108 ਅੰਕ: ਡਿਗਰੀ, ਤਖੱਲਸ ਜਾਂ ਪਦਵੀ?
108: Any degree, nickname or position?
ਪੁਰਾਤਨ ਸਮੇਂ ਤੋਂ ਸੰਤਾਂ-ਮਹਾਪੁਰਖਾਂ ਦੇ ਨਾਮ ਨਾਲ 108 ਸ੍ਰੀਮਾਨ ਸੰਤ ਫਲਾਣਾ ਸਿੰਘ ਜੀ ਆਦਿ ਲਿਖਣ ਦਾ ਰਿਵਾਜ਼ ਚੱਲ ਰਿਹਾ ਹੈ। ਇਹ ਕੰਮ ਅੱਜ-ਕਲ ਆਮ ਹੀ ਤੁਸੀਂ ਸੰਤ-ਮਹੰਤਾਂ ਦੇ ਨਾਮ ਨਾਲ ਲਿਖਿਆ ਪੜ੍ਹਦੇ ਹੋ। ਮਨ ਵਿਚ ਜਗਿਆਸਾ ਪੈਦਾ ਹੁੰਦੀ ਹੈ, ਕਿ 108 ਕੋਈ ਡਿਗਰੀ ਹੈ? ਜਾਂ ਕੋਈ ਤਖੱਲਸ ਹੈ? ਜਾਂ ਕੋਈ ਮਰਤਬਾ, ਪਦਵੀ ਹੈ। ਹਰ ਬੰਦਾ ਸੋਚਦਾ ਹੈ ਤੇ ਬਹੁਤ ਵਾਰ ਇਹ ਪ੍ਰਸ਼ਨ ਦੇ ਰੂਪ ਵਿਚ ਸਾਮਣੇ ਆਇਆ ਹੈ। ਪਾਠਕਾਂ ਦੀ ਜਾਣਕਾਰੀ ਲਈ ਇਹ ਪ੍ਰਸ਼ਨ ਤੇ ਲੇਖ ਲਿਖਣ ਜਾ ਰਿਹਾ ਹਾਂ। ਇਹ ਕੋਈ ਡਿਗਰੀ ਨਹੀਂ ਹੈ ਤੇ ਨਾਹੀ ਹੀ ਕੋਈ ਤਖੱਲਸ ਜਾਂ ਮਰਤਬਾ ਪਦਵੀ
ਹਿੰਦੂ ਮਤ-ਸਿੱਖ ਮੱਤ ਅਤੇ ਮੁਸਲਮਾਨ ਮੱਤ ਵਿਚ ਜਿਹੜੇ ਲੋਕ ਪ੍ਰਮੇਸ਼ਵਰ ਦੀ ਬੰਦਗੀ ਕਰਦੇ ਹਨ, ਉਹ ਆਮ ਕਰਕੇ ਮਾਲਾ-ਤਸਬੀ ਦੀ ਵਰਤੋਂ ਕਰਦੇ ਹਨ। ਭਗਤੀ ਕਰਨ ਵਾਲਿਆਂ ਦਾ ਮਾਲਾ ਇਕ ਸਾਧਨ ਹੈ। ਹਿੰਦੂ ਮਤ ਵਿਚ ਮਾਲਾ ਦੇ ਮਣਕੇ 108 ਰੱਖੇ ਗਏ ਹਨ। ਇਸਲਾਮ ਅਨੁਸਾਰ ਤਸਵੀ ਦੇ ਮਣਕੇ 101 ਰੱਖੇ ਗਏ ਹਨ। ਹਿੰਦੂ ਮਤ ਅਨੁਸਾਰ ਮਾਲਾ ਦੇ ਮਣਕੇ 108 ਰੱਖਣ ਦੇ ਕੁਝ ਸਿਧਾਂਤ ਹਨ। ਨਛੱਤਰਾਂ ਤੇ ਜੋਤਿਸ਼ ਦੇ ਅਨੁਸਾਰ ਹੀ ਮਾਲਾ ਦੇ ਮਣਕੇ 108 ਰੱਖੇ ਗਏ ਹਨ।
ਮਾਲਾ ਸੱਜੇ ਹੱਥ ਦੀਆਂ ਉਂਗਲੀਆਂ ਦੇ 12 ਪਰਵਾਂ ਵਿਚੋਂ ਅਨਾਮਿਕਾ ਦੇ ਮੱਧ ਪਰਵ ਤੋਂ ਆਰੰਭ ਕਰਕੇ ਦਖਣਾ ਵਰਤ ਰੀਤੀ ਨਾਲ ਘੁੰਮਦੇ ਹੋਏ ਇਸ ਪਰਵ ਉੱਪਰ ਹੀ ਖਤਮ ਹੋ ਜਾਂਦੀ ਹੈ। ਇਸ ਗਿਣਤੀ ਵਿਚ ਵਿਚਲੀ ਵੱਡੀ ਉਂਗਲੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ।
