਰ੍ਹਾਂ ਇਸ ਦੱਤ ਪਰਿਵਾਰ ਦਾ ਗੁਰੂ-ਘਰ ਨਾਲ ਜੁੜਿਆ ਕੁਰਬਾਨੀ ਭਰਿਆ ਇਤਿਹਾਸ ਹੈ।
ਛਿੱਬਰ ਪਰਿਵਾਰ ਦੇ ਭਾਈ ਪਰਾਗਾ ਦੀ ਅਗਲੀ ਪੀੜ੍ਹੀ ਵਿਚ ਉਸ ਦਾ ਪੁੱਤਰ ਦਵਾਰਕਾ ਦਾਸ ਹੋਇਆ ਤੇ ਅੱਗੇ ਉਸ ਦਾ ਪੁੱਤਰ ਦਰਗਹ ਮੱਲ ਹੋਇਆ। ਭਾਈ ਦਵਾਰਕਾ ਦਾਸ ਸੱਤਵੇਂ ਗੁਰੂ ਹਰਿਰਾਇ ਜੀ ਦਾ ਦੀਵਾਨ ਅਤੇ ਭਾਈ ਦਰਗਾਹ ਮੱਲ, ਗੁਰੂ ਹਰਿਕ੍ਰਿਸ਼ਨ ਜੀ ਦਾ ਦੀਵਾਨ ਰਿਹਾ। ਸਿੱਖ ਪੰਥ ਦੇ ਮਹਾਨ ਸ਼ਹੀਦ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਵੀ ਏਸੇ ਛਿੱਬਰ ਘਰਾਣੇ ਵਿਚੋਂ ਸਨ ਜੋ ਨੌਵੇਂ ਪਾਤਸ਼ਾਹ ਦੀ ਸੰਗਤ ਵਿਚ ਰਹੇ ਅਤੇ ਗੁਰੂ ਸਾਹਿਬ ਨਾਲ ਚਾਂਦਨੀ ਚੌਂਕ ਦਿੱਲੀ ਸ਼ਹੀਦ ਹੋਏ।
ਭੱਟ ਵਹੀ ਤਲਾਉਂਦਾ ਪਰਗਣਾ ਜੀਂਦ,ਵਿਚ ਇਨ੍ਹਾਂ ਦਾ ਜ਼ਿਕਰ ਇਸ ਤਰ੍ਹਾਂ ਦਿੱਤਾ ਹੈ:
ਦਿਆਲਦਾਸ ਬੇਟਾ ਮਾਈਦਾਸ ਕਾ ਪੋਤਾ ਬੱਲੂ ਰਾਊ ਕਾ...ਗੁਰੂ ਤੇਗ ਬਹਾਦਰ ਗੈਲੋਂ ਸਾਲ ਸਤਰਾਂ ਸੈ ਬੱਤੀਸ ਮਗਸਰ ਸੁਦੀ ਪੰਚਮੀ ਵੀਰਵਾਰ ਕੇ ਦਿਹੁੰ ਦਿੱਲੀ ਚਾਂਦਨੀ ਚੌਂਕ ਕੇ ਮਲ੍ਹਾਨ, ਸ਼ਾਹੀ ਹੁਕਮ ਗੈਲ ਮਾਰਾ ਗਿਆ। ਸਾਥ ਮਤੀਦਾਸ, ਸਤੀਦਾਸ ਬੇਟੇ ਹੀਰਾਮੱਲ ਕੇ ਪੋਤੇ ਦਵਾਰਕਾ ਦਾਸ ਭਾਰਗਵ ਗੋਤਰੇ ਛਿੱਬਰ ਬ੍ਰਾਹਮਣ ਮਾਰੇ ਗਏ।
ਅੱਗੇ ਜਾ ਕੇ ਭਾਈ ਦਰਗਹ ਮੱਲ ਛਿੱਬਰ ਦਾ ਪੁੱਤਰ ਧਰਮਚੰਦ ਛਿੱਬਰ ਦਸਵੇਂ ਪਾਤਸ਼ਾਹ ਦਾ ਦਰਬਾਰੀ ਦੀਵਾਨ ਰਿਹਾ। ਭਾਈ ਮਤੀਦਾਸ ਦਾ ਪੁੱਤਰ ਭਾਈ ਸਾਹਿਬ ਚੰਦ ਵੀ ਗੁਰੂ ਸਾਹਿਬ ਦਾ ਘਰ-ਬਾਰੀ ਦੀਵਾਨ ਰਿਹਾ। ਅੱਗੇ ਧਰਮ ਚੰਦ ਦਾ ਪੁੱਤਰ ਭਾਈ ਗੁਰਬਖਸ਼ ਸਿੰਘ ਹੋਇਆ। ਉਹ ਮਾਤਾ ਸੁੰਦਰੀ ਜੀ ਦੀ ਆਗਿਆ ਅਨੁਸਾਰ ਭਾਈ ਮਨੀ ਸਿੰਘ ਨਾਲ ਦਰੋਗਾ ਬਣ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ 1727-28 ਈ. ਵਿਚ ਪ੍ਰਬੰਧ ਚਲਾਉਂਦਾ ਰਿਹਾ।
ਇਤਿਹਾਸਕਾਰ ਪਿਆਰਾ ਸਿੰਘ ਪਦਮ ਅੱਗੇ ਲਿਖਦੇ ਹਨ ਕਿ ਭਾਈ ਕੇਸਰ ਸਿੰਘ ਛਿੱਬਰ ਜੋ ਭਾਈ ਗੁਰਬਖਸ਼ ਸਿੰਘ ਦਾ ਪੁੱਤਰ ਸੀ, ਉਸ ਨੇ ਹੋਰ ਰਚਨਾਵਾਂ ਤੋਂ ਇਲਾਵਾ ਪ੍ਰਸਿੱਧ ਇਤਿਹਾਸਕ ਗ੍ਰੰਥ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ" 1769 ਈ: ਵਿਚ ਲਿਖ ਕੇ ਸੰਪੂਰਨ ਕੀਤਾ। ਇਹ ਜ਼ਿਆਦਾਤਰ ਜੰਮੂ,ਗੁਜਰਾਤ ਅਤੇ ਕੜਿਆਲੇ ਰਿਹਾ। ਗਣੇਸ਼ ਦਾਸ ਵਡੇਸਰਾ ਆਪਣੀ ਫ਼ਾਰਸੀ ਦੀ ਕਿਤਾਬ 'ਚਾਰ ਬਾਗ ਪੰਜਾਬ' ਵਿਚ ਇਸ ਗੱਲ ਦੀ ਪੁਸ਼ਟੀ ਕਰਦਾ ਲਿਖਦਾ ਹੈ:-ਗੁਜਰਾਤ ਵਿਚ ਦੋ ਧਰਮਸ਼ਾਲਾਵਾਂ ਬਹੁਤ ਪ੍ਰਸਿੱਧ ਹਨ-ਇਕ ਭਾਈ ਕੰਧਾਰੀ ਦੀ ਅਤੇ ਦੂਜੀ ਭਾਈ ਕੇਸਰ ਸਿੰਘ ਛਿੱਬਰ ਦੀ। ਅੱਗੇ ਇਸ ਕੇਸਰ ਸਿੰਘ ਦਾ ਪੁੱਤਰ ਸੇਵਾ ਸਿੰਘ ਤੇ ਪੋਤਰਾ ਮਿਹਰ ਸਿੰਘ ਹੋਇਆ।
ਬੰਸਾਵਲੀ ਬਿਊਰੇ ਤੋਂ ਪਤਾ ਚੱਲਦਾ ਹੈ ਕਿ ਛਿੱਬਰ ਘਰਾਣੇ ਦਾ ਗੁਰੂਘਰ ਨਾਲ ਲੰਮੇਰਾ ਤੇ ਗਹਿਰਾ ਸੰਬੰਧ ਰਿਹਾ। ਇਸ ਘਰਾਣੇ ਦੀ ਗੌਰਵਮਈ ਗੱਲ ਇਹ ਹੈ ਕਿ ਇਨ੍ਹਾਂ ਵਿਚ ਲਿਖਣ ਪੜ੍ਹਨ ਵਾਲੇ ਵਿਦਵਾਨ ਕਵੀ ਬਹੁਤ ਹੋਏ ਜਿਨ੍ਹਾਂ ਗੁਰੂਘਰ ਦੀ ਬਹੁਤ ਸੇਵਾ ਕੀਤੀ। ਛਿੱਬਰ ਘਰਾਣੇ ਦੀ ਕਲਮੀ ਸੇਵਾ ਵੱਖ ਵੱਖ ਲਿਖਤਾਂ ਵਿਚ ਖਿੱਲਰੀ ਪਈ ਹੈ। ਕੁਝ ਲਿਖਤਾਂ ਸਿੱਖ ਰੈਫਰੈਂਸ ਲਾਇਬਰੇਰੀ ਸ੍ਰੀ ਅੰਮ੍ਰਿਤਸਰ ਵਿਚ ਅਤੇ ਕੁਝ ਸੈਂਟਰਲ ਲਾਇਬਰੇਰੀ ਪਟਿਆਲਾ ਅਤੇ ਭਾਸ਼ਾ ਵਿਭਾਗ ਲਾਇਬਰੇਰੀ ਵਿਚ ਪਈ ਹੈ:
