ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਕਈ ਦਹਾਕਿਆਂ ਤੋਂ ਵਾਰ ਵਾਰ ਪੰਨੂ ਵਰਗੇ ਕੁਝ ਭੇਖੀ ਕੱਠਮੁੱਲਿਆਂ ਨੂੰ ਖਾਲਿਸਤਾਨੀ ਸਿੱਖਾਂ ਵਜੋਂ ਪੇਸ਼ ਕਰਕੇ ਗੁਰੂਆਂ ਅਤੇ ਦੇਵਤਿਆਂ ਦੀ ਭੂਮੀ ਭਾਰਤ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕੱਟੜਵਾਦੀ ਮੌਲਾਣਿਆਂ ਨੂੰ ਇਕ ਵਾਰ ਫੇਰ ਤੋਂ ਮੂੰਹ ਦੀ ਖਾਣੀ ਪੈ ਰਹੀ ਹੈ।
ਸਿੱਖ ਕੌਮ ਦੀ ਦੇਸ਼ ਭਗਤੀ ਅਤੇ ਇਨਸਾਨੀਅਤ ਨੂੰ ਸਭ ਤੋਂ ਮੂਹਰੇ ਲੈ ਕੇ ਚੱਲਣ ਦੇ ਜਜ਼ਬੇ ਸਾਹਮਣੇ ਸਾਂਝੀਵਾਲਤਾ ਅਤੇ ਸਰਵੇ ਭਵੰਤੂ ਸੁਖਿਨ ਦੀ ਧਾਰਨਾ ਉੱਪਰ ਚੱਲਣ ਵਾਲੇ ਭਾਰਤ ਖਿਲਾਫ਼ ਭੜਕਾਉਣ ਦੀ ਆਈਐਸਆਈ ਦੀ ਸਾਜਿਸ਼ ਇਕ ਵਾਰ ਫੇਰ ਠੁੱਸ ਹੁੰਦੀ ਦਿਖਾਈ ਦੇ ਰਹੀ ਹੈ।
ਹਾਲਾਂਕਿ ਪਾਕਿਸਤਾਨ ਵਿਚੋਂ ਕੱਟਰਵਾਦੀਆਂ ਵਲੋਂ ਚਲਾਈਆਂ ਜਾਣ ਵਾਲੀਆਂ ਨਾਪਾਕ ਹਰਕਤਾਂ ਇਕ ਵਾਰ ਫੇਰ ਤੋਂ ਆਪਣੇ ਸਿਖਰ ਨੂੰ ਛੂਹ ਰਹੀਆਂ ਹਨ।
ਪਹਲਗਾਮ ਵਿਚ 22 ਅਪ੍ਰੈਲ ਵਾਲੇ ਦਿਨ ਗੈਰ ਮੁਸਲਿਮ ਸੈਲਾਨੀਆਂ ਨੂੰ ਚੁਣ ਚੁਣ ਕੇ ਮਾਰੇ ਜਾਣ ਦੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਵਾਰਦਾਤ ਤੋਂ ਬਾਅਦ ਦੋਸ਼ੀ ਅੱਤਵਾਦੀਆਂ ਨੂੰ ਸਜ਼ਾਵਾਂ ਦੇਣ ਲਈ 9-10 ਮਈ 2025 ਦੀ ਦਰਮਿਆਨੀ ਰਾਤ ਨੂੰ ਭਾਰਤ ਨੇ ਆਪਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਦੇ ਤਿੰਨ ਹਵਾਈ ਟਿਕਾਣਿਆਂ ਰਾਵਲਪਿੰਡੀ ਦੇ ਨੂਰਖਾਨ, ਝੰਗ ਜ਼ਿਲੇ ਵਿੱਚ ਰਫੀਕੀ ਅਤੇ ਚਕਵਾਲ ਵਿਚ ਮੁਰੀਦ ਵਿਖੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਨਾਲ ਮੋੜਵਾਂ ਜਵਾਬ ਦਿੱਤਾ।
ਇਸ ਤੋਂ ਬਾਅਦ ਪਾਕਿਸਤਾਨ ਨੇ ਇਕ ਵਾਰ ਫਿਰ ਆਪਣੀ ਪੁਰਾਣੀ ਚਾਲ ਚੱਲ ਕੇ ਸਿੱਖ ਕੌਮ ਨੂੰ ਭਾਰਤ ਵਿਰੁੱਧ ਭੜਕਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਪਾਕਿਸਤਾਨੀ ਸੈਨਾ ਦਾ ਸਿੱਖ ਧਾਰਮਿਕ ਅਸਥਾਨਾਂ ਬਾਰੇ ਬੇਹੂਦਾ ਦਾਅਵਾ
9-10 ਮਈ ਦੀ ਦਰਮਿਆਨੀ ਰਾਤ ਨੂੰ, ਭਾਰਤ ਨੇ ਪਾਕਿਸਤਾਨ ਵਲੋਂ ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਭਾਰਤ ਉੱਤੇ ਹਮਲਾ ਕਰਨ ਦੇ ਹਮਲਾਵਰ ਰਵੱਈਏ ਖਿਲਾਫ਼ ਠੋਕਵਾਂ ਜਵਾਬ ਦਿੱਤਾ।
ਇਹਨਾ ਵਿਚੋਂ ਇਕ ਮਿਸਾਈਲ ਫਤਿਹ -2 ਦਿੱਲੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਿਚ ਭਾਰਤੀ ਸੈਨਾ ਵਲੋਂ ਹਰਿਆਣਾ ਦੇ ਸਿਰਸਾ ਵਿਚ ਮਾਰ ਗਿਰਾਈ ਗਈ।