ਡਾਕਟਰੀ ਨਿਯਮਾਂ ਅਨੁਸਾਰ ਵੀ, ਇਹ ਵੱਡੀ ਉਂਗਲੀ ਦਾ ਸੰਬੰਧ ਦਿਲ ਅਤੇ ਦਿਮਾਗ ਨਾਲ ਹੁੰਦਾ ਹੈ। ਜਦੋਂ ਦੋਵਾਂ ਹੱਥਾਂ ਦੀਆਂ ਦੋਵਾਂ ਉਂਗਲਾਂ-ਅੰਗੂਠਿਆਂ ਨਾਲ ਵਾਰੀ ਵਾਰੀ ਦੱਬੋਗੇ, ਛੱਡੋਗੇ ਤਾਂ ਦਿਲ ਅਤੇ ਦਿਮਾਗ ਵਿਚ ਹਰਕਤ ਹੋਵੇਗੀ। ਇਸੇ ਲਈ ਮਾਲਾ ਫੇਰਦੇ ਸਮੇਂ ਅਤੇ ਮਾਲਾ ਦੇ ਅਭਾਵ ਤੇ ਇਸ ਵੱਡੀ ਉਂਗਲੀ ਅਤੇ ਅੰਗੂਠੇ ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਮਾਲਾ ਦੇ 108 ਮਣਕੇ ਹੀ ਹੁੰਦੇ ਹਨ। ਸਾਰਿਆਂ ਤੋਂ ਉੱਪਰ, ਇਕ ਸਾਂਝਾ ਮਣਕਾ, ਜਿਸਨੂੰ ਸੁਮੇਰੂ ਕਿਹਾ ਜਾਂਦਾ ਹੈ।
108 ਮਣਕਿਆਂ ਦਾ ਪਹਿਲਾ ਕਾਰਨ ਇਹ ਹੈ, ਕਿ ਅੰਡ ਪਿੰਡ ਸਿਧਾਂਤ ਮੁਤਾਬਕ ਬ੍ਰਹਿਮੰਡ ਕੁਦਰਤ ਦੇ ਕੰਟਰੋਲ ਨਾਲ ਲਗਾਤਾਰ ਚਾਰੋਂ ਦਿਸ਼ਾਵਾਂ ਵਿਚ ਘੁੰਮਦੀ ਹੋਈ ਨਛੱਤਰ ਮਾਲਾ ਨੂੰ ਦੇਖ ਕੇ ਭਾਰਤ ਦੇ ਰਿਸ਼ੀਆਂ-ਮੁਨੀਆਂ ਨੇ ਨਛੱਤਰਾਂ ਦੀ ਗਿਣਤੀ 27 ਰੱਖੀ ਹੈ, ਜਿਨ੍ਹਾਂ ਦਾ ਚੱਕਰ ਚਾਰੇ ਦਿਸ਼ਾਵਾਂ ਵਿਚ ਲੱਗਦਾ ਹੈ। ਇਸ ਲਈ 274=108 ਸੰਖਿਆ ਵਾਲੇ ਮਣਕਿਆਂ ਦੀ ਮਾਲਾ ਬਣਾਈ ਹੈ।
ਹਰ ਨਛੱਤਰ ਦੇ ਚਾਰ ਪੜਾਅ ਹੁੰਦੇ ਹਨ। ਜਿਵੇਂ ਚੂ, ਚੇ, ਚੋ, ਲਾ, ਅਸ਼ਵੀ ਆਦਿ। ਸਾਰੇ ਸ਼ਾਕਸਰ ਜਾਣਦੇ ਹਨ। ਇਸ ਲਈ ਸਾਰੇ ਹੀ 27 ਨਛੱਤਰਾਂ ਦੇ ਪੜਾਅ ਮਿਲਾ ਕੇ ਵੀ 108 ਹੀ ਬਣਦੇ ਹਨ। ਮਾਲਾ ਦੇ 108 ਮਣਕੇ ਨਛੱਤਰਾਂ ਦੀ ਗਿਣਤੀ ਦੇ ਆਧਾਰ ਤੇ ਹੀ ਰੱਖੇ ਗਏ ਹਨ। ਮਾਲਾ ਦੇ ਦੋਵੇਂ ਹਿੱਸੇ ਜਿੱਥੇ ਜੁੜਦੇ ਹਨ, ਉਸਦੇ ਉੱਪਰ ਵਾਲੇ ਮਣਕੇ ਦਾ ਨਾਮ ਸੁਮੇਰੂ ਹੈ। ਸਾਰੇ ਬ੍ਰਹਿਮੰਡ ਦੀ ਨਛੱਤਰ ਮਾਲਾ ਦੇ ਵੀ ਦੋਵਾਂ ਕਿਨਾਰਿਆਂ ਦੀ ਜੋੜਨ ਵਾਲੀ ਜਗ੍ਹਾ ਨੂੰ ਸੁਮੇਰ ਪਰਬਤ ਦਾ ਨਾਂ ਹੀ ਪੁਰਾਣਾਂ ਵਿਚ ਲਿਖਿਆ ਹੈ। ਜਿਵੇਂ ਕੋਹਲੂ ਦਾ ਇਕ ਸਿਰਾ ਇਕ ਜਗ੍ਹਾ ਟਿਕਿਆ ਰਹਿੰਦਾ ਹੈ ਤੇ ਦੂਜਾ ਚਾਰ-ਚੁਫੇਰੇ ਘੁੰਮਦਾ ਹੈ। ਇਸੇ ਤਰ੍ਹਾਂ ਹੀ ਨਛੱਤਰ ਮਾਲਾ ਦਾ ਇਕ ਸਿਰਾ ਧਰੂਵ ਦੋ ਪਾਸੇ ਸੁਮੇਰੂ ਨਾਮਕ ਕਿਲ ਤੇ ਸਥਿਰ ਰਹਿੰਦਾ ਹੈ ਤੇ ਦੂਜਾ ਪਾਸਾ ਚਾਰ-ਚੁਫੈਰੇ ਘੁੰਮਦਾ ਹੈ। ਧਰੂਵ ਤਾਰੇ ਦੇ ਸਥਿਰ ਰਹਿਣ ਅਤੇ ਸਪਤ ਰਿਸ਼ੀ ਮੰਡਲ ਦੇ 7 ਤਾਰਿਆਂ ਦੀ ਪਰਿਕਰਮਾ ਕਰਨੀ ਵੀ ਉੱਪਰ ਲਿਖੇ ਵਿਚਾਰ ਦੀ ਪੁਸ਼ਟੀ ਹੁੰਦੀ ਹੈ। ਮਾਲਾ ਅਤੇ ਨਛੱਤਰ ਮਾਲਾ ਦੋਹਾਂ ਦੀ ਸਮਤਾ ਸੰਧੀ ਸਥਾਨ ਨੂੰ ਸੁਮੇਰੂ ਕਹਿਣ ਕਰਕੇ ਦੋਹਾਂ ਦੀ ਸੰਧੀ ਸਹਿਜ ਹੀ ਸਿੱਧ ਹੁੰਦੀ ਹੈ।
ਮਾਲਾ ਦੇ 108 ਮਣਕਿਆਂ ਦਾ ਤੀਜਾ ਕਾਰਨ ਇਹ ਵੀ ਹੈ, ਕਿ ਦਿਨ-ਰਾਤ ਵਿਚ ਮਨੁੱਖ ਸੁਭਾਵਿਕ ਤੌਰ ਤੇ 21600 ਸੁਆਸ ਸ਼ਾਸਤਰਾਂ ਅਨੁਸਾਰ ਲੈਂਦਾ ਹੈ। ਜੇਕਰ ਇਨ੍ਹਾਂ ਦੀ ਵੰਡ ਕਰੀਏ ਤਾਂ ਅੱਧਾ ਸਮਾਂ ਸੌਣ ਰੱਖਿਆ ਜਾਵੇ ਤਾਂ 10800 ਸੁਆਸ ਬਾਕੀ ਬਚੇ। ਇਹ ਪਰਮਾਰਥ ਸਾਧਨਾਂ ਲਈ ਮੰਨੇ ਜਾਣ ਤਾਂ ਮਨੁੱਖ ਨੂੰ ਹਰ ਰੋਜ਼ ਇਕ ਮਾਲਾ ਦਾ ਜਾਪ ਜਰੂਰ ਕਰਨਾ ਚਾਹੀਦਾ ਹੈ। ਵਿਧੀਵਤ ਕੀਤਾ ਹੋਇਆ। ਜਾਪ 108 ਗੁਣਾ ਵੱਧਦਾ ਹੈ ਇਸ ਲਈ ਇਕ ਮਾਲਾ ਫੇਰਨ ਨਾਲ 108 ਵਾਰ ਪ੍ਰਮੇਸ਼ਵਰ ਦਾ ਨਾਮ ਜਪਿਆ ਤਾਂ ਇਸਦੀ ਗਿਣਤੀ ਵੀ ਇੰਨੀ ਹੀ ਹੋਵੇਗੀ। ਜਿਵੇਂ 108100=10800 ਆਦਮੀ ਦੇ ਅੱਧੇ ਸੁਆਸਾਂ ਬਰਾਬਰ ਹੋ ਜਾਂਦਾ ਹੈ। ਮਨੁੱਖੀ ਸੁਆਸਾਂ ਨੂੰ ਸਾਰਥਕ ਕਰਨ ਲਈ 100 ਮਾਲਾ ਦੇ ਮਣਕੇ ਦੀ ਗਿਣਤੀ ਠੀਕ ਹੈ।
