Sikh Sewak Society provides free eye treatment and surgery to needy workers
*ਭਾਟੀਆ ਹਸਪਤਾਲ ( Eyes Specialist ) ਵਿਖੇ ਹੋਏ ਸਫ਼ਲ ਅਪਰੇਸ਼ਨ - ਖਾਲਸਾ **
ਜਲੰਧਰ-ਸਮਾਜ ਭਲਾਈ ਅਤੇ ਲੋਕ ਸੇਵਾ ਦੇ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਪ੍ਰਮੁੱਖ ਜਥੇਬੰਦੀ 'ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ' ਵੱਲੋਂ ਕਿਰਤੀ ਅਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਸਿਹਤ ਸੰਭਾਲ ਲਈ ਅਹਿਮ ਉਪਰਾਲਾ ਕਰਦਿਆਂ ਅੱਖਾਂ ਦੇ ਲੋੜਵੰਦ ਮਰੀਜ਼ਾਂ ਦਾ ਭਾਟੀਆ ਹਸਪਤਾਲ ਤੋਂ ਮੁਫ਼ਤ ਇਲਾਜ ਅਤੇ ਅਪਰੇਸ਼ਨ ਕਰਵਾਇਆ ਗਿਆ।
ਇਸ ਮੌਕੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁਖੀ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਸੰਸਥਾ ਲੰਮੇ ਸਮੇਂ ਤੋਂ ਬਿਨਾਂ ਕਿਸੇ ਭੇਦਭਾਵ ਦੇ ਗ਼ਰੀਬਾਂ, ਮਜ਼ਦੂਰਾਂ ਅਤੇ ਬੇਸਹਾਰਾ ਲੋਕਾਂ ਦੀ ਭਲਾਈ ਹਿੱਤ ਨਿਰੰਤਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸੁਸਾਇਟੀ ਵੱਲੋਂ ਪਹਿਲਾਂ ਵੀ ਕੁਦਰਤੀ ਆਫ਼ਤਾਂ, ਖ਼ਾਸ ਕਰਕੇ ਹੜ੍ਹਾਂ ਦੇ ਦਿਨਾਂ ਦੌਰਾਨ ਪੀੜਤ ਲੋਕਾਂ ਤੱਕ ਵੱਡੇ ਪੱਧਰ 'ਤੇ ਰਾਹਤ ਸਮੱਗਰੀ ਪਹੁੰਚਾਈ ਜਾਂਦੀ ਰਹੀ ਹੈ, ਉੱਥੇ ਹੀ ਛੱਤ ਤੋਂ ਵਾਂਝੇ ਲੋੜਵੰਦ ਪਰਿਵਾਰਾਂ ਲਈ ਪੱਕੇ ਮਕਾਨ ਉਸਾਰ ਕੇ ਦੇਣ ਦੀ ਸੇਵਾ ਵੀ ਬਾਖ਼ੂਬੀ ਨਿਭਾਈ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਿਹਨਤ-ਮਜ਼ਦੂਰੀ ਕਰਨ ਵਾਲੇ ਕਿਰਤੀ ਵਰਗ ਦੀ ਸਿਹਤ ਸੰਭਾਲ ਕਰਨਾ ਸੰਸਥਾ ਦੀ ਮੁੱਖ ਤਰਜੀਹ ਹੈ ਤਾਂ ਜੋ ਉਹ ਆਪਣੀ ਰੋਜ਼ੀ-ਰੋਟੀ ਸਵੈ-ਮਾਣ ਨਾਲ ਕਮਾ ਸਕਣ।