ਇਸ ਤੋਂ ਬਾਅਦ, ਭਾਰਤ ਨੇ ਆਪਣੀ ਫੌਜੀ ਤਾਕਤ ਜ਼ਾਹਰ ਕਰਦਿਆਂ ਅਤੇ ਪਾਕਿਸਤਾਨ ਦੇ ਅੱਤਵਾਦੀਆਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਓਪਰੇਸ਼ਨ ਸਿੰਦੂਰ ਵਿਚ ਭਾਰਤ ਨੇ ਪਾਕਿਸ੍ਤਾਨ ਦੇ ਤਿੰਨ ਵੱਡੇ ਹਵਾਈ ਅੱਡਿਆਂ ਨੂੰ ਤਬਾਹ ਕਰ ਦਿੱਤਾ।
ਇਸ ਹਮਲੇ ਤੋਂ ਪਾਕਿਸਤਾਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਭਾਰੀ ਅਸਫਲਤਾ ਤੋਂ ਸੰਸਾਰ ਦਾ ਧਿਆਨ ਹਟਾਉਣ ਲਈ ਹੋਰ ਕੁਝ ਨਾ ਸੁੱਝਿਆ ਤਾਂ ਪਾਕਿਸਤਾਨ ਆਰਮੀ ਦੇ ਬੁਲਾਰੇ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਬੇਸਿਰਪੈਰ ਦਾ ਅਜਿਹਾ ਦਾਅਵਾ ਕਰ ਮਾਰਿਆ।
ਆਪਣੇ ਦਾਅਵੇ ਵਿਚ ਉਸਨੇ ਕਿਹਾ ਕਿ ਭਾਰਤੀ ਪੰਜਾਬ ਵਿੱਚ ਭਾਰਤ ਨੇ ਆਦਮਪੁਰ ਹਵਾਈ ਅੱਡੇ ਤੋਂ ਛੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਉਨ੍ਹਾਂ ਵਿੱਚੋਂ ਇੱਕ ਤਾਂ ਆਦਮਪੁਰ ਵਿਚ ਹੀ ਡਿਗ ਗਈ ਅਤੇ ਬਾਕੀ ਪੰਜ ਸਿੱਖਾਂ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਚ ਡਿਗ ਗਈਆਂ।
ਇਸ ਹਾਸੋਹੀਣੇ ਅਤੇ ਬੇਸਿਰਪਾਰ ਦਾਅਵੇ ਦਾ ਉਦੇਸ਼ ਸਿੱਖ ਕੌਮ, ਖ਼ਾਸਕਰ ਖਾਲਿਸਤਾਨੀ ਸਮਰਥਕਾਂ ਨੂੰ ਭਾਰਤ ਵਿਰੁੱਧ ਭੜਕਾਉਣਾ ਅਤੇ ਪਾਕਿਸਤਾਨ ਨਾਲ ਯੁੱਧ ਦੀ ਆੜ ਹੇਠ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਨੈਰੇਟਿਵ ਸਿਰਜਣਾ ਸੀ।
ਇਹ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਪਾਕਿਸਤਾਨ ਦੀ ਨਾਪਾਕ ਏਜੰਸੀ ਆਈਐਸਆਈ ਇਹ ਗੱਲ ਚੰਗੀ ਤਰਾਂ ਸਮਝਦੀ ਹੈ ਕਿ ਅੰਮ੍ਰਿਤਸਰ ਸਿੱਖਾਂ ਅਤੇ ਸਮੂਹ ਭਾਰਤੀਆਂ ਦਾ ਅਧਿਆਤਮਕ ਅਤੇ ਸਭਿਆਚਾਰਕ ਕੇਂਦਰ ਹੈ, ਜਿੱਥੇ ਕਿ ਹਰਿਮੰਦਰ ਸਾਹਿਬ ਵਰਗਾ ਪਵਿੱਤਰ ਸਥਾਨ ਮੌਜੂਦ ਹੈ।
ਪਾਕਿਸਤਾਨ ਨੇ ਸੋਚਿਆ ਕਿ ਅਜਿਹੇ ਦਾਅਵੇ ਸਿੱਖਾਂ ਦੇ ਵਿਚਕਾਰ ਭਾਰਤ ਸਰਕਾਰ ਖਿਲਾਫ਼ ਭੜਕਾਹਟ ਪੈਦਾ ਕਰਨਗੇ ਅਤੇ ਉਹ ਪਾਕਿਸਤਾਨ ਦੀ ਹਿਮਾਇਤ ਵਿਚ ਉੱਤਰ ਆਉਣਗੇ।
ਪਰ ਇਹ ਪਹਿਲੀ ਵਾਰ ਨਹੀਂ ਕਿ ਪਾਕਿਸਤਾਨ ਨੇ ਅਜਿਹੀ ਚਾਲ ਚੱਲੀ ਹੋਵੇ। ਕਈ ਦਹਾਕਿਆਂ ਤੋਂ ਉਹ ਭਾਰਤ ਦੇ ਖਿਲਾਫ਼ ਸਿੱਖ ਭਾਈਚਾਰੇ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ ।
