ਦੇਸ਼ ਦੀ ਵੰਡ ਉਪਰੰਤ ਭਾਰਤੀ ਹਿੱਸੇ ਆਏ ਪੰਜਾਬ ਦੇ ਤਿੰਨ ਪ੍ਰਮੁੱਖ ਖੇਤਰਾਂ ਵਿਚੋਂ ਸਭ ਤੋਂ ਵਿਸ਼ਾਲ ਖੇਤਰ ਮਾਲਵਾ ਦੇ ਸਭ ਤੋਂ ਚਰਚਿਤ ਸ਼ਹਿਰ ਹੈ ਬਠਿੰਡਾ । ਇਸੇ ਸ਼ਹਿਰ ਨਾਲ ਸਬੰਧਤ ਸਾਬਕਾ ਪਾਸਟਰ ਅਸ਼ੋਕ ਕੁਮਾਰ, ਉਹਨਾ ਸੱਚੇ, ਨੇਕ ਦਿਲ ਅਤੇ ਭੋਲੇ ਭਾਲੇ ਪੰਜਾਬੀਆਂ ਦਾ ਪ੍ਰਤੀਕ ਜਾਪਦਾ ਹੈ ਜਿਹਨਾ ਦੇ ਮਨ ਦੀ ਸਾਫ਼ ਸਲੇਟ ਉੱਪਰ ਕੁਝ ਵੀ ਆਸਾਨੀ ਨਾਲ ਬਦਲ ਕੇ ਉੱਕਰਿਆ ਤਾਂ ਜਾ ਸਕਦਾ ਹੈ, ਪਰ ਕੋਈ ਵੀ ਫਰਜੀ ਧਾਰਨਾ ਚਿਰ ਸਦੀਵੀ ਕਾਇਮ ਨਹੀਂ ਰੱਖੀ ਜਾ ਸਕਦੀ।
ਜਲੰਧਰ ਤੋਂ ਕਰੀਬ 200 ਕਿਲੋਮੀਟਰ ਦਾ ਸਫਰ ਕਰਕੇ ਉਸ ਨਾਲ ਕੀਤੀ ਗਈ ਗੱਲਬਾਤ ਦੌਰਾਨ ਅਜਿਹਾ ਹੀ ਕੁਝ ਮਹਿਸੂਸ ਹੁੰਦਾ ਹੈ।
ਅਸ਼ੋਕ ਦੱਸਦਾ ਹੈ ਕਿ ਉਹ ਬਠਿੰਡਾ ਦੀਆਂ ਗਲੀਆਂ ਵਿਚ ਹੀ ਜੰਮਿਆ ਪਲਿਆ ਅਤੇ ਜਵਾਨ ਹੋਇਆ। ਰੇਲਵੇ ਵਿਚ ਨੌਕਰ ਸਨ ਪਿਤਾ ਜੀ। ਕਾਫੀ ਤੰਗੀ ਤੁਰਸ਼ੀ ਭਰੀ ਜਿੰਦਗੀ ਵਿਚ ਦਸਾਂ ਨਹੁੰਆਂ ਦੀ ਕਿਰਤ ਕਰਦਿਆਂ 1984 ਵਿਚ ਉਸਦਾ ਵਿਆਹ ਹੋ ਗਿਆ ਅਤੇ ਉਹ ਆਪਣੀ ਘਰ ਗ੍ਰਹਿਸਥੀ ਨਿਭਾਉਣ ਲੱਗਾ।
1995 ਵਿਚ ਡਬਵਾਲੀ ਅਗਨੀ ਕਾਂਡ ਵਾਪਰਿਆ। ਇਸ ਦੌਰਾਨ ਝੁਲਸ ਜਾਣ ਦੇ ਬਾਵਜੂਦ ਜਿਉਂਦਾ ਬਚ ਜਾਣ ਵਾਲਾ ਉਹ ਖੁਸ਼ਕਿਸਮਤ ਵਿਅਕਤੀ ਸੀ। ਸਰਕਾਰ ਨੇ ਪੀੜਤਾਂ ਦਾ ਇਲਾਜ ਤਾਂ ਕਰਵਾ ਦਿੱਤਾ ਪਰ ਉਸਦੇ ਸਰੀਰ ਉੱਪਰੋਂ ਕੁਝ ਫਾਲੇ (ਛਾਲੇ) ਜਾਣ ਦਾ ਨਾਅ ਨਹੀਂ ਲੈ ਰਹੇ ਸਨ।
