-ਹਿੰਦੂਆਂ ਨਾਲ ਭੇਦਭਾਵ ਖਿਲਾਫ਼ ਵੱਡੀ ਕਾਰਵਾਈ
-ਅਮਰੀਕਾ ਦਾ ਜਾਰਜੀਆ ਸੂਬਾ ਵੀ ਕਰ ਚੁੱਕਾ ਅਜਿਹੀ ਪਹਿਲਕਦਮੀ
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਐਟਲਾਂਟਕ ਸਾਗਰ ਅਤੇ ਇੰਗਲੈਂਡ ਦੇ ਖੇਤਰ ਵਿਚ ਪੈਂਦੇ ਮੁਲਕ ਸਕਾਟਲੈਂਡ ਦੀ ਸੰਸਦ ਨੇ ਹਿੰਦੋਸਤਾਨੀਆਂ ਦੇ ਹੱਕ ਵਿਚ ਅਜਿਹੀ ਜੋਰਦਾਰ ਆਵਾਜ਼ ਬੁਲੰਦ ਕੀਤੀ ਹੈ ਜਿਸਦੀ ਗੂੰਜ ਪੂਰੀ ਦੁਨੀਆ ਵਿਚ ਸੁਣਾਈ ਦੇਣ ਲੱਗੀ ਹੈ। ਸਕਾਟਲੈਂਡ ਦੀ ਸੰਸਦ ਵਲੋਂ ਕੀਤੀ ਗਈ ਇਸ ਪਹਿਲਕਦਮੀ ਨੇ ਭਾਰਤ ਦੀ ਮੋਦੀ ਸਰਕਾਰ ਅਤੇ ਹਿੰਦੂ ਹੱਕਾਂ ਅਤੇ ਹਿੱਤਾਂ ਦੀ ਰਖਵਾਲੀ ਦਾ ਦਮ ਭਰਨ ਵਾਲੀ ਆਰ.ਐਸ.ਐਸ. ਨੂੰ ਵੀ ਹੈਰਾਨ ਕਰ ਦਿੱਤਾ ਹੈ।
ਦਰਅਸਲ ਸਕਾਟਲੈਂਡ ਵਿਚ ਹਿੰਦੂੂਫੋਬੀਆ ਦੇ ਵਿਰੁੱਧ ਇਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਥੇ ਪਹਿਲੀ ਵਾਰ, ਹਿੰਦੂਆਂ ਨਾਲ ਅੱਤਿਆਚਾਰਾਂ ਦੀ ਅਧਿਕਾਰਤ ਤੌਰ ‘ਤੇ ਨਿੰਦਾ ਕੀਤੀ ਗਈ ਹੈ। ਪ੍ਰਸਤਾਵ ਦਾ ਨਾਮ ਮੋਸ਼ਨ ਐਸ 6 ਐਮ -17089 ਰੱਖਿਆ ਗਿਆ ਹੈ।
ਇਸ ਨੂੰ ਈਡਨਾਰਬਰਾ ਪੂਰਬੀ ਖੇਤਰ ਦੀ ਪਾਰਲੀਮੈਂਟਰੀ ਮੈਂਬਰ ਅਤੇ ਅੱਲਬਾ ਪਾਰਟੀ ਦੀ ਨੇਤਾ ਐਸ਼ ਰੀਗਨ ਦੁਆਰਾ ਪੇਸ਼ ਕੀਤਾ ਗਿਆ ਹੈ। ਪ੍ਰਸਤਾਵ ਦਾ ਉਦੇਸ਼ ਸਮਾਜ ਵਿਚ ਹਿੰਦੂ ਭਾਈਚਾਰੇ ਨਾਲ ਹੋ ਰਹੇ ਵਿਤਕਰੇ, ਨਫ਼ਰਤ ਅਤੇ ਸਮਾਜ ਵਿਚ ਉਹਨਾ ਦੀ ਅਣਦੇਖੀ ਵਿਰੁੱਧ ਆਵਾਜ਼ ਬੁਲੰਦ ਕਰਨਾ ਹੈ।