ਪਰ ਓਪਰੇਸ਼ਨ ਸਿੰਦੂਰ ਤੋਂ ਬਾਅਦ ਇਕ ਵਾਰ ਫੇਰ ਚੁਣ ਚੁਣ ਕੇ ਗੈਰ ਮੁਸਲਿਮ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਦੀ ਸਰਪ੍ਰਸਤੀ ਕਾਰਨ ਬੇਨਕਾਬ ਪਾਕਿਸਤਾਨ ਨੂੰ ਮੂੰਹ ਲੁਕਾਉਣ ਲਈ ਕੋਈ ਥਾਂ ਨਹੀਂ ਮਿਲ ਰਹੀ ਤਾਂ ਉਸ ਨੇ ਫਿਰ ਕੋਝੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਦਰਅਸਲ, ਖਾਲਿਸਤਾਨ ਦੇ ਏਜੰਡੇ ਦੀ ਸ਼ੁਰੂਆਤ 1947 ਦੀ ਤਕਸੀਮ ਦੇ ਸਮੇਂ ਤੋਂ ਹੀ ਹੋ ਗਈ ਸੀ ਜਦੋਂ ਸਿੱਖ ਭਾਈਚਾਰੇ ਦਾ ਇਕ ਛੋਟਾ ਜਿਹਾ ਹਿੱਸਾ ਪੰਜਾਬ ਵਿਚ ਇਕ ਵੱਖਰੀ ਸਿੱਖ ਸਟੇਟ ਚਾਹੁੰਦਾ ਸੀ।
ਪਰ ਇਹ ਮੰਗ ਉਸ ਸਮੇਂ ਬਹੁਤ ਜ਼ਿਆਦਾ ਜ਼ੋਰ ਨਹੀਂ ਫੜ ਸਕੀ। 1970 ਦੇ ਦਹਾਕੇ ਵਿਚ ਏਜੰਡਾ ਉੱਭਰਿਆ ਜਿਸ ਦੇ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਈਸੀਆਈ ਦਾ ਵੱਡਾ ਹੱਥ ਸੀ।
ਪਾਕਿਸਤਾਨ ਨੂੰ 1971 ਵਿਚ ਭਾਰਤ-ਪਾਕਿਸਤਾਨ ਯੁੱਧ ਦੌਰਾਨ ਕਰਾਰੀ ਹਾਰ ਮਿਲੀ। ਪੂਰਬੀ ਪਾਕਿਸਤਾਨ ਇਸ ਯੁੱਧ ਵਿਚ ਬੰਗਲਾਦੇਸ਼ ਬਣ ਗਿਆ ਅਤੇ ਇਸ ਹਾਰ ਦਾ ਬਦਲਾ ਲੈਣ ਲਈ, ਫਿਰ ਪਾਕਿਸਤਾਨ ਦੇ ਨੇਤਾ ਜ਼ੁਲਫਿਕਾਰ ਅਲੀ ਭੁੱਟੋ ਨੇ ਖਾਲਿਸਤਾਨ ਦੇ ਏਜੰਡੇ ਨੂੰ ਉਭਾਰ ਕੇ ਭਾਰਤ ਨੂੰ ਅਸਥਿਰ ਕਰਨ ਦੀ ਸਾਜਿਸ਼ ਰਚੀ।
1993 ਵਿਚ ਇੰਡੀਆ ਟੁਡੇ ਨੂੰ ਦਿੱਤੇ ਇਕ ਇੰਟਰਵਿਊ ਵਿਚ, ਖਾਲਿਸਤਾਨੀ ਨੇਤਾ ਜਗਜੀਤ ਸਿੰਘ ਚੌਹਾਨ ਨੇ ਖੁਲਾਸਾ ਕੀਤਾ ਸੀ ਕਿ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਜ਼ੁਲਿਫਕਾਰ ਅਲੀ ਭੁੱਟੋ ਨੇ ਉਸ ਨਾਲ ਮਿਲ ਕੇ ਖਾਲਿਸਤਾਨ ਦੇ ਏਜੰਡੇ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ।
ਚੌਹਾਨ ਨੇ ਕਿਹਾ ਕਿ ਭੁੱਟੋ ਨੇ ਨਨਕਾਣਾ ਸਾਹਿਬ ਨੂੰ ਖਾਲਿਸਤਾਨ ਦੀ ਰਾਜਧਾਨੀ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ। ਇਹ ਉਹ ਸਮਾਂ ਸੀ ਜਦੋਂ ਭੁੱਟੋ ਭਾਰਤ ਨਾਲ ਸ਼ਾਂਤੀ ਦੀ ਗੱਲਬਾਤ ਦੀ ਗੱਲ ਕਰ ਰਿਹਾ ਸੀ। ਇਸ ਦੂਹਰੀ ਖੇਡ ਤੋਂ ਇਹ ਸਪੱਸ਼ਟ ਹੈ ਕਿ ਪਾਕਿਸਤਾਨ ਦਾ ਇਰਾਦਾ ਭਾਰਤ ਅੰਦਰੋਂ ਅੰਦਰੀ ਕਮਜ਼ੋਰ ਕਰਨਾ ਹੀ ਹੈ।
1980 ਦੇ ਦਹਾਕੇ ਵਿਚ ਖਾਲਿਸਤਾਨ ਏਜੰਡੇ ਨੇ ਹਿੰਸਕ ਰੂਪ ਲਿਆ ਜਦੋਂ ਜਰਨੈਲ ਸਿੰਘ ਭਿੰਡਰਾਂਵਾਲੇ ਵਰਗੇ ਨੇਤਾ ਦਾ ਉਭਾਰ ਹੋਇਆ। ਇਸ ਸਮੇਂ ਦੌਰਾਨ ਪੰਜਾਬ ਵਿਚ ਅੱਤਵਾਦੀ ਗਤੀਵਿਧੀਆਂ ਸਿਖਰ ‘ਤੇ ਸਨ।
ਪਰ ਇਹ ਹਿੰਸਾ ਆਪਣੇ ਆਪ ਨਹੀਂ ਭੜਕੀ ਬਲਕਿ ਪਾਕਿਸਤਾਨ ਦੀ ਆਈਐਸਆਈ ਨੇ ਖਾਲਿਸਤਾਨੀ ਅੱਤਵਾਦੀਆਂ ਨੂੰ ਹਥਿਆਰ, ਸਿਖਲਾਈ ਅਤੇ ਸੁਰੱਖਿਅਤ ਲੁਕਣਗਾਹਾਂ ਪ੍ਰਦਾਨ ਕੀਤੀਆਂ।
ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਕਮਾਂਡੋ ਫੋਰਸ ਵਰਗੇ ਅੱਤਵਾਦੀ ਸੰਗਠਨਾ ਦੇ ਨੇਤਾ ਪਾਕਿਸਤਾਨ ਵਿਚ ਬੈਠ ਕੇ ਭਾਰਤ ਖਿਲਾਫ਼ ਸਾਜਿਸ਼ ਰਚਣ ਦੀ ਕੋਸ਼ਿਸ਼ ਕਰਦੇ ਸਨ।
ਉਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਦਾ ਨਵਾਂ ਹੱਥਕੰਡਾ
ਓਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਨੇ ਇਸ ਸਾਜਿਸ਼ ਨੂੰ ਮੁੜ ਤੇਜ਼ ਕਰ ਦਿੱਤਾ। ਉਸਨੇ ਫੌਜੀ ਬੁਲਾਰੇ ਰਾਹੀਂ ਨਾ ਸਿਰਫ ਝੂਠੇ ਦਾਅਵੇ ਕੀਤੇ, ਬਲਕਿ ਇਸ ਮੁਹਿੰਮ ਵਿੱਚ ਉਸਦੇ ਨਾਗਰਿਕ, ਖਾਸ ਕਰਕੇ ਮਸ਼ਹੂਰ ਹਸਤੀਆਂ ਵੀ ਸ਼ਾਮਲ ਕੀਤੀਆਂ।
ਆਪਣਾ ਕੱਟੜਵਾਦੀ ਮਜਹਬ ਨਿਭਾਉਂਦੇ ਹੋਏ ਸਾਬਕਾ ਪਾਕਿਸਤਾਨੀ ਕ੍ਰਿਕਟਰ ਮੁਹੰਮਦ ਯੂਨਸ ਨੇ ਵੀ ਦਾਅਵਾ ਕੀਤਾ ਕਿ ਆਰਐਸਐਸ ਦੀ ਹਿਮਾਇਤ ਹਾਸਲ ਭਾਜਪਾ ਸਰਕਾਰ ਇੱਕ ਅੱਤਵਾਦੀ ਸੰਗਠਨ ਤੋਂ ਘੱਟ ਨਹੀਂ ਹੈ।
ਉਸ ਅਨੁਸਾਰ ਇਹ ਆਪਣੇ ਗਵਾਂਢੀ ਮੁਲਕਾਂ ਵਿਚ ਡਰ ਫੈਲਾਉਂਦੀ ਹੈ ਅਤੇ ਆਪਣੇ ਨਾਗਰਿਕਾਂ ਖਾਸ ਤੌਰ ਤੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਤਸੀਹੇ ਦਿੰਦੀ ਹੈ।”
ਅਜਿਹੇ ਬਿਆਨ ਦਾ ਮਕਸਦ ਸਿੱਖਾਂ ਅਤੇ ਮੁਸਲਮਾਨਾਂ ਨੂੰ ਇੱਕਜੁੱਟ ਦਿਖਾਉਂਦੇ ਹੋਏ ਭਾਰਤ ਦੇ ਵਿਰੁੱਧ ਮਾਹੌਲ ਨੂੰ ਬਣਾਉਣ ਦੀ ਨਾਕਾਮ ਹੋ ਚੁੱਕੀ ਕੋਸ਼ਿਸ਼ ਹੈ।
ਪਾਕਿਸਤਾਨ ਦੀ ਇਹ ਸਾਜਿਸ਼ ਸਿਰਫ ਸੋਸ਼ਲ ਮੀਡੀਆ ਤੱਕ ਸੀਮਿਤ ਨਹੀਂ ਬਲਕਿ ਉਸਨੇ ਆਪਣੇ ਮੀਡੀਆ ਅਤੇ ਯੂਟਿਬ ਚੈਨਲਾਂ ਰਾਹੀਂ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੋਸ਼ਿਸ਼ ਕੀਤੀ।
ਮਿਸਾਲ ਵਜੋਂ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਪਾਕਿਸਤਾਨੀ ਯੂਟਿਬ ਚੈਨਲਾਂ ਨੂੰ ਇੰਟਰਵਿਊ ਦੇ ਕੇ ਕੱਟੜਵਾਦੀ ਮਲੇਸ਼ਾਂ ਦੀ ਝੋਲੀ ਵਿਚ ਬੈਠੇ ਹੋਣ ਦਾ ਸਬੂਤ ਦਿੱਤਾ। ਉਸਨੇ ਦਾਅਵਾ ਕੀਤਾ ਕਿ ਜੇ ਪਾਕਿਸਤਾਨ ਖਾਲਿਸਤਾਨ ਦਾ ਸਮਰਥਨ ਕਰੇ ਤਾਂ ਸਿੱਖ ਭਾਰਤੀ ਫੌਜ ਨੂੰ ਪਾਕਿਸਤਾਨ ‘ਤੇ ਹਮਲਾ ਕਰਨ ਤੋਂ ਰੋਕ ਦੇਣਗੇ।
ਇਸਦੇ ਨਾਲ ਹੀ ਉਸ ਨੇ ਭਾਰਤ ਦੇ ਟੁਕੜੇ ਟੁਕੜੇ ਕਰਨ ਦੇ ਆਪਣੀ ਘਿਨਾਉਣੀ ਮਾਨਸਿਕਤਾ ਨੂੰ ਪੂਰਾ ਕਰਨ ਲਈ ਅਰਦਾਸ ਦੀ ਪਵਿੱਤਰ ਭਾਵਨਾ ਨਾਲ ਵੀ ਖਿਲਵਾੜ ਕੀਤਾ।
ਉਸ ਦੀਆਂ ਇਹਨਾ ਹਰਕਤਾਂ ਤੋਂ ਸਪਸ਼ਟ ਹੈ ਕਿ ਪਾਕਿਸਤਾਨ ਦੀ ਸੱਤਾ ਖਾਲਿਸਤਾਨੀਆਂ ਨੂੰ ਭਾਰਤ ਦੇ ਵਿਰੁੱਧ ਇੱਕ ਮੋਹਰੇ ਵਜੋਂ ਵਰਤ ਰਹੀ ਹੈ।
ਪਾਕਿਸਤਾਨ ਦੀ ਕਰਤਾਰਪੁਰ ਸਾਹਿਬ ਦੇ ਨਾਮ ‘ਤੇ ਕੋਝੀ ਹਰਕਤ