ਭਾਈ ਕੇਸਰ ਸਿੰਘ ਛਿੱਬਰ ਰਚਨਾਵਲੀ ਇਸ ਤਰ੍ਹਾਂ ਹੈ;
1. ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ (1769 ਈ:)
2. ਗੁਰ ਪ੍ਰਣਾਲੀ
3. ਸ਼ੋਭਾ ਸ੍ਰੀ ਅੰਮ੍ਰਿਤਸਰ ਜੀ ਕੀ
4. ਕਲਿ ਪ੍ਰਧਾਨੀ (ਕਲਿਯੁਗ ਦਾ ਮੰਦਾ ਹਾਲ ਅੰਕਿਤ ਹੈ)
5. ਬਾਰਾਮਾਂਹ ਨਾਜ਼ਕ
6. ਬਾਰਾਂਮਾਹ ਕੇਸਰ ਸਿੰਘ
7. ਬਾਰਾਮਾਂਹ ਮਾਤਾ ਸੀਤਾ ਦਾ
8. ਬਾਰਾਮਾਂਹ ਰਾਧੇ ਕ੍ਰਿਸ਼ਣ (ਪੈਂਤੀਸ ਅੱਖਰੀ)
9. ਸੀਹਰਫੀ ਹੀਰ
10. ਸਤਵਾਰਾ
11. ਥਿਤੀ
12. ਕੇਸਰੀ ਚਰਖਾ,
ਕੇਸਰ ਸਿੰਘ ਦਾ ਭਰਾ, ਭਾਈ ਸੰਤ ਸਿੰਘ ਛਿੱਬਰ ਸੀ, ਜਿਸ ਨੇ 'ਜਨਮਸਾਖੀ ਗੁਰੂ ਨਾਨਕ ਸ਼ਾਹ ਜੀ ਕੀ' 1770 ਈ: ਵਿਚ ਛੰਦ-ਬੱਧ ਕੀਤੀ।
ਭਾਈ ਕੇਸਰ ਸਿੰਘ ਛਿੱਬਰ ਵੱਲੋਂ 18ਵੀਂ ਸਦੀ ਵਿਚ ਰਚੀਆਂ ਰਚਨਾਵਾਂ ਵਿਚੋਂ ‘ਬੰਸਾਵਲੀਨਾਮਾ ਦਸਾਂ ਗੁਰੂਆਂ ਕਾ’ ਇਤਿਹਾਸਕ ਪੱਖ ਤੋਂ ਸ਼੍ਰੋਮਣੀ ਸਿੱਖ ਸਰੋਤ ਹੈ।
ਭਾਈ ਕੇਸਰ ਸਿੰਘ ਛਿੱਬਰ ਦਾ ਘਰਾਣਾ ਲਗਪਗ 100 ਸਾਲ ਤੋਂ ਗੁਰੂ ਘਰ ਨਾਲ ਜੁੜਿਆ ਰਿਹਾ। ਭਾਈ ਕੇਸਰ ਸਿੰਘ ਭਾਰਤ ਦੇ ਪੁਰਾਣਕ ਇਤਿਹਾਸ ਦਾ ਗਿਆਤਾ ਸੀ। ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਦਸਮਗਰੰਥ ਦਾ ਖੂਬ ਅਧਿਐਨ ਸੀ, ਲੋੜ ਅਨੁਸਾਰ ਬਹੁਤ ਥਾਵਾਂ 'ਤੇ ਉਨਾਂ ਢੁਕਵੇਂ ਪ੍ਰਮਾਣ ਦਿੱਤੇ।