ਸ਼ਤਿਪਥ ਬ੍ਰਾਹਮਣ ਗ੍ਰੰਥ ਦੇ ਦਸਵੇਂ ਕਾਂਡ ਵਿਚ ਲਿਖਿਆ ਹੈ, ਕਿ ਸੰਬਤਸਰ ਦੇ 10800 ਮਹੂਰਤ ਹੁੰਦੇ ਹਨ ਅਤੇ ਇੰਨੇ ਹੀ ਬੇਦ ਤ੍ਰਈ ਦੇ ਪੰਗਿਤੀ ਜੁਰਮ ਹੁੰਦੇ ਹਨ। ਮਨੁੱਖ ਦੀ ਉਮਰ 100 ਸਾਲ ਮੰਨੀ ਗਈ ਹੈ। ਜੇਕਰ 10800 ਨੂੰ 100 ਤੇ ਵੰਡੀਏ ਤਾਂ ਵੀ 10800/100=108 ਹੀ ਆਵੇਗਾ।
ਗੀਤਾ ਵਿਚ ਭਗਵਾਨ ਕ੍ਰਿਸ਼ਨ ਨੇ ਕਿਹਾ ਹੈ ਕਿ -ਮਏ ਸਰਵਮਿਦੰ ਪ੍ਰੋਤੰ ਸੂਤਰੇ ਸਣਿਗਣਾ ਇਵ॥
ਮਤਲਬ ਹੈ ਕਿ ਇਹ ਸਾਰਾ ਸੰਸਾਰ ਇਕ ਸੂਤਰ ਵਿਚ ਪਰੋਏ ਹੋਏ ਮਣਕਿਆਂ ਦੀ ਤਰ੍ਹਾਂ ਮੇਰੇ ਵਿਚ ਵਿਦਮਾਨ ਹੈ। ਅਸਲ ਵਿਚ ਇਹ ਸਾਰਾ ਸੰਸਾਰ ਬ੍ਰਹਮ ਤੋਂ ਪੈਦਾ ਹੋਇਆ ਹੈ ਅਤੇ ਇਸ ਵਿਚ ਹੀ ਲੈਅ ਹੋ ਜਾਵੇਗਾ। ਧਰਤੀ, ਪਾਣੀ, ਅਗਨੀ, ਹਵਾ, ਆਕਾਸ਼, ਹੰਕਾਰ, ਮਹਿਤ ਅਤੇ ਅਵਿਕਤ ਇਸ ਅੱਠ ਤਰ੍ਹਾਂ ਦੀ ਪਰਾ-ਪ੍ਰਕਿਰਤੀ ਜਿਸ ਤੋਂ ਇਹ ਸਾਰਾ ਸੰਸਾਰ ਪੈਦਾ ਹੁੰਦਾ ਹੈ । ਇਸ ਤੋਂ ਬਿਨਾਂ ਇਕ ਅਪਗ ਨਾਮ ਦੀ ਪ੍ਰਕਿਰਤੀ ਹੈ, ਜਿਹੜੀ ਜੀਵ ਰੂਪ ਧਾਰਨ ਕਰਕੇ ਸੰਸਾਰ ਨੂੰ ਧਾਰਨ ਕਰਦੀ ਹੈ। ਇਸ ਅੱਠ ਤਰ੍ਹਾਂ ਦੀ ਪ੍ਰਕਿਰਤੀ ਵਿਚ ਵਰਨਣ ਕੀਤੇ ਸਾਰੇ ਪਦਾਰਥ ਵੱਖ-ਵੱਖ ਗੁਣਾਂ ਵਾਲੇਹਨ। ਸ੍ਰਿਸ਼ਟੀ ਦਾ ਮੂਲ ਬ੍ਰਹਮ ਹੈ, ਜਿਹੜਾ ਨਿਰਗੁਣ ਹੈ, ਸਤਿ ਹੈ, ਚੇਤਨ ਸਰੂਪ ਤੇ ਅਨੰਦ ਸਰੂਪ ਹੈ। ਇਸ ਦੇ ਉਤਪੰਨ ਵਿਚ ਇਸ ਗੁਣ ਤੋਂ ਬਿਨਾਂ ਅਵਰਣ ਸ਼ਕਤੀ ਪ੍ਰਧਾਨ ਹੈ, ਜਿਸ ਲਈ ਇਹ 2 ਗੁਣਾਂ ਵਾਲੀ ਹੋ ਗਈ ਮਹੱਤ ਇਸ ਤੋਂ ਅੱਗੇ ਹੈ, ਜਿਸ ਵਿਚ 2 ਗੁਣਾਂ ਤੋਂ ਬਿਨਾਂ ਵਿਸ਼ੇਸ਼ ਸ਼ਕਤੀ ਵੀ ਸ਼ਾਮਲ ਹੈ। ਇਸ ਤਰ੍ਹਾਂ ਤ੍ਰਿਗੁਣਾਤਮਕ ਹੈ ਗਿਆ। ਹੰਕਾਰ ਚੌਥਾ ਵਿਕਾਰ ਹੈ। ਇਸ ਤਰ੍ਹਾਂ ਸਾਰੇ ਮਿਲਾ ਕੇ ਚਾਰ ਗੁਣਾਂ ਵਾਲਾ ਹੋ ਗਿਆ। ਬਾਕੀ ਸਾਰੇ ਆਕਾਸ਼ ਆਦਿ ਸਾਰੇ ਪਦਾਰਥ ਆਪਣੇ-ਆਪਣੇ ਇਕ ਵਿਸ਼ੇਸ਼ ਗੁਣ ਦੇ ਬਾਕੀ ਗੁਣ ਵੀ ਸ਼ਾਮਿਲ ਹੁੰਦੇ ਹਨ। ਇਸ ਤਰ੍ਹਾਂ ਇਨ੍ਹਾਂ ਵਿਚ ਜਿਹੜਾ ਵਿਕਾਰ ਜਿਨ੍ਹਾਂ ਨੂੰ ਧਾਰਨ ਕਰਦਾ ਹੈ, ਉਹ ਓਨੇ ਹੀ ਗੁਣਾ ਵਾਲਾ ਕਹਾਉਂਦਾ ਹੈ। ਅੱਠ ਤਰ੍ਹਾਂ ਦੇ ਪ੍ਰਕਿਰਤੀ ਦੇ ਕ੍ਰਮਵਾਰ ਗੁਣ ਜੋੜੇ ਜਾਣ ਤਾਂ ਅਵਿਕਤ=2, ਮਹਤ=3, ਹੰਕਾਰ=4, ਆਕਾਸ਼=5, ਹਵਾ=6, ਅਗਨੀ=7, ਜਲ=8, ਧਰਤੀ=9 ਗੁਣ। ਨੌਂ ਗੁਣਾਂ ਵਾਲੇ ਜਗਤ ਨੂੰ ਧਾਰਨ ਕਰਨ ਵਾਲੀ ਅਪਰਾ ਪ੍ਰਕਿਰਤੀ 10=54 ਇਹ ਤਾਂ ਹੋਈ ਸ੍ਰਿਸ਼ਟੀ ਪ੍ਰਕਿਰਿਆ ਇਸੇ ਕ੍ਰਮ ਨਾਲ ਸ੍ਰਿਸ਼ਟੀ ਦੀ ਪ੍ਰਲਯ ਵੀ ਸਮਝਣੀ ਚਾਹੀਦੀ ਹੈ। ਸੁਮੇਰੂ ਰੂਪ ਬ੍ਰਹਮ ਤੋਂ ਸ਼ੁਰੂ ਕਰਕੇ 54 ਉਪਾਦਾਨ ਕਾਰਨਾਂ ਰਾਹੀਂ ਜਿਹੜੀ ਸ੍ਰਿਸ਼ਟੀ ਦਾ ਨਿਰਮਾਣ ਹੋਇਆ, ਉਹ ਇੰਨਿਆ ਦੀ ਉਪਾਦਾਨ ਕਾਰਨਾਂ ਰਾਹੀਂ ਲੈਅ ਨੂੰ ਪ੍ਰਾਪਤ ਹੋਈ 54+54=108 ਗਿਣਤੀ ਹੋ ਗਈ। ਸੁਮੇਰੂ ਬ੍ਰਹਮ ਤੋਂ ਪੈਦਾ ਹੋ ਕੇ ਸੁਮੇਰੂ ਬ੍ਰਹਮ ਤੇ ਹੀ ਸਮਾਪਤ ਹੋ ਜਾਂਦੀ ਹੈ।
ਜਾਪ ਕਰਨ ਵਾਲੇ ਦਾ ਭਾਵੇਂ ਇਸ ਗਿਣਤੀ ਨਾਲ ਸੰਬੰਧ ਨਹੀਂ, ਫਿਰ ਵੀ ਕਿਹਾ ਜਾ ਸਕਦਾ ਹੈ, ਕਿ ਜਾਪ ਕਰਨ ਵਾਲੇ ਦਾ ਉਦੇਸ਼ ਮਾਇਆ ਵਾਲੇ ਮੋਹ ਦਾ ਖਾਤਮਾ ਕਰਕੇ ਜੀਵ ਨੂੰ ਬ੍ਰਹਮ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਮਾਲਾ ਉਸ ਪੁਰਖ ਲਈ ਸਹਾਇਕ ਹੈ ਤੇ ਜ਼ਰੂਰੀ ਹੈ। ਮਾਲਾ-ਉਤਪਤੀ ਅਤੇ ਪ੍ਰਲਯ ਵਰਣਨ ਰਾਹੀਂ ਕਾਰਜ ਕਰਨ ਅਤੇ ਜੀਵ ਦੇ ਉਰਧਗਾਮੀ ਬਣਨ ਵਿਚ ਬਹੁਤ ਸਹਾਇਤਾ ਕਰਦੀ ਹੈ।
