Kesari ePaper Header

ਕਰੋੜਾਂ ਨਾਨਕ ਨਾਮ ਲੇਵਾ ਸੰਗਤਾਂ ਦਾ ਗੰਭੀਰ ਪੰਥਕ ਮੁੱਦਾ

ਕਰੋੜਾਂ ਨਾਨਕ ਨਾਮ ਲੇਵਾ ਸੰਗਤਾਂ ਦਾ ਗੰਭੀਰ ਪੰਥਕ ਮੁੱਦਾ

ਇੰਜ. ਸੁਖਦੇਵ ਸਿੰਘ 'ਲਾਜ' 

ਸਿਕਲੀਗਰ ਵਣਜਾਰਿਆਂ ਦੇ ਜੀਵਨ ਸਫਰ ਨੂੰ ਨੇੜੇ ਹੋ ਵੇਖਣ ਸਮਝਣ ਬਾਅਦ ਇਹ ਕਿਤਾਬ ਮੇਰੀ ਪਿਆਰੀ, ਸਤਿਕਾਰ ਦੀ ਹੱਕਦਾਰ, ਪਰ ਅਵੇਸਲੀ ਕੌਮ ਨੂੰ ਇਕ ਹਲੂਣਾ ਹੈ। ਇਸ ਕਿਤਾਬ ਵਿੱਚ ਉਨ੍ਹਾਂ ਕਰੋੜਾਂ ਨਾਨਕ ਨਾਮਲੇਵਾ ਨਾਨਕ ਪੰਥੀਆਂ ਦੀਆਂ ਚੀਕਾਂ, ਕੂਕਾਂ ਅਤੇ ਫਰਿਆਦਾਂ ਹਨ ਜੋ ਅੱਜ ਅਸਮਾਨ ਨੂੰ ਤਾਂ ਚੀਰ ਰਹੀਆਂ ਹਨ ਪਰ ਸ਼ਾਇਦ ਪੰਥ ਦੇ ਵਿਹੜੇ ਉਨ੍ਹਾਂ ਦੀ ਦਸਤਕ ਪੂਰੀ ਤਰ੍ਹਾਂ ਨਹੀਂ ਪਹੁੰਚੀ। ਇਹ ਕਿਤਾਬ ਉਨ੍ਹਾਂ ਆਵਾਜ਼ਾਂ ਦੀ ਤਰਜ਼ਮਾਨੀ ਹੈ ਅਤੇ ਸਿੱਖ ਜਗਤ ਨੂੰ ਉਨ੍ਹਾਂ ਬਾਰੇ ਜਾਣੂ ਕਰਾਉਣ ਦਾ ਇਕ ਨਿਮਾਣਾ ਪਰ ਗੰਭੀਰ ਯਤਨ ਹੈ।

ਅਣਗੋਲੇ ਤੇ ਵਿਸਰੇ ਨਾਨਕਪੰਥੀਆਂ ਦੀਆਂ ਤਕਲੀਫਾਂ ਤੇ ਸਮੱਸਿਆਵਾਂ ਬਹੁਤ ਵੱਡੀਆਂ ਅਤੇ ਗੰਭੀਰ ਹਨ। ਇਹ ਪੁਸਤਕ ਉਨ੍ਹਾਂ ਕਰੋੜਾਂ ਪਰਿਵਾਰਾਂ ਬਾਰੇ ਹੈ, ਜਿਨ੍ਹਾਂ ਦੇ ਪੂਰਵਜਾਂ ਨੇ ਆਪਣੇ ਪਿਆਰੇ ਗੁਰੂ ਤੋਂ ਧਨ, ਦੌਲਤ, ਜ਼ਮੀਨ, ਜਾਇਦਾਦ ਅਤੇ ਆਪਣੀਆਂ ਜਾਨਾਂ ਵਾਰ ਕੇ ਲਾਸਾਨੀ ਸ਼ਹੀਦ ਬਣਨ ਦਾ ਰੁਤਬਾ ਹਾਸਲ ਕੀਤਾ ਸੀ।

 ਸਮੇਂ ਦਾ ਗੇੜ ਅਤੇ ਸਿੱਖ ਕੌਮ (ਲੇਖਕ ਦਾ ਭਾਵ ਖੁਸ਼ਹਾਲ ਪੰਜਾਬੀ ਸਿੱਖਾਂ ਤੋਂ ਹੈ) ਦੀ ਘੋਰ ਅਣਗਹਿਲੀ ਅਤੇ ਉਨ੍ਹਾਂ ਦੀ ਵੱਖਰੀ ਜੀਵਨ ਜਾਚ ਸਦਕਾ, ਇਹ ਮਹਾਨ ਕੁਰਬਾਨੀਆਂ ਕਰਨ ਵਾਲੇ ਮਰਜੀਵੜਿਆਂ ਦੀਆਂ ਔਲਾਦਾਂ ਅੱਜ ਝੁੱਗੀਆਂ-ਝੌਂਪੜੀਆਂ ਵਿਚ ਰੁੱਲ ਰਹੀਆਂ ਹਨ। ਆਪਣੇ ਗੁਰੂ ਦੀ ਯਾਦ ਵਿੱਚ ਦਿਨ-ਕਟੀ ਕਰਦੀ ਹੋਈ ਆਪਣੇ ਪਿਆਰੇ ਪੰਥ ਨੂੰ ਆਵਾਜ਼ਾਂ ਮਾਰ ਰਹੀ ਹੈ।

 ਅੱਜ ਤੋਂ ਕੋਈ 122 ਸਾਲ ਪਹਿਲਾਂ, ਸਿੰਘ ਸਭਾ ਲਹਿਰ ਦੇ ਮੋਢੀ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਨੇ ਆਪਣੀ ਅਖਬਾਰ ਖਾਲਸਾ ਅਖਬਾਰ ਲਾਹੌਰ' ਦੇ 28 ਅਗਸਤ 1898 ਦੇ ਅੰਕ ਵਿਚ ਅਜਿਹੇ ਵਿਚਾਰ ਪ੍ਰਗਟ ਕਰਦਿਆਂ ਹੋਕਾ ਭਰਿਆ ਸੀ:

"ਸਿਕਲੀਗਰ ਜੋ ਮਾਰਵਾੜੀ ਖਾਲਸਾ ਹੈ ਤੇ ਵਿਚਾਰੇ ਝੁੱਗੀਆਂ ਪਾ ਕੇ ਬਾਹਰ ਬੈਠੇ ਹਨ ਅਤੇ ਇਨ੍ਹਾਂ ਦਾ ਕੰਮ ਸ਼ਸਤਰ ਬਣਾ ਕੇ ਵੇਚਣੇ ਅਤੇ ਸ਼ਿਕਾਰ ਮਾਰ ਕੇ ਨਿਰਬਾਹ ਕਰਨਾ ਹੈ, ਪ੍ਰੰਤੂ ਖਾਲਸਾ ਧਰਮ ਵਿੱਚ ਇਹ ਲੋਕ ਪੱਕੇ ਪਾਏ ਜਾਂਦੇ ਹਨ, ਜੋ ਕੈਂਚੀ ਜਾਂ ਉਸਤਰਾ ਸਿਰ ਤੇ ਲਾਉਣਾ ਆਪਣੀ ਮੌਤ ਦਾ ਨਮੂਨਾ ਜਾਣਦੇ ਹਨ। ਇਸ ਤਰਫ ਵੀ ਖਾਲਸਾ ਨੇ ਕੋਈ ਖਿਆਲ ਨਹੀਂ ਕੀਤਾ।"

 ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪਰਬ ਮਨਾ ਰਹੇ ਹਾਂ ਤਾਂ ਇਹ ਪਰਬ ਮਨਾਇਆ ਤਾਂ ਇਕ ਸਦੀ ਤੋਂ ਵਧ ਬਾਅਦ ਹੁਣ ਜਦ ਅਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਸਫਲ ਗਿਣਿਆ ਜਾਵੇਗਾ ਜੇ ਅਸੀਂ ਸਾਹਿਬ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਉਨਾਂ ਨਾਲ ਜੜੇ ਆਪਣੇ ਕਰੋੜਾਂ ਨਾਨਕ ਪੰਥੀਆਂ ਨੰ, ਜੋ ਥਾਂ-ਥਾਂ ਤੇ ਬਿਖਰੇ ਮੋਤੀਆਂ ਵਾਂਗ ਨਜ਼ਰ ਆ ਰਹੇ ਹਨ, ਉਨ੍ਹਾਂ ਨੂੰ ਆਪਣੇ ਗਲੇ ਨਾਲ ਲਾਈਏ।

 ਇਹ ਇੱਕ ਬੜੀ ਵੱਡੀ ਵੰਗਾਰ ਹੈ ਜਿਸਨੂੰ ਸਵੀਕਾਰ ਕਰਨਾ ਸਾਡਾ ਸਭ ਦਾ ਸਾਂਝਾ ਫਰਜ਼ ਹੈ। ਮਾਨਯੋਗ ਪੱਤਰਕਾਰ ਹਰਬੀਰ ਸਿੰਘ ਭੰਵਰ' ਨੇ ਅਜੀਤ ਅਖ਼ਬਾਰ ਵਿਚ ਆਪਣੇ ਲੇਖ ਵਣਜਾਰਿਆਂ ਤੇ ਸਿਕਲੀਗਰਾਂ ਨੂੰ ਪੰਥ ਦੀ ਮੁਖਧਾਰਾ ਵਿਚ ਲਿਆਂਦਾ ਜਾਵੇ" ਵਿਚ ਪੰਥਕ ਆਗੂਆਂ ਨੂੰ ਟੁੰਬਦਿਆ ਆਖਿਆ ਸੀ: "ਕਈ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਨੇ ਆਪਣੀ-ਆਪਣੀ ਸਮਰੱਥਾ ਅਨੁਸਾਰ ਕਾਰਜ ਆਰੰਭਿਆ ਵੀ ਹੈ। ਪਰ ਇਹ ਕਾਰਜ ਇੰਨਾ ਵੱਡਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਪਟਨਾ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਵੀ ਵੱਸ ਦਾ ਨਹੀਂ ਸਗੋਂ ਸਮੁੱਚੇ ਪੰਥ ਦਾ ਸਾਂਝਾ ਕਾਰਜ ਹੈ। "

 ਨੈਸ਼ਨਲ ਐਵਾਰਡੀ ਵਿਦਿਅਕ ਮਾਹਿਰ ਰਣਜੀਤ ਸਿੰਘ ਨੇ ਆਪਣੇ ਲੇਖ 'ਬਿਖਰੇ ਮੋਤੀ' ਵਿੱਚ ਇਸੀ ਗੱਲ ਨੂੰ ਦੁਹਰਾਇਆ ਹੈ, "ਨਾਨਕਪੰਥੀ ਇਸ ਉਡੀਕ ਵਿੱਚ ਹਨ ਕਿ ਕੋਈ ਪੰਥਕ ਰਹਿਬਰ ਸਾਡੀ ਬਾਂਹ ਫੜ ਕੇ ਸਾਨੂੰ ਆਪਣੇ ਗਲ ਲਾਉਣ ਅਤੇ ਸਾਡੇ ਭਵਿੱਖ ਬਾਰੇ ਕੋਈ ਯੋਜਨਾ ਤਿਆਰ ਕਰਨ।

 ਕਾਫੀ ਅਰਸਾ ਪਹਿਲਾਂ ਮੈਨੂੰ ਰਵੇਲ ਸਿੰਘ ਐਡਵੋਕੇਟ ਦਾ ਨਾਨਕ ਨਾਮਲੇਵਾ ਨੂੰ ਇੱਕਠਾ ਕਰਨ ਦੀ ਲੋੜ" ਸਿਰਲੇਖ ਹੇਠ ਛਪਿਆ ਇੱਕ ਬਹੁਤ ਹੀ ਦੁਰਲਭ ਲੇਖ ਪ੍ਰਾਪਤ ਹੋਇਆ। ਮਾਨਯੋਗ ਲਿਖਾਰੀ ਨੇ ਲਿਖਿਆ ਸੀ, “ਇਸ ਬਿਖਰੇ ਸਮੇਂ ਨਾਮਧਾਰੀ ਸੰਪਰਦਾਇ ਦੇ ਮੁਖੀ ਬਾਬਾ ਪ੍ਰਤਾਪ ਸਿੰਘ ਜੀ ਨੇ ਗੁਰੂ ਨਾਨਕ ਨਾਮਲੇਵਾ ਸਰਬੱਤ ਸਿੱਖਾਂ ਨੂੰ ਇਕੱਠਾ ਕਰਨ ਦਾ ਯਤਨ ਕੀਤਾ। 14-15 ਅਕਤੂਬਰ 1934 ਨੂੰ ਉਨ੍ਹਾਂ ਵੱਲੋਂ ਭੈਣੀ ਸਾਹਿਬ ਵਿਖੇ ਇਕ ਕਾਨਫਰੰਸ ਕੀਤੀ ਗਈ। ਭਾਈ ਸਾਹਿਬ ਭਾਈ ਅਰਜਨ ਸਿੰਘ ਬਾਗੜੀਆਂ ਨੂੰ ਇਸ ਕਾਨਫਰੰਸ ਦਾ ਪ੍ਰਧਾਨ ਬਣਾਇਆ ਗਿਆ। ਇਸ ਕਾਨਫਰੰਸ ਵਿੱਚ ਸ੍ਰ. ਸੁੰਦਰ ਸਿੰਘ ਮਜੀਠੀਆ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਜੋਧ ਸਿੰਘ, ਪ੍ਰੋ: ਤੇਜਾ ਸਿੰਘ, ਪ੍ਰੋ: ਗੰਗਾ ਸਿੰਘ, ਗਿਆਨੀ ਸ਼ੇਰ ਸਿੰਘ ਅਕਾਲੀ ਦਲ ਦੇ ਹੋਰ ਨੇਤਾ, ਚੀਫ਼ ਖਾਲਸਾ ਦੀਵਾਨ ਬੁੱਢਾ ਦਲ, ਅਡਣਸ਼ਾਹੀ ਉਦਾਸੀਨ ਮਹਾਂ ਮੰਡਲ ਦੇ ਪ੍ਰਤੀਨਿਧ ਸ਼ਾਮਲ ਹੋਏ।

 ਸਾਰਿਆਂ ਨੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਸਰਬ-ਸੰਮਤੀ ਨਾਲ ਇਕ ਮਤਾ ਪਾਸ ਕੀਤਾ ਗਿਆ "ਸ੍ਰੀ ਗੁਰੂ ਨਾਨਕਦੇਵ ਜੀ ਨੂੰ ਮੰਨਣ ਵਾਲੀਆਂ ਸਭ ਸੰਪਰਦਾਵਾਂ ਆਪਣੇ ਅਸੂਲਾਂ ਦਾ ਪ੍ਰੇਮ ਪਿਆਰ ਅਤੇ ਵਿਦਵਤਾ ਸਾਹਿਤ ਮੰਡਨ ਰੂਪ ਵਿੱਚ ਪ੍ਰਚਾਰ ਕਰਨ ਅਤੇ ਇੱਕ ਦੂਜੇ ਦੇ ਸਿਧਾਤਾਂ ਨੂੰ, ਵਿਚਾਰਾਂ ਨੂੰ ਖੰਡਨ ਕਰਨ ਦੀ ਪਰਪਾਟੀ ਬੰਦ ਕਰ ਦਿੱਤੀ ਜਾਵੇ।"

1934 ਤੋਂ ਮਗਰੋਂ ਵੀ ਅਜਿਹੀਆਂ ਕਾਨਫਰੰਸਾਂ ਹੋਈਆਂ, ਪਰ ਜਗ ਜਾਹਿਰ ਹੈ ਕਿ ਪ੍ਰਤਖ ਰੂਪ ਵਿਚ ਕੋਈ ਉਦਮ ਨਹੀ ਕੀਤਾ ਗਿਆ। ਗੰਭੀਰ ਵਿਚਾਰਾਂ ਹੋਈਆਂ, ਮਤੇ ਪਾਸ ਕੀਤੇ ਗਏ ਪਰ ਮਸਲੇ ਦਾ ਪੱਕਾ ਹੱਲ ਲੱਭਣ ਲਈ ਕੋਈ ਵਿਉਂਤ ਜਾਂ ਪੈਂਤੜਾ ਨਾ ਅਪਣਇਆ ਗਿਆ। ਅਜੋਕੇ ਸਮੇਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮਨਾਉਣ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਅਕਤੂਬਰ 2019 ਨੂੰ ਤਖ਼ਤ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪਰ ਸਾਹਿਬ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖਾਂ ਦਾ ਇੱਕ ਸੰਮੇਲਨ ਬੁਲਾਇਆ ਗਿਆ। ਇਸ ਸੰਮੇਲਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ 'ਤੇ ਵਿਸ਼ਵਾਸ਼ ਰੱਖਣ ਵਾਲੇ ਵਣਜਾਰੇ, ਸਿਕਲੀਗਰ, ਸਿੰਧੀ, ਅਫ਼ਗਾਨੀ, ਮਰਦਾਨੇਕੇ, ਲਾਮੇ, ਅਸਾਮੀ, ਖੋਸਤੀ, ਉਦਾਸੀ, ਨਿਰਮਲੇ, ਸਤਨਾਮੀ ਆਦਿ ਨੂੰ ਸੱਦਾ ਪੱਤਰ ਭੇਜੇ ਗਏ। ਇਸ ਸੰਮੇਲਨ ਵਿਚ ਦਾਸ ਨੇ ਵੀ ਹਾਜਰੀ ਭਰੀ। ਇਸ ਸੰਮੇਲਨ ਦਾ ਨਜ਼ਾਰਾ ਦੇਖਣ ਯੋਗ ਸੀ।

ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਉਨ੍ਹਾਂ ਨੂੰ ਪੰਥਕ ਪਰੰਪਰਾ ਤਹਿਤ ਸਨਮਾਨਤ ਵੀ ਕੀਤਾ ਗਿਆ। ਜਿਨ੍ਹਾਂ ਨਾਨਕ ਨਾਮ ਲੇਵਾ ਨੂੰ ਸਨਮਾਨਤ ਕੀਤਾ ਗਿਆ ਉਨ੍ਹਾਂ ਦੇ ਚਿਹਰਿਆਂ 'ਤੇ ਜੋ ਖੁਸ਼ੀ ਝਲਕ ਰਹੀ ਸੀ ਉਹ ਬਿਆਨ ਤੋਂ ਬਾਹਰ ਹੈ। ਸਨਮਾਨਤ ਹੋਣ ਉਪਰੰਤ ਕਈ ਗੁਰੂ ਨਾਨਕ ਨਾਮਲੇਵਾ ਜੋ ਪਹਿਲਾਂ ਦਸਤਾਰ ਨਹੀਂ ਸਜਾਂਦੇ ਸਨ, ਉਨ੍ਹਾਂ ਨੇ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ 100 ਸਾਲਾ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਸੀ ਜਦ ਨਾਨਕ ਪੰਥੀਆਂ ਦਾ ਸੰਮੇਲਨ ਬੁਲਾਇਆ ਗਿਆ ਹੋਵੇ। ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ, ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਹੋਰ ਨੁਮਇੰਦਿਆਂ ਨੇ ਹਾਜ਼ਰੀ ਭਰੀ ਤੇ ਆਪਣੇ ਵਿਚਾਰ ਸਾਂਝੇ ਕੀਤੇ।

 

ਸਾਰਿਆਂ ਦੀ ਰਾਇ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਦੀ ਰੌਸ਼ਨੀ ਵਿੱਚ ਗੁਰੂ ਨਾਨਕ ਨਾਮਲੇਵਾ ਲਈ ਸਾਂਝੇ ਯਤਨ ਕੀਤੇ ਜਾਣ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜ ਅੰਦਰ ਆਪਸੀ ਵੱਖਰੇਵਿਆਂ ਨੂੰ ਖਤਮ ਕਰਕੇ ਮਨੁੱਖੀ ਏਕਤਾ ਦਾ ਸੁਨੇਹਾ ਦਿੱਤਾ ਸੀ। ਗੁਰੂ ਸਾਹਿਬ ਦੀ ਇਸ ਵੱਡਮੁਲੀ ਸੋਚ ਨੂੰ ਪ੍ਰਣਾਏ ਭਾਈਚਾਰੇ ਸਿੱਖ ਸਮਾਜ ਦਾ ਇੱਕ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਨੂੰ ਕਲਾਵੇ ਵਿੱਚ ਲੈਣ ਦੀ ਲੋੜ ਹੈ।"

 ਜੱਥੇਦਾਰ ਰਘਬੀਰ ਸਿੰਘ ਜੀ ਨੇ ਕਿਹਾ ਕਿ ਸਰਬੱਤ ਦਾ ਭਲਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਹੈ।ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਨਾਮਲੇਵਾ ਭਾਈਚਾਰੇ ਲਈ ਇੱਕ ਵੱਖਰਾ ਵਿਭਾਗ ਕਾਇਮ ਕਰ ਰਹੀ ਹੈ ਤਾਂ ਜੋ ਇਹਨਾਂ ਨਾਲ ਲਗਾਤਾਰ ਸੰਪਰਕ ਬਣਿਆ ਰਹੇ। ” ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਿਆਂ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਦਸਿਆ।

 

ਵੱਖਰੇ ਵੱਖਰੇ ਸੰਪ੍ਰਦਾਵਾਂ ਤੋਂ ਆਏ ਆਗੂਆਂ ਵਿਚ ਦਰਸ਼ਨ ਸਿੰਘ ਦਿੱਲੀ ਖੋਸਤੀ ਸਮਾਜ, ਮਹੰਤ ਕਾਹਨ ਸਿੰਘ ਸੇਵਾ ਪੰਥੀ ਪੰਚਮ ਦਾਸ ਬਿਹਾਰ ਨਾਨਕ ਸ਼ਾਹੀ ਸਮਾਜ ਸੰਤ ਰਮਿੰਦਰ ਦਾਸ ਅਤੇ ਸਵਾਮੀ ਸ਼ਾਂਤਾ ਨੰਦ ਉਦਾਸੀ, ਸੰਤ ਨਿਰਮਲ ਸਿੰਘ ਨਿਰਮਲੇ, ਐਲ. ਪੀ. ਸਿੰਘ ਅਤੇ ਮਨਜੀਤ ਸਿੰਘ ਲੰਕਾ, ਅਸਾਮੀ ਸਮਾਜ, ਬਾਬਾ ਦਲਜੀਤ ਸਿੰਘ ਸ਼ਿਕਾਗੋ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਨੋਰੰਗ ਸਿੰਘ, ਬਾਬਾ ਗੁਰਚਰਨ ਸਿੰਘ ਪੰਡਵਾਂ, ਸੰਤ ਰਿਖੀ ਰਾਜ, ਸੰਤ ਹਰਚਰਨ ਦਾਸ ਅਤੇ ਉਦਾਸੀ ਸੰਤ ਮਹਾਤਮਾ ਹਾਜਰ ਸਨ।

 

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀਆਂ ਵੱਖ-ਵੱਖ ਦਿਸ਼ਾਵਾਂ ਵੱਲ ਕੀਤੀਆਂ ਚਾਰ ਉਦਾਸੀਆਂ ਦੌਰਾਨ, ਦੱਬੇ ਕੁਚਲੇ ਸਮਾਜ ਵੱਲੋਂ ਜਿਨ੍ਹਾਂ ਨੂੰ ਨੀਵੀਆਂ ਜਾਤਾਂ ਵਾਲੇ ਕਹਿ ਕੇ ਨਫ਼ਰਤ ਕੀਤੀ ਜਾਂਦੀ ਰਹੀ ਹੈ, ਉਨ੍ਹਾਂ ਨੂੰ ਆਪਣੀ ਗਲਵਕੜੀ ਵਿਚ ਲੈ ਕੇ ਕਲੇਜੇ ਨਾਲ ਲਾਇਆ। ਉੱਚੀਆਂ ਜਾਤਾਂ ਦੀ ਹਉਮੈ ਪਾਲਣ ਵਾਲਿਆਂ ਨੂੰ ਸੰਬੋਧਤ ਕਰਦੇ ਹੋਏ ਇਹ ਐਲਾਨ ਕਰ ਦਿੱਤਾ ਕਿ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਨੀਵਾਂ ਸਮਝਦੇ ਹੋ, ਨਫ਼ਰਤ ਕਰਦੇ ਹੋ, ਮੈਂ ਉਨ੍ਹਾਂ ਨਾਲ ਖੜ੍ਹਾ ਹਾਂ । ਉਹ ਮੇਰੇ ਹਨ ਅਤੇ ਮੈਂ ਉਨ੍ਹਾਂ ਦਾ ਹਾਂ। ਮੇਰਾ ਉਚ ਜਾਤਾਂ ਦੀ ਹਉਮੈ ਪਾਲਣ ਵਾਲਿਆਂ ਨਾਲ ਕੋਈ ਵਾਸਤਾ ਨਹੀਂ, ਕੋਈ ਰੀਸ ਨਹੀਂ। ਆਪ ਨੇ ਬਚਨ ਕੀਤਾ ਹੈ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥

 

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਦੂਰ-ਦੁਰਾਡੇ ਜਿੱਥੇ ਵੀ ਗਏ ਸੰਗਤਾਂ ਨੇ ਉਹਨਾਂ ਦਾ ਪ੍ਰਭਾਵ ਕਬੂਲਿਆ। ਗੁਰੂ ਨਾਨਕ ਦੇਵ ਜੀ ਨੇ ਬੇਅੰਤ ਲੋਕਾਂ ਨੂੰ ਸਿੱਖ ਬਣਾਇਆ, ਧਰਮਸ਼ਾਲਾਵਾਂ ਸਥਾਪਿਤ ਕਰਵਾਈਆਂ ਅਤੇ ਉਥੇ ਉਨ੍ਹਾਂ ਦੁਆਰਾ ਥਾਪੇ ਗਏ ਪ੍ਰਚਾਰਕ ਨਿਰੰਤਰ ਧਰਮ ਪ੍ਰਚਾਰ, ਸਤਿਸੰਗ ਅਤੇ ਸਮਾਜਿਕ ਕਾਰਜ ਕਰਦੇ ਰਹੇ। ਕੌਡਾ ਭੀਲ ਆਂਧਰਾ ਪ੍ਰਦੇਸ਼ ਦੇ ਜੰਗਲੀ ਅਤੇ ਪਹਾੜੀ ਇਲਾਕੇ ਦਾ ਆਦਮਖ਼ੋਰ ਸੀ, ਪਰ ਹੈ ਸੀ ਚੰਗੇ ਗਿਆਨ ਵਾਲਾ। ਇਸ ਕੌਡੇ ਭੀਲ ਦਾ ਨਾਂ ਰਾਖਸ਼ਇਹਦੇ ਆਦਮਖੋਰ ਹੋਣ ਕਰਕੇ ਅਤੇ ਕਿਸੇ ਪਹਾੜੀ ਦੇ ਆਸ-ਪਾਸ ਰਹਿਣ ਕਰਕੇ ਹੀ ਪਿਆ ਹੋਵੇਗਾ ਕਿਉਂਕਿ ਆਂਧਰਾ ਪ੍ਰਦੇਸ਼ ਦੀ ਤੇਲਗੂ ਭਾਸ਼ਾ ਵਿਚ ਕੌਡੇ ਸ਼ਬਦ ਦਾ ਅਰਥ ਪਹਾੜ ਹੁੰਦਾ ਹੈ। ਇਸੇ ਤਰ੍ਹਾਂ ਸੱਜਣ ਠੱਗ, ਦੇਵ ਲੂਤ, ਬੰਗਾਲ ਦੀ ਜਾਦੂਗਰਨੀ ਅਤੇ ਹੋਰ ਅਨੇਕਾਂ ਜਿਹੜੇ ਆਸਾਮ, ਬੰਗਾਲ, ਉੜੀਸਾ, ਲੰਕਾ, ਤਿੱਬਤ, ਚੀਨ ਅਤੇ ਹੋਰ ਕਈ ਮੁਸਲਿਮ ਦੇਸ਼ਾਂ ਵਿਚ ਸਨ, ਉਹ ਹੀ ਗੁਰੂ ਸਾਹਿਬ ਦੇ ਚਰਨੀਂ ਲੱਗ ਕੇ ਸਿੱਖ ਬਣ ਗਏ ਸਨ ਅਤੇ ਉਨ੍ਹਾਂ ਦੇ ਆਉਣ ਵਾਲੇ ਖਾਨਦਾਨਾਂ ਵਿਚ ਸਿੱਖੀ ਪ੍ਰਫੁੱਲਤ ਹੋ ਕੇ ਵਧਦੀ ਰਹੀ ਸੀ।

 

ਮਹਾਂਰਾਸ਼ਟਰ ਅਤੇ ਆਂਧਰਾ ਦੇ ਨਾਇਕ ਲੋਕ, ਇਰਾਕ ਅਤੇ ਅਫ਼ਗਾਨਿਸਤਾਨ ਦੇ ਕੁਝ ਕਬੀਲੇ ਇਸ ਸਭ ਦੇ ਅੱਜਕੱਲ੍ਹ ਵੀ ਪੱਕੇ ਸਬੂਤ ਹਨ। ਲਾਹੌਰ ਦਾ ਵਣਜਾਰਾ ਵਪਾਰੀ ਭਾਈ ਮਨਸੁਖ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਸਿੱਖ ਸਜਿਆ ਸੀ। ਉਸ ਨੇ ਆਪਣੇ ਲਾਹੌਰ ਵਾਲੇ ਕੰਮ ਨੂੰ ਵਧਾ ਕੇ ਲੰਕਾ ਤੱਕ ਕਾਰੋਬਾਰ ਫੈਲਾ ਲਿਆ ਅਤੇ ਆਪਣੇ ਕਾਰੋਬਾਰ ਦੇ ਨਾਲ-ਨਾਲ ਉਸਨੇ ਸਿੱਖੀ ਦਾ ਪ੍ਰਚਾਰ ਵੀ ਕੀਤਾ। ਭਾਈ ਮਨਸੁਖ ਨੇ ਗੁਰੂ ਨਾਨਕ ਪਿਤਾ ਨੂੰ ਸ੍ਰੀਲੰਕਾ ਜਾਣ ਲਈ ਕਿਹਾ। ਲੰਕਾ ਦਾ ਰਾਜਾ ਸ਼ਿਵਨਾਭ ਗੁਰੂ ਸਾਹਿਬ ਅਤੇ ਸਿੱਖੀ ਤੋਂ ਬਹੁਤ ਪ੍ਰਭਾਵਿਤ ਹੋਇਆ।