ਉਸ ਦਸਵੇਂ ਪਾਤਸ਼ਾਹ ਦੇ ਜੀਵਨ ਦੀਆਂ ਘਟਨਾਵਾਂ ਦਾ ਬਿਉਰਾ ਤਿੱਥ, ਸੰਮਤ ਸਮੇਤ ਅੰਕਤ ਕੀਤਾ। ਭਾਈ ਕੇਸਰ ਸਿੰਘ ਨੇ ਬੰਸਾਵਲੀਨਾਮਾ ਵਿਚ ਕਰੀਬਨ 150 ਸੰਮਤ ਦਰਜ ਕੀਤੇ ਹਨ ਜੋ ਹੋਰ ਕਿਸੇ ਗ੍ਰੰਥਕਾਰ ਨੇ ਨਹੀਂ ਲੱਭੇ। ਉਨ੍ਹਾਂ, ਗੁਰੂ ਘਰ ਦੇ ਮੋਹਰੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੀਆਂ ਵਹੀਆਂ, ਜਨਮ ਪੱਤਰੀਆਂ ਦੀ ਬਰੀਕੀ ਨਾਲ ਛਾਣਬੀਨ ਕੀਤੀ ਤੇ ਇਹ ਸਾਰਾ ਖਾਕਾ ਤਿਆਰ ਕੀਤਾ। ਇਸ ਰਚਨਾ ਦੀ ਖਾਸੀਅਤ ਇਹ ਰਹੀ ਕਿ ਇਸ ਵਿਚ ਬਹੁਤੇ ਸੰਮਤ ਪ੍ਰਮਾਣਿਕ ਪਰਵਾਨ ਹੋਏ। ਬੰਸਾਵਲੀਨਾਮਾ ਵਿਚ ਭਾਈ ਕੇਸਰ ਸਿੰਘ ਛਿੱਬਰ ਨੇ ਦਸ ਗੁਰੂ ਸਹਿਬਾਨ ਦੇ ਜੀਵਨ ਬਿਉਰੇ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦੁਰ, ਜੀਤ ਸਿੰਘ ਮੁਤਬੰਨਾ, ਮਾਤਾ ਸਹਿਬ ਕੌਰ ਅਤੇ ਪੰਥ ਦੇ ਸਮਾਚਾਰ ਆਦਿ ਦਾ ਕਾਵਿ (ਛੰਦ) ਰੂਪ ਵਿਚ ਅੰਕਤ ਕੀਤਾ।
ਭਾਈ ਕੇਸਰ ਸਿੰਘ ਛਿੱਬਰ 1801 ਬਿਕਰਮੀ (1744 ਈ:) ਨੂੰ ਆਪਣੇ ਸੰਗੀਆਂ ਸਮੇਤ ਹਰਿਦੁਆਰ ਗੰਗਾ ’ਤੇ ਗਿਆ ਸੀ। ਉਥੇ ਉਨ੍ਹਾਂ ਨੇ ਜ਼ੁਬਾਨੀ ਆਪਣਾ ਕੁਰਸੀਨਾਮਾ ਲਿਖਵਾਇਆ। ਜੋ ਪੰਡਤ ਗੋਬਿੰਦ ਰਾਮ ਦੀ ਪੰਡਾ ਵਹੀ 'ਤੇ ਹੇਠ ਅਨੁਸਾਰ ਦਰਜ ਹੈ:
“ਬਾਵਾ ਗੌਤਮ ਰਾਮਦਾਸ, ਬਾਵਾ ਪੈੜਾ, ਬਾਵਾ ਪ੍ਰਾਗਦਾਸ-ਬੇਟੇ ਗੌਤਮ ਕੇ ; ਬਾਵਾ ਛੁੱਟੇ ਮੱਲ, ਭਾਈ ਚਉਪਤਿ, ਬਾਵਾ ਕਬੂਲਾ- ਬੇਟੇ ਬਾਵਾ ਪੈੜੇ ਕੇ। ਬਾਵਾ ਗਵਾਲ ਦਾਸ ਬੇਟਾ ਬਾਵਾ ਛੁੱਟੇ ਮੱਲ ਕਾ। ਬਾਵਾ ਦਵਾਰਕਾ ਦਾਸ ਬੇਟਾ ਬਾਵਾ ਪ੍ਰਾਗਦਾਸ ਕਾ। ਬਾਵਾ ਦਰਗਹ ਮੱਲ ਰਾਮਦਾਸ, ਬਾਵਾ ਹੀਰਾ ਮੱਲ-ਬੇਟੇ ਬਾਵਾ ਦਵਾਰਕਾ ਦਾਸ ਕੇ। ਦੀਵਾਨ ਧਰਮ ਸਿੰਘ-ਬੇਟਾ ਬਾਵਾ ਦਰਗਹ ਮੱਲ ਕਾ। ਦੀਵਾਨ ਮਤੀ ਦਾਸ, ਦੀਵਾਨ ਸਤੀ ਦਾਸ, ਜਤੀ ਦਾਸ-ਬੇਟੇ ਬਾਵਾ ਹੀਰਾ ਮੱਲ ਕੇ। ਦਰੋਗਾ ਗੁਰਬਖਸ਼ ਸਿੰਘ-ਬੇਟਾ ਦੀਵਾਨ ਧਰਮ ਸਿੰਘ ਕਾ। ਦੀਵਾਨ ਸਾਹਿਬ ਸਿੰਘ, ਮੁਕੰਦ ਸਿੰਘ-ਬੇਟੇ ਦੀਵਾਨ ਮਤੀ ਦਾਸ ਕੇ। ਭਾਈ ਕੇਸਰ ਸਿੰਘ, ਸੰਤ ਸਿੰਘ,-ਬੇਟੇ ਭਾਈ ਗੁਰਬਖਸ਼ ਸਿੰਘ ਕੇ। ਬਾਵਾ ਚਰਨ ਸਿੰਘ-ਬੇਟਾ ਸਾਹਿਬ ਸਿੰਘ ਕਾ।
"ਕੇਸਰ ਸਿੰਘ ਗੰਗਾ ਜੀ ਆਇਆ, ਸੰਮਤ ੧੮੦੧ ਮੇਂ, ਸੁਖ ਕੇ ਇਸ਼ਨਾਨ, ਸਾਥ ਬਾਵਾ ਚਰਨ ਸਿੰਘ ਆਇਆ।"
(ਪੰਡਾ ਵਹੀ, ਪੰਡਿਤ ਗੋਬਿੰਦ ਰਾਮ, ਛਿੱਬਰ ਬ੍ਰਾਹਮਣ, ਅਹਾਤਾ ਜ਼ੰਦਾਲ, ਹਰਿਦੁਆਰ)
ਇਸ ਕੁਰਸੀਨਾਮੇ ਤੋਂ ਪਤਾ ਲੱਗਦਾ ਹੈ ਕਿ ਛਿੱਬਰ ਘਰਾਣੇ ਦਾ ਗੁਰੂਘਰ ਨਾਲ ਡੂੰਘਾ ਸੰਬੰਧ ਰਿਹਾ।
ਸਿੱਖ ਇਤਿਹਾਸਕ ਸਰੋਤਾਂ ਤੋਂ ਉਪਲੱਭਧ 9 ਦੇ ਕਰੀਬ ਛਿੱਬਰ ਬ੍ਰਾਹਮਣਾਂ ਨੇ ਗੁਰੂ ਸਹਿਬਾਨ ਦੀਆਂ ਪਹਾੜੀਆਂ ਤੇ ਮੁਗਲਾਂ ਨਾਲ ਹੋਈਆਂ ਜੰਗਾਂ ਵਿਚ ਅਤੇ ਹੋਰ ਘਟਨਾਵਾਂ ਵਿਚ ਸ਼ਹੀਦੀਆਂ ਪਾਈਆਂ। ਇਨ੍ਹਾਂ ਨੌਂ ਸ਼ਹੀਦਾਂ ਭਾਈ ਪਰਾਗਾ, ਭਾਈ ਪੈੜਾ, ਭਾਈ ਸਤੀ ਦਾਸ,ਭਾਈ ਮਤੀ ਦਾਸ, ਭਾਈ ਸਾਹਿਬ ਸਿੰਘ, ਭਾਈ ਮੁਕੰਦ ਸਿੰਘ, ਭਾਈ ਮੁਕੰਦ ਸਿੰਘ (ਦੂਜਾ) ਭਾਈ ਰਾਇ ਸਿੰਘ ਹਜ਼ੂਰੀ ਅਤੇ ਭਾਈ ਚਉਪਾ ਸਿੰਘ ਸਭ ਦਾ ਤਫ਼ਸੀਲੀ ਵਿਸਥਾਰ ਅਗਲੇ ਵਿਅਕਤੀਗਤ ਅਧਿਆਇਆਂ ਵਿਚ ਦਿੱਤਾ ਗਿਆ ਹੈ।
(ਗੁਰੂ ਘਰ ਦੇ ਬ੍ਰਾਹਮਣ ਸਿੱਖ ਸ਼ਹੀਦ ਵਿੱਚੋਂ)