ਜਥੇਦਾਰ ਖਾਲਸਾ ਨੇ ਦੱਸਿਆ ਕਿ ਚੈੱਕਅੱਪ ਦੌਰਾਨ ਸਾਹਮਣੇ ਆਏ ਮਰੀਜ਼ਾਂ ਵਿੱਚੋਂ ਸੰਤੋਖ ਸਿੰਘ ਅਤੇ ਖ਼ਜ਼ਾਨ ਸਿੰਘ ਦੀਆਂ ਅੱਖਾਂ ਵਿੱਚ ਚਿੱਟੇ ਮੋਤੀਏ ਦੀ ਸਮੱਸਿਆ ਗੰਭੀਰ ਸੀ, ਜਿਸ ਕਾਰਨ ਸੁਸਾਇਟੀ ਵੱਲੋਂ ਭਾਟੀਆ ਹਸਪਤਾਲ ਵਿਖੇ ਇਨ੍ਹਾਂ ਦੋਵਾਂ ਦੇ ਅਪਰੇਸ਼ਨ ਕਰਵਾਏ ਗਏ। ਇਸ ਤੋਂ ਇਲਾਵਾ ਮੰਡਾਲਾ ਸ਼ਨਾ ਗੁਰਦਵਾਰੇ ਦੇ ਹੈਡ - ਗ੍ਰੰਥੀ ਭਾਈ ਹਰਦੇਵ ਸਿੰਘ, ਕਾਕਾ ਸਿੰਘ ਅਤੇ ਬਲਵਿੰਦਰ ਕੌਰ ਸਮੇਤ ਹੋਰ ਕਿਰਤੀਆਂ ਦੀਆਂ ਅੱਖਾਂ ਦਾ ਮੁਕੰਮਲ ਮੁਆਇਨਾ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਟੀਆ ਹਸਪਤਾਲ ਦੇ ਪ੍ਰਮੁੱਖ ਅੱਖਾਂ ਦੇ ਮਾਹਿਰ ਡਾਕਟਰ ਐੱਮ. ਪੀ. ਭਾਟੀਆ ਨੇ ਦੱਸਿਆ ਕਿ ਦੋਵਾਂ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਪੂਰੀ ਤਰ੍ਹਾਂ ਸਫ਼ਲ ਰਹੇ ਹਨ। ਉਨ੍ਹਾਂ ਕਿਹਾ ਕਿ ਅਪਰੇਸ਼ਨ ਉਪਰੰਤ ਮਰੀਜ਼ਾਂ ਨੂੰ ਅੱਖਾਂ ਦੀ ਸੰਭਾਲ, ਸਫ਼ਾਈ ਅਤੇ ਪਰਹੇਜ਼ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਾਕੀ ਮਰੀਜ਼ਾਂ ਦੀ ਲੋੜ ਅਨੁਸਾਰ ਕੁਝ ਨੂੰ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਜਿਨ੍ਹਾਂ ਨੂੰ ਨਜ਼ਰ ਦੀ ਕਮਜ਼ੋਰੀ ਸੀ, ਉਨ੍ਹਾਂ ਨੂੰ ਸੁਸਾਇਟੀ ਦੇ ਸਹਿਯੋਗ ਨਾਲ ਐਨਕਾਂ ਲਗਾ ਕੇ ਦਿੱਤੀਆਂ ਗਈਆਂ ਹਨ।
ਇਲਾਜ ਉਪਰੰਤ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਡਾ. ਐੱਮ. ਪੀ. ਭਾਟੀਆ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਆਰਥਿਕ ਤੰਗੀ ਕਾਰਨ ਉਹ ਇਲਾਜ ਕਰਵਾਉਣ ਤੋਂ ਅਸਮਰੱਥ ਸਨ, ਪਰ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਇਸ ਨੇਕ ਕਾਰਜ ਸਦਕਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਮੁੜ ਰੌਸ਼ਨੀ ਆਈ ਹੈ।ਇਸ ਮੌਕੇ ਸਿੱਖ ਸੇਵਕ ਸੁਸਾਇਟੀ ਦੇ ਮੈਂਬਰ ਸੁਖਵਿੰਦਰ ਸਿੰਘ ਗੋਗੀ ਦਿਲੀ ਪੇਂਟ,,ਹਰਦੇਵ ਸਿੰਘ ਗਰਚਾ, ਸੰਦੀਪ ਸਿੰਘ ਚਾਵਲਾ, ਗੁਰਪ੍ਰੀਤ ਸਿੰਘ ਰਾਜੂ ਹਾਜ਼ਰ ਸਨ।