 

ਗੁਰੂ ਨਾਨਕ ਦੇਵ ਜੀ ਵਲੋਂ ਚਲਾਇਆ ਗਿਆ ਸਿਲਸਿਲਾ ਅਗਲੀਆਂ ਪਾਤਸ਼ਾਹੀਆਂ ਵਲੋਂ ਵੀ ਚਲਦਾ ਰਿਹਾ। ਕਾਬਲੀ ਸੰਗਤ, ਬਨਾਰਸੀ ਸੰਗਤ, ਅਗਰਹਾਰੀ ਸਿੱਖ ਕਸ਼ਮੀਰੀ ਸਿੱਖ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਦਾ ਜ਼ਿਕਰ ਸਿੱਖ ਇਤਿਹਾਸ ਵਿਚ ਆਉਂਦਾ ਹੈ। ਪ੍ਰਸਿੱਧ ਬੰਗਾਲੀ ਵਿਦਵਾਨ ਡਾ. ਹਿਮਾਦਰੀ ਬੈਨਰਜੀ ਵਲੋਂ ਛਪੀ ਪੁਸਤਕ "The Other Sikhs" ਵਿੱਚ ਹੋਰ ਸਿੱਖਾਂ ਤੋਂ ਇਲਾਵਾ ਆਸਾਮੀ ਸਿੱਖਾਂ ਦਾ ਜ਼ਿਕਰ ਹੈ ਜੋ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਅਸਾਮ ਫੇਰੀ ਵੇਲੇ ਸਿੱਖ ਸਜੇ ਸਨ।

ਪਿੱਛੇ ਜਿਹੇ ਜਦੋਂ ਅਗਰਵਾਲ ਸਮਾਜ ਨੇ ਆਪਣੇ ਪੁਰਖੇ ਅਗਰਸੇਨ ਦੀ ਰਾਜਧਾਨੀ ਅਗਰੋਹੀ ਦਾ ਪੁਨਰ ਨਿਰਮਾਣ ਕੀਤਾ ਤਾਂ ਉਥੇ ਵੱਡੀ ਗਿਣਤੀ ਵਿੱਚ 'ਅਗਰਹਾਰੀ ਸਿੱਖ' ਵੀ ਸ਼ਾਮਿਲ ਹੋਏ । ਇਹ ਸਿੱਖ ਨੌਵੇਂ ਪਾਤਸ਼ਾਹ ਵੇਲੇ ਸਿੱਖੀ ਵਿਚ ਸ਼ਾਮਲ ਹੋਏ ਸਨ । ਇਸੇ ਤਰ੍ਹਾਂ ਮਹਾਰਾਜਾ ਪ੍ਰਤਾਪ ਨੂੰ ਔਖੇ ਵੇਲੇ ਮਾਇਕ ਸਹਾਇਤਾ ਦੇਣ ਵਾਲਾ ਸੇਠ ਭਾਮਸ਼ਾਹ ਇੱਕ ਉਦਾਸੀ ਸਿੱਖ ਸੀ ।

ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਸਭ ਸਥਾਨਾਂ ਤੇ ਸੰਗਤਾਂ ਅਤੇ ਸੰਸਥਾਵਾਂ ਕਾਇਮ ਕੀਤੀਆਂ ਜਿਹਨਾਂ ਨੂੰ "ਨਾਨਕਪੰਥੀ" ਕਿਹਾ ਜਾਣ ਲੱਗ ਪਿਆ । ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸਾਰੀਆਂ ਸੰਸਥਾਵਾਂ ਦੀ ਨਾਨਕ ਪੰਥੀ ਸੂਚੀ ਤਿਆਰ ਕਰਕੇ ਛਾਪੀ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ਦੇ ਸਤੰਬਰ 1969 ਅੰਕ ਵਿੱਚ ਸਿੰਘ ਸਾਹਿਬ ਗਿਆਨੀ ਫੌਜਾ ਸਿੰਘ ਜੀ ਵੱਲੋਂ ਛਪੇ ਲੇਖ ਵਿੱਚ ਦਰਸਾਇਆ ਗਿਆ ਹੈ ਕਿ ਅੱਧਾ ਬਿਹਾਰ ਉਦਾਸੀ ਸੰਪ੍ਰਦਾ ਦਾ (ਨਾਨਕਪੰਥੀ) ਹੁੰਦਾ ਸੀ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ ਉਦਾਸੀ ਸੰਪ੍ਰਦਾ ਨਾਲ ਸਬੰਧਤ ਸਨ। ਇਸ ਸੂਚੀ ਨੂੰ ਇਸ ਪੁਸਤਕ ਵਿਚ ਪਹਿਲੇ ਲੇਖ ਵਜੋਂ ਛਾਪਿਆ ਜਾ ਰਿਹਾ ਹੈ।