ਪਾਕਿਸਤਾਨ ਪਹਿਲਾਂ ਵੀ ਸਿੱਖਾਂ ਨੂੰ ਪਵਿੱਤਰ ਸਿੱਖ ਅਸਥਾਨਾਂ ਦੇ ਜ਼ਜਬਾਤਾਂ ਅਧੀਨ ਭੜਕਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।
ਕੁਝ ਸਾਲ ਪਹਿਲਾਂ 2019 ਵਿਚ ਜਦੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਗਿਆ ਤਾਂ ਉਸਦੇ ਤੁਰੰਤ ਬਾਅਦ, ਪਾਕਿਸਤਾਨੀ ਅਧਿਕਾਰੀਆਂ ਨੇ ਇਕ ਪ੍ਰਦਰਸ਼ਨੀ ਵਿਚ ਇਹ ਝੂਠਾ ਦਾਅਵਾ ਕੀਤਾ ਕਿ 1971 ਦੀ ਜੰਗ ਵਿਚ ਭਾਰਤੀ ਹਵਾਈ ਫੌਜ ਨੇ ਕਰਤਾਰਪੁਰ ਸਾਹਿਬ ਉੱਪਰ ਬੰਬ ਸੁੱਟ ਦਿੱਤਾ ਸੀ।
ਇਸ ਦਾਅਵੇ ਦਾ ਹਾਲਾਂਕਿ ਕੋਈ ਇਤਿਹਾਸਕ ਸਬੂਤ ਨਹੀਂ ਸੀ, ਫਿਰ ਵੀ ਪਾਕਿਸਤਾਨ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਸ ਨੂੰ ‘ਵਾਹਿਗੁਰੂ ਦਾ ਚਮਤਕਾਰ’ ਦੱਸ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ।
ਭਾਰਤ ਨੇ ਇਸ ਗੱਲ ‘ਤੇ ਜ਼ੋਰਦਾਰ ਇਤਰਾਜ਼ ਜਤਾਇਆ, ਪਰ ਪਾਕਿਸਤਾਨ ਨੇ ਅਜਿਹੇ ਝੂਠੇ ਪ੍ਰਚਾਰ ਨੂੰ ਜਾਰੀ ਰੱਖਿਆ।
2019 ਵਿੱਚ, ਭਾਰਤ ਨੇ 23 ਸਫਿਆਂ ਦਾ ਇਕ ਡੋਜ਼ੀਆਰ ਪਾਕਿਸਤਾਨ ਨੂੰ ਸੌਂਪਿਆ ਜਿਸ ਵਿਚ 30 ਅਜਿਹੇ ਮਾਮਲੇ ਵਰਨਣ ਸਨ ਜਿਹਨਾ ਵਿਚ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਖਾਲਿਸਤਾਨ ਦੇ ਸਮਰਥਨ ਵਿਚ ਸਮੱਗਰੀ ਤਕਸੀਮ ਕੀਤੀ ਗਈ ਸੀ।
ਇਸ ਤੋਂ ਸਪੱਸ਼ਟ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਮਨਜ਼ੂਰੀ ਦੇਣ ਪਿੱਛੇ ਪਾਕਿਸਤਾਨ ਦਾ ਉਦੇਸ਼ ਸਿਰਫ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨਾ ਨਹੀਂ ਬਲਕਿ ਸਿੱਖਾਂ ਦਾ ਭਾਰਤ ਤੋਂ ਮੋਹ ਭੰਗ ਕਰਨ ਦਾ ਇਕ ਸਾਧਨ ਹਾਸਲ ਕਰਨਾ ਸੀ।
ਖਾਲਿਸਤਾਨੀ ਅੱਤਵਾਦੀਆਂ ਦਾ ਪਾਕਿਸਤਾਨ ਨਾਲ ਪਿਆਰ
ਬਿਨਾ ਸ਼ੱਕ ਪਾਕਿਸਤਾਨ ਵਲੋਂ ਖਾਲਿਸਤਾਨੀ ਅੱਤਵਾਦੀਆਂ ਨੂੰ ਹਮੇਸ਼ਾਂ ਪਨਾਹ ਦਿੱਤੇ ਜਾਣ ਅਤੇ ਗੁਰਪਤਵੰਤ ਪੰਨੂ ਵਰਗਿਆਂ ਨੂੰ ਖੁੱਲਾ ਸਮਰਥਨ ਮਿਲਣ ਕਾਰਨ ਖਾਲਿਸਤਾਨ ਦੀ ਚੰਗਿਆੜੀ ਹਾਲੇ ਵੀ ਲਗਾਤਾਰ ਧੁਖਦੀ ਆ ਰਹੀ ਹੈ।
ਹਾਲਾਂਕਿ ਐਸਐਫਜੇ ‘ਤੇ ਭਾਰਤ ਵਿਚ ਪਾਬੰਦੀ ਲਗਾਈ ਗਈ ਹੈ ਅਤੇ ਉਸ ਨੂੰ ਇਕ ਅੱਤਵਾਦੀ ਸੰਗਠਨ ਨੂੰ ਘੋਸ਼ਿਤ ਕੀਤਾ ਗਿਆ ਹੈ, ਪਰ ਇਹ ਸੰਗਠਨ ਨੂੰ ਪਾਕਿਸਤਾਨ ਵਿਚ ਆਪਣੀਆਂ ਸਰਗਰਮੀਆਂ ਚਲਾਉਣ ਦੀ ਪੂਰੀ ਛੋਟ ਹੈ।
ਖੁਫੀਆ ਸੂਤਰਾਂ ਦੇ ਅਨੁਸਾਰ ਐਸਐਫਜੇ ਵੈਬਸਾਈਟਾਂ ਦਾ ਡੋਮੇਨ ਕਰਾਚੀ ਵਿੱਚ ਇੱਕ ਵੈਬਸਾਈਟ ਨਾਲ ਜੁੜਿਆ ਹੋਇਆ ਹੈ। ਬਹੁਤ ਸਾਰੇ ਖਾਲਿਸਤਨੀ ਅੱਤਵਾਦੀਆਂ ਨੇ ਪਾਕਿਸਤਾਨ ਵਿਚ ਪਨਾਹ ਲਈ ਹੋਈ ਹੈ।