ਜਿਹੜੇ ਜਾਪ ਕਰਨ ਵਾਲੇ ਰਿਸ਼ੀ, ਮੁਨੀ, ਸੰਤ, ਭਗਤ, ਮਹਾਂਪੁਰਖ ਹੁੰਦੇ ਹਨ, ਉਨ੍ਹਾਂ ਦੇ ਨਾਵਾਂ ਨਾਲ 108 ਲਿਖਿਆ ਜਾਂਦਾ ਹੈ। ਇਸ ਸਾਰੇ ਬ੍ਰਹਿਮੰਡ ਵਿਚ ਸਾਰੇ ਗ੍ਰਹਿ ਪਿੰਡਾਂ ਤੋਂ ਉੱਪਰ ਨਛੱਤਰ ਕਹੇ ਜਾਂਦੇ ਹਨ। ਇਨ੍ਹਾਂ ਉੱਪਰ ਕੋਈ ਪਿੰਡ ਨਹੀਂ ਹੈ। ਕਿਸੇ ਨੂੰ ਵੱਡਾ ਕਹਿਣ ਲਈ ਵੀ 108 ਦੀ ਸੰਖਿਆ ਦੀ ਵਰਤੋਂ ਕੀਤੀ ਜਾਂਦੀ ਹੈ।
ਬੰਦਗੀ ਕਰਨ ਵਾਲੇ ਪੁਰਸ਼ ਜਦੋਂ ਬ੍ਰਹਮ ਤੱਤ ਨੂੰ ਪ੍ਰਾਪਤ ਹੋ ਜਾਂਦੇ ਹਨ ਤਾਂ ਉਹ ਨਛੱਤਰਾਂ ਤੋਂ ਵੀ ਉੱਪਰ ਉੱਠ ਜਾਂਦੇ ਹਨ। ਉਨ੍ਹਾਂ ਦੇ ਨਾਵਾਂ ਨਾਲ ਇਹ ਗਿਣਤੀ ਜੋੜੀ ਜਾਂਦੀ ਹੈ। ਸੁਆਸ-ਸੁਆਸ ਜਾਪ ਕਰਨ ਵਾਲੇ ਉਮਰ ਰਸੀਦਾ ਪਦਾਧਿਕਾਰੀ ਵੱਡੇ ਮਧਾਧੀਸ਼। ਵੱਕਾਰੀ ਮਹਾਪੁਰਸ਼ਾਂ ਨੂੰ ਇਸ ਲਕਬ ਨਾਲ ਬੁਲਾਇਆ ਜਾਂਦਾ ਹੈ।
ਜਿਹੜੇ ਸਮੇਂ, ਦੇਸ਼, ਕਾਲ, ਵਸਤੂ ਤੋਂ ਪਰੇ ਬ੍ਰਹਮ ਵਿਚ ਅਭੇਦ ਹੋਏ ਹੁੰਦੇ ਹਨ। ਨਛੱਤਰਾਂ, ਗ੍ਰਹਿਆਂ, ਰਾਸ਼ੀਆਂ ਸਭ ਤੋਂ ਉੱਪਰ ਉੱਠ ਜਾਂਦੇ ਹਨ। ਸਿਰਫ ਬ੍ਰਹਮ ਨਾਲ ਜੁੜ ਜਾਂਦੇ ਹਨ। ਉਨ੍ਹਾਂ ਸਤਪੁਰਸ਼ਾਂ ਦੇ ਨਾਵਾਂ ਨਾਲ 108 ਸੰਖਿਆ ਲਿਖਣਾ ਬਣਦਾ ਹੈ।
ਪਰ ਅਜੋਕੇ ਸਮੇਂ ਵਿਚ ਹਰ ਇੱਕ ਦੇ ਨਾਮ ਨਾਲ 108 ਲਿਖ ਦਿੱਤਾ ਜਾਂਦਾ ਹੈ। ਕਈ ਵਾਰੀ ਦੇਖਣ ਵਿਚ ਆਇਆ ਮਹਾਂਪੁਰਸ਼ ਵਲੋਂ ਚਿੱਠੀ, ਸੱਦਾ ਪੱਤਰ, ਕਾਰਡ ਆਉਂਦਾ ਹੈ ਤਾ ਹੇਠਾਂ ਲਿਖਿਆ ਹੁੰਦਾ ਹੈ-