ਮੈਨੂੰ ਇਸ ਗਲ ਦੀ ਖੁਸ਼ੀ ਹੈ ਕਿ ਸਿਕਲੀਗਰ, ਵਣਜਾਰੇ, ਲੁਬਾਣੇ, ਸਿੰਧੀ, ਉਦਾਸੀ, ਸਤਨਾਮੀ ਅਤੇ ਹੋਰ ਸਿੱਖਾਂ ਦੇ ਜੀਵਨ, ਅਜੋਕੇ ਹਾਲਾਤ, ਉਨ੍ਹਾਂ ਦੀ ਪੁਕਾਰ ਅਤੇ ਉਨ੍ਹਾਂ ਦੀ ਤਰੱਕੀ ਤੇ ਸਿੱਖ ਮੁਖਧਾਰਾ ਵਿਚ ਸ਼ਾਮਲ ਕਰਨ ਹਿਤ ਉਧਮਾ ਦਾ ਵਿਸਥਾਰ ਨਾਲ ਵੇਰਵਾ ਇਸ ਪੁਸਤਕ ਵਿਚ ਵੱਖ-ਵੱਖ ਲਿਖਾਰੀਆਂ ਨੇ ਬੜੀ ਸ਼ਿੱਦਤ ਨਾਲ ਕੀਤਾ ਹੈ। ਪਿਛਲੇ ਪੰਜ ਦਹਾਕਿਆਂ ਦੇ ਵੱਖ-ਵੱਖ ਸਮੇਂ ਲਿਖੇ ਇਹ ਲੇਖ ਅੱਜ ਵੀ ਹਾਲਾਤਾਂ ਦੀ ਪੂਰੀ ਤਰਜ਼ਮਾਨੀ ਕਰਦੇ ਹਨ।

ਸਾਡੀ ਬੇਨਤੀ ਹੈ ਕਿ ਹੁਣ ਹੋਰ ਬਿਨਾਂ ਸਮਾਂ ਗਵਾਏ ਸਾਰੇ ਨਾਨਕਪੰਥੀਆਂ ਦੀ ਸੇਵਾ ਭਾਵ ਨੂੰ ਮੁੱਖ ਰੱਖ ਕੇ ਸਮਾਜਿਕ ਅਤੇ ਵਿੱਦਿਅਕ ਪੱਖੋਂ ਕਮਜ਼ੋਰ ਵਰਗਾਂ ਨੂੰ ਤਰੱਕੀ ਦੇ ਰਾਹ ਪਾਉਣ ਲਈ ਯੋਜਨਾਬੱਧ ਸਾਂਝੇ ਰੂਪ ਵਿਚ ਉਪਰਾਲੇ ਕਰਨੇ ਚਾਹੀਦੇ ਹਨ। ਸ੍ਰ. ਮਹਿੰਦਰ ਸਿੰਘ ਜੋਸ਼ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਹੈ ਦੁਜਿਆਂ ਮਤ ਵਾਲਿਆਂ ਦੀ ਕਲਮ -ਮਿਰਜ਼ਾ ਗੁਲਾਮ ਅਹਿਮਦ ਕਾਦੀਆਂ- ਇਹ ਮੰਨਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ 3 ਕਰੋੜ ਦੇ ਲਗਭਗ ਲੋਕਾਂ ਨੂੰ ਖੁਦ ਗੁਰੂ ਵਾਲਾ ਬਣਾਇਆ। ਲੇਖਕ ਅਤੇ ਖੋਜੀ ਇਤਿਹਾਸਕਾਰ ਡਾ. ਦਲਵਿੰਦਰ ਸਿੰਘ ਗਰੇਵਾਲ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਸੱਗੂ ਦੇ ਛਪੇ ਲੇਖਾਂ ਵਿਚ ਜ਼ਿਕਰ ਹੈ ਕਿ ਨਾਨਕਪੰਥੀਆਂ ਦੀ ਗਿਣਤੀ 12 ਕਰੋੜ ਹੈ। ਸਿਕਲੀਗਰਾਂ ਤੇ ਡਾਕਟਰੇਟ ਕਰਨ ਵਾਲੀ ਪਹਿਲੀ ਸਕਾਲਰ ਡਾ. ਹਰਪ੍ਰੀਤ ਕੌਰ ਖੁਰਾਣਾ ਇਨ੍ਹਾਂ ਦੀ ਗਿਣਤੀ 15 ਕਰੋੜ ਦੱਸਦੀ ਹੈ। ਭਾਈ ਕਾਨ ਸਿੰਘ ਨਾਭਾ ਦੇ ਰਚਿਤ ਮਹਾਨ ਕੋਸ਼ ਵਿਚ ਨਾਨਕਪੰਥੀ ਸ਼ਬਦ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਗਈ ਹੈ। ਨਾਨਕ ਪੰਥੀ: "ਸਤਿਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ ਤੁਰਨ ਵਾਲਾ ਗੁਰਸਿੱਖ ਹੈ। ਗੁਰੂ ਨਾਨਕ ਪੰਥੀਆਂ ਵਿੱਚ ਭਾਵੇਂ ਬਹੁਤ ਫਿਰਕੇ ਇਸ ਵੇਲੇ ਵੇਖੇ ਜਾਂਦੇ ਹਨ ਪਰ ਮੁੱਖ ਤਿੰਨ ਹੀ ਹਨ, ਅਰਥਾਤ: ਉਦਾਸੀ, ਸਹਿਜਧਾਰੀ ਅਤੇ ਸਿੰਘ (ਜਿੰਨ੍ਹਾਂ ਵਿੱਚ ਨਿਹੰਗ, ਨਿਰਮਲੇ, ਕੂਕੇ) ਆਦਿ ਸ਼ਾਮਲ ਹਨ।"

ਜਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਨਾ ਕੀਤੀ ਤਾਂ ਉਸ ਸਮੇਂ ਸਜੇ ਦੀਵਾਨ ਵਿੱਚ ਦੂਰ ਦੁਰਾਡੇ ਤੋਂ ਸਿੱਖ ਸੰਗਤਾਂ ਨੇ ਹਿੱਸਾ ਲਿਆ। ਉਸ ਸਮੇਂ ਸਜੇ ਪੰਜ ਪਿਆਰਿਆਂ ਦਾ ਵੇਰਵਾ ਇਸ ਪ੍ਰਕਾਰ ਹੈ:

1. ਲਾਹੌਰ ਤੋਂ ਭਾਈ ਦਿਆ ਸਿੰਘ ਜੀ

2. ਹਸਤਨਾਪੁਰ, ਯੂ ਪੀ ਤੋਂ ਭਾਈ ਧਰਮ ਸਿੰਘ ਜੀ

3. ਗੁਜਰਾਤ ਤੋਂ ਭਾਈ ਮੋਹਕਮ ਸਿੰਘ ਜੀ

4. ਜਗਨਨਾਥ ਪੁਰੀ, ਉੜੀਸਾ ਤੋਂ ਭਾਈ ਹਿੰਮਤ ਸਿੰਘ ਜੀ ਅਤੇ

5. ਬਿਦਰ, ਕਰਨਾਟਕਾ ਤੋਂ ਭਾਈ ਸਾਹਿਬ ਸਿੰਘ ਜੀ

ਸਿੱਖ ਕੌਮ ਦੀ ਫੁਲਵਾੜੀ ਦਾ ਘੇਰਾ ਵਧਾਉਣ ਦੀ ਜ਼ਰੂਰਤ ਹੈ। ਗੁਰੂ ਨਾਨਕ ਨਾਮਲੇਵਾ ਵੱਲ ਸਮੁਚੀ ਕੌਮ ਨੂੰ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਕਿਸੇ ਬਾਗ ਵਿੱਚ ਪੰਜ ਜਾਂ ਦਸ ਦਰੱਖਤ ਹੋ ਸਕਦੇ ਹਨ ਪਰ ਨਰਸਰੀਆਂ ਵਿਚੋਂ ਸੈਂਕੜੇ ਕਿਸਮਾਂ ਦੇ ਬੂਟੇ ਲਿਆ ਕੇ ਬਾਗ਼ਾਂ ਨੂੰ ਹਰਿਆ ਭਰਿਆ ਕੀਤਾ ਜਾ ਸਕਦਾ ਹੈ। ਅਜੋਕੇ ਸਮੇਂ ਸਿਕਲੀਗਰ, ਵਣਜਾਰੇ, ਸਤਿਨਾਮੀ, ਸਿੰਧੀ, ਉਦਾਸੀ, ਨਿਰਮਲੇ, ਰਮੱਈਏ, ਜੋਹਰੀ, ਅਗਰਹਾਰੀ, ਨਾਨਕ ਪੰਥੀਆਂ ਦੇ ਰੂਪ ਵਿੱਚ ਸਿੱਖ ਕੌਮ ਦੀ ਵੱਡਮੁਲੀ ਪਨੀਰੀ ਨਰਸਰੀ ਦੇ ਬੂਟੇ ਹੀ ਹਨ

ਜੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਯਾਦ ਨੂੰ ਸਮਰਪਤ ਹੋ ਕੇ ਉਪਰੋਕਤ ਦੱਸੇ ਅਣਗੋਲੇ ਨਾਨਕ ਪੰਥੀਆਂ ਦੀ ਸਾਰ ਲਈ ਜਾਵੇ, ਇਸ ਨਾਲ ਸਿੱਖ ਕੌਮ ਦਾ ਭਵਿੱਖ ਸੁਨਿਹਰਾ ਹੋਵੇਗਾ।

 

ਕੋਵਿਡ-19 ਕਰੋਨਾਵਾਇਰਸ ਮਹਾਂਮਾਰੀ ਦੌਰਾਨ ਕੌਮ ਦੀਆਂ ਸਮਾਜ ਸੇਵੀ

 

ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਨੇ ਜਿਸ ਤਨਦੇਹੀ ਨਾਲ ਦੂਰ ਦੁਰਾਡੇ ਸਿਕਲੀਗਰ ਵਣਜਾਰੇ ਪਰਿਵਾਰਾਂ ਦੀ ਬਾਂਹ ਫੜ੍ਹੀ ਹੈ। ਉਸ ਨਾਲ ਇੰਜ ਜਾਪਦਾ ਹੈ ਕਿ ਦੋਨੋ ਵਰਗਾਂ ਵਿਚ ਪਇਆ ਖਲਾਅ ਖਤਮ ਹੋ ਗਿਆ ਹੈ। ਇਹ ਇਕ ਬੁਹਤ ਵਡਾ ਉਪਰਾਲਾ ਹੋਇਆ ਹੈ। ਜੱਥੇਬੰਦੀਆਂ ਨੂੰ ਜ਼ਿਮੇਵਾਰੀ ਦਾ ਅਹਿਸਾਸ ਅਤੇ ਇਨ੍ਹਾਂ ਕਮਜ਼ੋਰ ਵਰਗਾਂ ਨੂੰ ਇਹ ਸਮਝ ਆ ਗਈ ਕਿ ਸਾਡਾ ਪੇਕਾ ਬਹੁਤ ਤਗੜਾ ਹੈ -ਕੌਮ ਸਾਡੇ ਨਾਲ ਹੈ। ਬਹੁਤ ਹੀ ਸ਼ਲਾਘਾ ਭਰਪੂਰ ਹੋਇਆ ਹੈ ਜਿਸ ਤੇ ਅੱਗੇ ਵੱਧ ਹੋਰ ਕਦਮੇ ਪੁਟਦੇ ਰਹਿਣ ਦੀ ਆਸ ਮਜ਼ਬੂਤ ਹੋਈ ਹੈ।

 

ਗੁਰੂ ਚਰਨਾਂ 'ਚ ਅਰਦਾਸ ਤੇ ਅਰਜ਼ੋਈ ਕਰਦਾਂ ਹਾਂ ਕਿ ਸਮੁੱਚੀ ਕੌਮ ਗੁਰੂ ਨਾਨਕ ਦੇ ਹੁਕਮਾਂ ਤੇ ਚਲਦੇ ਹੋਏ ਗਰੀਬ ਤੇ ਭੁੱਲੇ ਵਿਸਰੇ ਵੀਰਾਂ ਨੂੰ ਗਲਵੱਕੜੀ ਵਿੱਚ ਲੈ ਪੰਥ ਦੀ ਚੜ੍ਹਦੀ ਕਲਾ ਵਲ ਉੱਦਮ ਕਰੇ।