2023 ਵਿਚ ਕੈਨੇਡਾ ਦੀ ਗੈਂਗਵਾਰ ਵਿਚ ਮਾਰੇ ਗਏ ਮਾਰੇ ਗਏ ਹਰਦੀਪ ਸਿੰਘ ਨਿੱਝਰ ਨੇ 2013 ਵਿਚ ਪਾਕਿਸਤਾਨ ਦਾ ਦੌਰਾ ਕੀਤਾ ਸੀ ਅਤੇ ਖਾਲਿਸਤਾਨੀ ਅੱਤਵਾਦੀ ਜਗਤਟਰ ਸਿੰਘ ਤਾਰਾ ਨੂੰ ਮਿਲਿਆ ਸੀ।
ਤਾਰਾ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 2004 ਵਿੱਚ ਉਸਨੇ ਜੇਲ੍ਹ ਤੋਂ ਇੱਕ ਸੁਰੰਗ ਖੋਦਣ ਤੋਂ ਬਾਅਦ ਫਰਾਰ ਹੋ ਕੇ ਪਾਕਿਸਤਾਨ ਵਿੱਚ ਪਨਾਹ ਲਈ ਹੋਈ ਸੀ।
ਇਸੇ ਤਰ੍ਹਾਂ 1981 ਵਿਚ ਇੰਡੀਅਨ ਏਅਰ ਲਾਈਨਜ਼ ਦੇ ਅਗਵਾਕਾਰ ਅਤੇ ਦਲ ਖਾਲਸਾ ਦੇ ਸਹਿ-ਸੰਸਥਾਪਕ ਗਜਿੰਦਰ ਸਿੰਘ ਨੂੰ ਵੀ ਪਾਕਿਸਤਾਨ ਵਿਚ ਪਨਾਹ ਮਿਲੀ ਸੀ।
ਗਜਿੰਦਰ ਅਤੇ ਉਸਦੇ ਸਾਥੀਆਂ ਨੇ ਭਿੰਡਰਾਂਵਾਲੇ ਦੀ ਰਿਹਾਈ ਅਤੇ 5 ਲੱਖ ਡਾਲਰ ਦੀ ਮੰਗ ਕਰਦਿਆਂ ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਜਹਾਜ਼ ਨੂੰ ਲਹੌਰ ਵੱਲ ਮੋੜ ਦਿੱਤਾ ਸੀ।
ਪਾਕਿਸਤਾਨ ਨੇ ਉਸ ਉੱਪਰ ਮੁਕਦਮਾ ਚਲਾਇਆ ਅਤੇ ਅਗਵਾਕਾਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਪਰ 1994 ਵਿੱਚ ਗਜਿੰਦਰ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ।
ਭਾਰਤ ਨੇ ਕਈ ਵਾਰ ਗਜਿੰਦਰ ਸਿੰਘ ਦੀ ਹਵਾਲਗੀ ਦੀ ਮੰਗ ਕੀਤੀ, ਪਰ ਪਾਕਿਸਤਾਨ ਨੇ ਹਮੇਸ਼ਾਂ ਇਨਕਾਰ ਕਰ ਦਿੱਤਾ ਕਿ ਇਹ ਉਸਦੇ ਦੇਸ਼ ਵਿੱਚ ਨਹੀਂ।
ਪਾਕਿਸਤਾਨ ਦੀ ‘ਬਲੀਡ ਇੰਡੀਆ’ ਸਾਜਿਸ਼
ਪਾਕਿਸਤਾਨ ਦੀ ‘ਬਲੀਡ ਇੰਡੀਆ’ ਦੀ ਸਾਜਿਸ਼ ਦਾ ਉਦੇਸ਼ ਛੋਟੇ ਛੋਟੇ ਜ਼ਖ਼ਮ ਦੇ ਕੇ ਭਾਰਤ ਨੂੰ ਕਮਜ਼ੋਰ ਕਰਨਾ ਹੈ। ਖਾਲਿਸਤਾਨ ਦਾ ਏਜੰਡਾ ਇਸ ਸਾਜਿਸ਼ ਦਾ ਵੱਡਾ ਹਥਿਆਰ ਰਿਹਾ ਹੈ।
ਪੰਜਾਬ ਇਕ ਸੰਵੇਦਨਸ਼ੀਲ ਸਰਹੱਦੀ ਰਾਜ ਹੈ ਜੋ ਪਾਕਿਸਤਾਨ ਨਾਲ ਲੰਮੀ ਅਤੇ ਅਸਥਿਰ ਸਰਹੱਦ ਰੱਖਦਾ ਹੈ। ਪਾਕਿਸਤਾਨ ਨੇ ਇਸ ਸੂਬੇ ਨੂੰ ਦਹਾਕਿਆਂ ਤੋਂ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਸਨੇ ਸਰਹੱਦੀ ਅੱਤਵਾਦ ਨੂੰ ਉਤਸ਼ਾਹਤ ਕੀਤਾ, ਖਾਲਿਸਤਾਨ ਬਗਾਵਤ ਨੂੰ ਉਤਸ਼ਾਹਤ ਕੀਤਾ ਅਤੇ ਨਸ਼ਿਆਂ ਅਤੇ ਹਥਿਆਰਾਂ ਦਾ ਇੱਕ ਨੈੱਟਵਰਕ ਲਾਂਚ ਕੀਤਾ।
1980 ਦੇ ਦਹਾਕੇ ਵਿਚ ਖਾਲਿਸਤਾਨੀ ਅੱਤਵਾਦ ਇਸ ਦੇ ਸਿਖਰ ‘ਤੇ ਸੀ। ਇਸ ਸਮੇਂ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ ਅਤੇ ਸੂਬੇ ਵਿੱਚ ਹਫੜਾ-ਦਫੜੀ ਮਚੀ ਰਹੀ।