ਸ਼੍ਰੀਮਾਨ 108 ਪੂਰਨ ਬ੍ਰਹਮਗਿਆਨੀ, ਪੂਰਨ ਸੰਤ ਬਾਬਾ ਫਲਾਣਾ ਸਿੰਘ ਜੀ ਮਹਾਰਾਜ ਆਦਿ। ਜਿਹੜਾ ਸ੍ਰਿਸ਼ਟਾਚਾਰ ਅਨੁਸਾਰ ਬੁਰਾ ਲੱਗਦਾ ਹੈ। ਚਿੱਠੀ ਲਿਖਣ ਵਾਲਾ ਆਪਣੇ-ਆਪ ਨੂੰ ਹੀ ਵੱਡਾ ਲਿਖ ਰਿਹਾ ਹੈ। ਸ਼੍ਰੀਮਾਨ ਵੀ ਆਪ ਲਿਖ ਰਿਹਾ ਹੈ, ਜਿਹੜਾ ਸ੍ਰਿਸ਼ਟਾਚਾਰ ਅਨੁਸਾਰ ਗਲਤ ਹੈ ਤੇ ਮਜ਼ਾਕ ਦਾ ਸਾਧਨ ਹੈ। ਕਈ ਥਾਈਂ 1008 ਤੇ 1111 ਲਿਖਣ ਦਾ ਵੀ ਰਿਵਾਜ਼ ਹੈ। ਇਸਦਾ ਕੋਈ ਆਧਾਰ ਨਹੀਂ ਜਿਸ ਤਰ੍ਹਾਂ ਦੀਵਾਲੀ ਤੋਂ ਦਿਵਾਲਾ ਸ਼ਬਦ ਜਾਂ ਹੋਲੀ ਤੋਂ ਹੋਲਾ ਸ਼ਬਦ ਹੈ ਇਵੇਂ ਹੀ ਵੱਡਾ ਸਾਬਿਤ ਕਰਨ ਲਈ ਉਕਤ ਸ਼ਬਦ ਵਰਤੇ ਜਾਂਦੇ ਹਨ। ਇਹ ਸੁਣਨ ਵਿਚ ਆਇਆ ਹੈ ਅਤੇ ਲਿਖਿਆ-ਪੜ੍ਹਿਆ ਵੀ ਹੈ ਕਿ ਪੂਰਨ ਸੰਤ ਜਾਂ ਪੂਰਨ ਬ੍ਰਹਮਗਿਆਨੀ ਸ਼ਬਦ ਕਿਸ ਸੰਤ ਨਾਲ ਜੋੜੇ ਜਾਂਦੇ ਹਨ? ਇਹ ਸ਼ਬਦ ਵੀ ਹਾਸੋਹੀਣੇ ਤੇ ਨਾਸਮਝੀ ਕਰਕੇ ਹੀ ਵਰਤੇ ਜਾਂਦੇ ਮਾਲੂਮ ਹੁੰਦੇ ਹਨ।
ਪੂਰਨ ਸੰਤ ਦੀ ਇਹ ਨਿਸ਼ਾਨੀ ਦੱਸੀ ਹੈ:-
ਜਿਨ੍ਹਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾ ਮਨਿ ਮੰਤ॥
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥
ਨਾਨਕ ਕਚੜਿਆ ਸਿਉ ਤੋੜਿ ਢੂੰਢਿ ਸਜਣ ਸੰਤ ਪਕਿਆ॥ ਓਇ ਜੀਵੰਦੇ ਵਿਛੁੜਹਿ ਓਹਿ ਮੁਇਆ ਨ ਜਾਹੀ ਛੋੜਿ ॥
ਬ੍ਰਹਮਗਿਆਨੀ ਬਾਰੇ ਵੀ ਸਤਿਗੁਰੂ ਜੀ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਅਜਿਹੀਆਂ ਪੂਰਨ ਸੰਤ ਜਾਂ ਪੂਰਨ ਬ੍ਰਹਮਗਿਆਨੀ ਵਾਲੀਆਂ ਪਦਵੀਆਂ ਵਿਚ ਕੋਈ ਫਰਕ ਹੁੰਦਾ ਤਾਂ ਗੁਰੂ ਜੀ ਸਪਸ਼ਟ ਕਰ ਦਿੰਦੇ। ਗੁਰਬਾਣੀ ਵਿਚ ਜਿਉਂਦੇ ਪੁਰਖ ਦੇ ਲੱਛਣ ਬ੍ਰਹਮ ਗਿਆਨੀ ਵਿਚ ਕਹੇ ਹਨ ਨਾਂ ਕਿ ਮਰੇ ਹੋਏ ਪੁਰਖ ਵਿਚ ਬ੍ਰਹਮਗਿਆਨੀ ਦੇ ਲੱਛਣਾਂ ਦਾ ਜਿਕਰ ਹੈ । ਗੁਰੂ ਜੀ ਨੇ ਸੁਧ ਜੀਵਨ ਬ੍ਰਹਮ ਗਿਆਨੀ ਪੁਰਖ ਦੇ ਸ਼ੁੱਧ ਵਿਵਹਾਰ ਵਾਲੇ ਪੁਰਖ ਨੂੰ ਬ੍ਰਹਮਗਿਆਨੀ ਕਿਹਾ ਹੈ।