ਸੰਸਦ ਵਿਚ ਪੇਸ਼ ਕੀਤੇ ਗਏ ਇਸ ਪ੍ਰਸਤਾਵ ਨੂੰ ਕਾਲਿਨ ਬਿੱਟੀ, ਸਟੀਫਨੀ ਕੈਲਾਗਾਨ ਅਤੇ ਕੇਵਿਨ ਸਟੀਵਰਟ ਸਮੇਤ ਕਈ ਸੰਸਦ ਮੈਂਬਰਾਂ ਵਲੋਂ ਸਮਰਥਨ ਦਿੱਤਾ ਗਿਆ ਹੈ। ਪ੍ਰਸਤਾਵ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਸਕਾਟਲੈਂਡ ਦੇ ਹਿੰਦੂ ਭਾਈਚਾਰੇ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਈਚਾਰਾ ਬਾਈਕਾਟ ਅਤੇ ਨਫ਼ਰਤ ਦਾ ਸਾਹਮਣਾ ਕਰ ਰਿਹਾ ਹੈ।
ਪ੍ਰਸਤਾਵ ਨੂੰ ਪੇਸ਼ ਕਰਦੇ ਹੋਏ ਐਸ਼ ਰੀਗਨ ਨੇ ਕਿਹਾ, “ਵੰਨ ਸੁਵੰਨਤਾ ਸਕਾਟਲੈਂਡ ਦੀ ਤਾਕਤ ਹੈ ਪਰ ਅਸੀਂ ਪੱਖਪਾਤ ਤੋਂ ਪੀੜਤ ਲੋਕਾਂ ਦੀਆਂ ਆਵਾਜ਼ਾਂ ਨੂੰ ਨਜ਼ਰ ਅੰਦਾਜ਼ ਕਰਕੇ ਇਸ ਵੰਨ ਸੁਵੰਨਤਾ ਦਾ ਜਸ਼ਨ ਨਹੀਂ ਮਨਾ ਸਕਦੇ।
ਅਸਲ ਵਿੱਚ ਇਹ ਪ੍ਰਸਤਾਵ ਸਕਾਟਲੈਂਡ ਵਿੱਚ ਗਾਂਧੀਵਾਦੀ ਪੀਸ ਸੁਸਾਇਟੀ (ਜੀਪੀਐਸ) ਦੀ ਰਿਪੋਰਟ ਦੀ ਰਿਪੋਰਟ: Hinduphobia in Scotland: Understanding, Addressing, and Overcoming Prejudice ਦੇ ਆਧਾਰ ਤੇ ਪੇਸ਼ ਕੀਤਾ ਗਿਆ ਹੈ।
ਅਮਰੀਕਾ ਦੇ ਜਾਰਜੀਆ ਵਿਚ ਵੀ ਆ ਚੁੱਕਾ ਹੈ ਅਜਿਹਾ ਪ੍ਰਸਤਾਵ
ਹਾਲਾਂਕਿ ਸਕਾਟਲੈਂਡ ਹਿੰਦੂਫੋਬੀਆ ਖਿਲਾਫ਼ ਬਿੱਲ ਲਿਆਉਣ ਵਾਲਾ ਪਹਿਲਾ ਦੇਸ਼ ਨਹੀਂ ਹੈ। ਸੰਯੁਕਤ ਰਾਜ ਅਮਰੀਕਾ ਦੇ ਜਾਰਜੀਆ ਸੂਬੇ ਵਿਚ ਵੀ ਹਿੰਦੂਫੋਬੀਆ ਦੇ ਵਿਰੁੱਧ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਕਾਨੂੰਨ ਨੂੰ ਡੈਮੋਕਰੇਟਸ ਅਤੇ ਰਿਪਬਲੀਕਨ ਮੈਂਬਰਾਂ ਨੇ ਸਮਰਥਨ ਦਿੱਤਾ ਸੀ।
ਹਾਲਾਂਕਿ, ਇਹ ਬਿੱਲ ਅਜੇ ਸੈਨੇਟ ਤੋਂ ਪਾਸ ਨਹੀਂ ਕੀਤਾ ਗਿਆ ਹੈ। ਜੇ ਇਹ ਪਾਸ ਹੁੰਦਾ ਹੈ ਤਾਂ ਹਿੰਦੂਫੋਬੀਆ ਨੂੰ ਨਫ਼ਰਤ ਦੇ ਅਧਾਰਿਤ ਜੁਰਮਾਂ ਵਿੱਚ ਰੱਖਿਆ ਜਾਵੇਗਾ ਅਤੇ ਇਸ ਦੇ ਲਈ ਹਿੰਦੂ ਹਿੱਤਾਂ ਦੀ ਰੱਖਿਆ ਕਰਨ ਲਈ ਸਬੰਧਤ ਨਿਯਮ ਬਣਾਏ ਜਾਣਗੇ।