ਪਰ ਇਹ ਹਿੰਸਾ ਆਪਣੇ ਆਪ ਨਹੀਂ ਸੀ ਭੜਕੀ ਬਲਕਿ ਪਾਕਿਸਤਾਨ ਦੀ ਆਈਐਸਆਈ ਨੇ ਖਾਲਿਸਤਾਨੀ ਅੱਤਵਾਦੀਆਂ ਨੂੰ ਹਥਿਆਰ, ਪੈਸੇ ਅਤੇ ਸਿਖਲਾਈ ਦਿੱਤੀ।
ਬੱਬਰ ਖਾਲਸਾ, ਖਾਲਿਸਤਾਨ ਜਿੰਦਾਬਾਦ ਫੋਰਸ ਵਰਗੇ ਸੰਗਠਨਾ ਦੇ ਨੇਤਾ ਪਾਕਿਸਤਾਨ ਵਿਚ ਬੈਠਕੇ ਭਾਰਤ ਵਿਚ ਦਹਿਸ਼ਤ ਫੈਲਾਉਂਦੇ ਰਹੇ।
ਸਿੱਖ ਮੁਸਲਿਮ ਭਾਈਚਾਰਕ ਸਾਂਝ ਦਾ ਦਿਖਾਵਾ
ਪਾਕਿਸਤਾਨ ਦੀ ਨਵੀਂ ਚਾਲ ਸਿੱਖਾਂ ਅਤੇ ਮੁਸਲਮਾਨਾਂ ਨੂੰ ਇਕੱਠੇ ਕਰਕੇ ਭਾਰਤ ਦੇ ਵਿਰੁੱਧ ਮਾਹੌਲ ਪੈਦਾ ਕਰਨਾ ਹੈ। ਓਪਰੇਸ਼ਨ ਸਿੰਦੂਰ ਤੋਂ ਬਾਅਦ ਇਸ ਸਾਜਿਸ਼ ਨੂੰ ਤੇਜ਼ ਕੀਤਾ ਗਿਆ ਹੈ।
ਮੁਹੰਮਦ ਯੂਸਫ ਵਰਗੇ ਪਾਕਿਸਤਾਨੀ ਖਿਡਾਰੀ ਯਾਤਰੀਆਂ ਨੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ।
ਕੁਝ ਵਾਇਰਲ ਵੀਡਿਓ ਵਿਚ, ਮੁਸਲਮਾਨਾਂ ਨੇ ਸਿੱਖ ਪੱਗਾਂ ਪਹਿਨਦੇ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਿਰਕਤ ਕੀਤੀ। ਜਦੋਂ ਕਿ ਕੁਝ ਸਿੱਖਾਂ ਨੂੰ ਮਸਜਿਦਾਂ ਵਿਚ ਨਮਾਜ਼ ਪੜਦੇ ਦਿਖਾਇਆ ਗਿਆ।
ਇਹ ਇਕ ਗਿਣੀ ਮਿੱਥੀ ਸਾਜਿਸ਼ ਦਾ ਇਕ ਹਿੱਸਾ ਹੈ, ਜਿਸ ਦੇ ਤਹਿਤ ਪਾਕਿਸਤਾਨ ਸਿੱਖਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਉਨ੍ਹਾਂ ਦੀ ਲੜਾਈ ਮੁਸਲਮਾਨਾਂ ਨਾਲ ਮਿਲ ਕੇ ਲੜੀ ਜਾ ਸਕਦੀ ਹੈ।
ਪਰ ਇਹ ਨਿਰਾ ਦਿਖਾਵਾ ਹੈ। ਪਾਕਿਸਤਾਨ ਵਿਚ ਸਿੱਖ ਘੱਟ ਗਿਣਤੀ ਹਨ ਅਤੇ ਉਨ੍ਹਾਂ ਨੂੰ ਕਈ ਵਾਰ ਧਾਰਮਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਰਕਾਰ ਅਤੇ ਪਾਕਿਸਤਾਨ ਦੀ ਸੈਨਾ ਨੇ ਹਮੇਸ਼ਾਂ ਭਾਰਤ ਖਿਲਾਫ ਝੂਠਾ ਪ੍ਰਚਾਰ ਕੀਤਾ ਹੈ। ਓਪਰੇਸ਼ਨ ਸਿੰਦੂਰ ਤੋਂ ਬਾਅਦ, ਲੈਫਟੀਨੈਂਟਲ ਜਨਰਲ ਅਹਿਮਦ ਸ਼ਰੀਫ ਚੌਧਰੀ ਦਾ ਦਾਅਵਾ ਕਿ ਭਾਰਤ ਨੇ ਅੰਮ੍ਰਿਤਸਰ ‘ਤੇ ਮਿਸ ਫਾਇਰ ਕੀਤੇ ਹਨ,ਇਸ ਦੀ ਤਾਜ਼ਾ ਮਿਸਾਲ ਹੈ।
ਇਸ ਤੋਂ ਪਹਿਲਾਂ, 2016 ਵਿਚ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਸਰਦਾਰ ਮੁਹੰਮਦ ਯੂਸਫ ਨੇ ਨਾਨਕਾਣਾ ਸਾਹਿਬ ਵਿਖੇ ਇਕ ਇਵੈਂਟ ‘ਤੇ ਦਾਅਵਾ ਕੀਤਾ ਕਿ ਭਾਰਤ ਸਿੱਖਾਂ ਅਤੇ ਕਸ਼ਮੀਰੀਆਂ ਨੂੰ’ ਗੁਲਾਮ ‘ਮੰਨਦਾ ਹੈ।
ਅਜਿਹੇ ਬਿਆਨ ਸਿਰਫ ਸਿੱਖ ਸ਼ਰਧਾਲੂਆਂ ਨੂੰ ਭਾਰਤ ਖਿਲਾਫ਼ ਭੜਕਾਉਣ ਲਈ ਦਿੱਤੇ ਜਾਂਦੇ ਹਨ।ਹਾਲਾਂਕਿ ਇਹ ਵੀ ਸੱਚ ਹੈ ਕਿ 1984 ਦੇ ਆਪ੍ਰੇਸ਼ਨ ਬਲਿਊ ਸਟਾਰ ਅਤੇ ਇਸ ਤੋਂ ਬਾਅਦ ਦੇ ਦੰਗੇ ਸਿੱਖ ਕੌਮ ਲਈ ਇਕ ਅਸਹਿ ਸਦਮਾ ਸਨ। ਇਨ੍ਹਾਂ ਘਟਨਾਵਾਂ ਨੇ ਸਿੱਖਾਂ ਵਿਚ ਭਾਰਤ ਦੀ ਤੱਤਕਾਲੀ ਸਰਕਾਰ ਪ੍ਰਤੀ ਨਾਰਾਜ਼ਗੀ ਪੈਦਾ ਕੀਤੀ।