ਜਿਸ ਪੁਰਖ ਨੂੰ ਮਾਣ-ਅਪਮਾਨ, ਮਿੱਟੀ, ਸੋਨਾ, ਜਹਿਰ, ਅਮ੍ਰਿਤ, ਆਪਣਾ, ਪਰਾਇਆ, ਬੁਰਾ, ਭਲਾ ਆਦਿ ਵਿਚ ਸਾਰਾ ਸਮਾਨ ਰੂਪ ਵਿਚ ਹੀ ਨਜ਼ਰ ਆਏ ਤਾਂ ਉਹ ਬ੍ਰਹਮਗਿਆਨੀ ਹੈ। ਜਿਹੜਾ ਆਪ ਮੁਕਤੀ ਪਦ ਨੂੰ ਪ੍ਰਾਪਤ ਹੈ ਤੇ ਦੂਜਿਆਂ ਨੂੰ ਮੁਕਤੀ ਪ੍ਰਦਾਨ ਕਰਾ ਦੇਵੇ, ਉਹ ਹੀ ਬ੍ਰਹਮ ਗਿਆਨੀ, ਪੂਰਨ ਸੰਤ ਹੈ ।
1. ਬ੍ਰਹਮ ਗਿਆਨੀ ਸਦਾ ਨਿਰਲੇਪ॥ ਜੈਸੇ ਜਲ ਮਹਿ ਕਮਲ ਅਲੇਪ॥
2. ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ॥ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ॥
3. ਤੈਸਾ ਹਰਖ ਤੈਸਾ ਉਸੁ ਸੋਗੁ ॥ ਸਦਾ ਅਨੰਦੁ ਤਹ ਨਹੀ ਬਿਓਗ॥ ਤੈਸਾ ਸੁਵਰਨੁ ਤੈਸੀ ਉਸੁ ਮਾਟੀ॥ ਤੈਸਾ ਅੰਮ੍ਰਿਤ ਤੈਸੀ ਬਿਖੁ ਖਾਟੀ॥
(ਸੁਖਮਣੀ)
ਜੋ ਨਰੁ ਦੁਖ ਮੈ ਦੁਖ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥ ਰਹਾਓ॥ ਨਹਿ ਨਿੰਦਿਆ ਨਹ ਉਸਤਤਿ ਜਾ ਕੈ ਲੋਭ ਮੋਹੁ ਅਭਿਮਾਨਾ ॥
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ॥
(ਸੋਰਠਿ ਮਹਲਾ 9)
ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਅੰਕ 108 ਪੂਰਨ ਪੁਰਖ, ਸਚਿਆਰੇ ਪੁਰਖ ਅਤੇ ਬ੍ਰਹਮ ਸਰੋਤ੍ਰੀ ਬ੍ਰਹਮ ਨਿਸ਼ਠ ਪੁਰਖ ਵਾਸਤੇ ਵਰਤਣਾ ਸ਼ਾਸਤਰਾਂ ਤੇ ਜੋਤਿਸ਼ ਅਨੁਸਾਰ ਠੀਕ ਅਤੇ ਢੁੱਕਵਾਂ ਹੈ । ਬਾਕੀ 100 ਜਾਂ 111 ਆਦਿ ਪ੍ਰਮਾਣਿਕ ਨਹੀਂ ਹਨ।