ਪਰ ਇਹ ਕਹਿਣਾ ਗਲਤ ਹੋਵੇਗਾ ਕਿ ਸਿੱਖ ਕੌਮ ਭਾਰਤ ਤੋਂ ਵੱਖ ਹੋਣਾ ਚਾਹੁੰਦੀ ਹੈ। ਪੰਜਾਬ ਵਿੱਚ 95% ਤੋਂ ਵੱਧ ਸਿੱਖ ਆਪਣੇ ਆਪ ਨੂੰ ਭਾਰਤੀ ਹੋਣ ਤੇ ਮਾਣ ਕਰਦੇ ਹਨ।
ਸਿੱਖ ਭਾਈਚਾਰੇ ਦਾ ਭਾਰਤ ਦੀ ਫੌਜ, ਸਭਿਆਚਾਰ ਅਤੇ ਆਰਥਿਕਤਾ ਵਿਚ ਮਹੱਤਵਪੂਰਣ ਯੋਗਦਾਨ ਹੈ।
ਪਾਕਿਸਤਾਨ ਦੀਆਂ ਸਾਜ਼ਿਸ਼ਾਂ ਦੇ ਬਾਵਜੂਦ, ਸਿੱਖ ਭਾਈਚਾਰੇ ਨੇ ਵਾਰ ਵਾਰ ਏਕਤਾ ਅਤੇ ਭਾਈਚਾਰਕ ਸਾਂਝ ਦੀ ਸਬੂਤ ਦਿੱਤਾ ਹੈ।
ਪਾਕਿਸਤਾਨ ਦਾ ਸੁਪਨਾ ਹਮੇਸ਼ਾਂ ਅਧੂਰਾ ਹੀ ਰਹੇਗਾ
ਪਾਕਿਸਤਾਨ ਦੀ ਖਾਲਿਸਤਾਨੀ ਸਾਜ਼ਿਸ਼ ਕੋਈ ਨਵੀਂ ਨਹੀਂ ਹੈ। 1971 ਦੀ ਹਾਰ ਤੋਂ ਬਾਅਦ, ਉਹ ਭਾਰਤ ਵਿਰੁੱਧ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਓਪਰੇਸ਼ਨ ਸਿੰਦੂਰ ਤੋਂ ਬਾਅਦ ਇਹ ਕੋਸ਼ਿਸ਼ ਹੋਰ ਤੇਜ਼ ਹੋ ਗਈ ਹੈ।
ਕਰਤਾਰਪੁਰ ਸਾਹਿਬ ਵਰਗੇ ਪਵਿੱਤਰ ਸਥਾਨਾਂ ਦੀ ਦੁਰਵਰਤੋਂ, ਝੂਠਾ ਪ੍ਰਚਾਰ, ਸਿੱਖ- ਮੁਸਲਿਮ ਏਕਤਾ ਦਾ ਕੂੜ ਪ੍ਰਚਾਰ ਸਭ ਦਾ ਇੱਕੋਂ ਉਦੇਸ਼ ਭਾਰਤ ਨੂੰ ਅਸਥਿਰ ਕਰਨ ਦਾ ਹੈ।
ਪਰ ਸਿੱਖ ਭਾਈਚਾਰੇ ਦੀ ਦੇਸ਼ ਭਗਤੀ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਦਿੱਤੀਆਂ ਜਾਣ ਵਾਲੀਆਂ ਕੁਰਬਾਨੀਆਂ ਨੇ ਹਰ ਵਾਰ ਇਨ੍ਹਾਂ ਸਾਜ਼ਿਸ਼ਾਂ ਨੂੰ ਅਸਫਲ ਬਣਾ ਦਿੱਤਾ ਹੈ।
ਸਿੱਖ ਕੌਮ ਭਾਰਤ ਦਾ ਇਕ ਅਨਿੱਖੜਵਾਂ ਅੰਗ ਹੈ, ਅਤੇ ਇਸ ਦੀ ਬਹਾਦਰੀ ਅਤੇ ਸਮਰਪਣ ਤੇ ਹਮੇਸ਼ਾ ਦੇਸ਼ ਨੂੰ ਮਾਣ ਮਹਿਸੂਸ ਹੁੰਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਸਿੱਖ ਭਾਈਚਾਰੇ ਨਾਲ ਬਹੁਤ ਲਗਾਅ ਹੈ। ਇਸ ਦੌਰ ਵਿਚ ਪਾਕਿਸਤਾਨ ਦਾ ਸੁਪਨਾ ਕਿ ਇਹ ਭਾਰਤ ਦੇ ਵਿਰੁੱਧ ਸਿੱਖਾਂ ਨੂੰ ਖੜਾ ਕਰ ਲਵੇਗਾ, ਕਦੇ ਵੀ ਪੂਰਾ ਨਹੀਂ ਹੋਵੇਗਾ।
ਭਾਰਤ ਦੀ ਤਾਕਤ ਇਸ ਦੀ ਵੰਨ-ਸੁਵੰਨਤਾ ਵਿਚ ਹੈ, ਅਤੇ ਸਿੱਖ ਕੌਮ ਇਸ ਤਾਕਤ ਦਾ ਇਕ ਮਹੱਤਵਪੂਰਣ ਹਿੱਸਾ ਹੈ।
ਇਸ ਸਾਜਿਸ਼ ਨੂੰ ਸਮਝਣ ਅਤੇ ਇਸਦਾ ਏਕਤਾ ਦੀ ਤਾਕਤ ਨਾਲ ਜਵਾਬ ਦੇਣ ਦੀ ਜ਼ਰੂਰਤ ਹੈ। ਪਾਕਿਸਤਾਨ ਦੀ ਹਰ ਚਾਲ ਨੂੰ ਬੇਨਕਾਬ ਕਰਨਾ ਅਤੇ ਸਿੱਖ ਭਾਈਚਾਰੇ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ।
ਕੋਈ ਵੀ ਸ਼ਕਤੀ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਕਮਜ਼ੋਰ ਨਹੀਂ ਕਰ ਸਕਦੀ, ਭਾਵੇਂ ਇਹ ਪਾਕਿਸਤਾਨ ਹੋਵੇ ਜਾਂ ਉਸਦੀ ਹਿਮਾਇਤ ਹਾਸਲ ਅਖੌਤੀ ਖਾਲਿਸਤਾਨੀ।