ਪਰੇਸ਼ਾਨੀ ਦੀ ਹਾਲਤ ਵਿਚ ਉਹ ਕਈ ਹਕੀਮਾਂ , ਵੈਦਾਂ ਅਤੇ ਧਾਰਮਿਕ ਸਥਾਨਾ ਵਿਖੇ ਗਿਆ। ਪਰ ਸਰੀਰ ਪੂਰੀ ਤਰਾਂ ਤੰਦਰੁਸਤ ਨਹੀਂ ਹੋ ਰਿਹਾ ਸੀ।
ਅਸ਼ੋਕ ਦੱਸਦਾ ਹੈ ਕਿ ਇਕ ਦਿਨ ਉਸ ਨੂੰ ਹਿੰਦੂ ਮਤ ਵਿਚੋਂ ਕਨਵਰਟ ਹੋ ਕੇ ਈਸਾ ਮਸੀਹ ਦੇ ਲੜ ਲੱਗਣ ਵਾਲਾ ਇਕ ਵਿਅਕਤੀ ਮਿਲਿਆ ਅਤੇ ਚਰਚ ਵਿਚ ਜਾ ਕੇ ਆਪਣਾ ਇਲਾਜ ਕਰਵਾਉਣ ਦੀ ਸਲਾਹ ਦਿੱਤੀ।
ਉਸਨੇ ਉਸ ਦੀ ਬਿਮਾਰੀ ਪੂਰੀ ਤਰਾਂ ਗਰੰਟੀ ਸਮੇਤ ਠੀਕ ਹੋਣ ਦਾ ਦਾਅਵਾ ਕੀਤਾ। ਉਹ ਉਸ ਨੂੰ ਦਾਣਾ ਮੰਡੀ ਵਿਚ ਰਿਕਸ਼ਾ ਚਲਾਉਣ ਵਾਲੇ ਇਕ ਸਾਧਾਰਣ ਜਿਹੇ ਵਿਅਕਤੀ ਕੋਲ ਲੈ ਗਿਆ ਜਿਸ ਨੇ ਉਸ ਉੱਪਰ ਸ਼ਰਤ ਲਗਾਈ ਕਿ ਉਸ ਨੂੰ ਈਸਾ ਮਸੀਹ ਦਾ ਨਾਂ ਲੈਣਾ ਪਵੇਗਾ।
ਪਰ ਉਹ ਉਸ ਦੀਆਂ ਗੱਲਾਂ ਉੱਪਰ ਤੁਰੰਤ ਵਿਸ਼ਵਾਸ਼ ਨਹੀਂ ਕਰ ਪਾ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਉਹ ਕਈ ਸਾਲਾਂ ਤੋਂ ਇਸ ਨਾ ਮੁਰਾਦ ਬਿਮਾਰੀ ਤੋਂ ਨਿਜਾਤ ਨਹੀਂ ਪਾ ਸਕਿਆ ਹੈ ਤਾਂ ਇਸ ਰਿਕਸ਼ੇਵਾਲੇ ਕੋਲ ਕਿਹੜੀ ਸੁੰਢ ਦੀ ਗੱਠੀ ਹੋ ਸਕਦੀ ਹੈ ਕਿ ਉਸ ਦੀ ਬਿਮਾਰੀ ਨੌਂ ਦੋ ਗਿਆਰਾਂ ਹੋ ਜਾਵੇ।
ਉਸ ਨੇ ਘਰ ਜਾ ਕੇ ਆਪਣੀ ਪਤਨੀ ਨਾਲ ਗੱਲ ਕੀਤੀ ਜੋ ਆਮ ਪੰਜਾਬੀ ਅਤੇ ਭਾਰਤੀ ਔਰਤਾਂ ਵਾਂਗ ਹੀ ਧਰਮ ਮਜਹਬ ਦੇ ਵਖਰੇਵੇਂ ਨੂੰ ਗਹਿਰਾਈ ਨਾਲ ਸਮਝਣ ਦੀ ਥਾਂ ਆਰਾਮ ਆਉਣਾ ਚਾਹੀਦਾ ਧਰਮ ਤਾਂ ਸਾਰੇ ਬਰਾਬਰ ਨੇ, ਵਾਲੀ ਧਾਰਨਾ ਵਾਲੀ ਔਰਤ ਸੀ। ਉਸਨੇ ਨਾ ਸਿਰਫ ਅਸ਼ੋਕ ਨੂੰ ਰਿਕਸ਼ੇ ਵਾਲੇ ਇਸਾਈ ਪਾਦਰੀ ਕੋਲ ਜਾਣ ਦੀ ਸਲਾਹ ਦਿੱਤੀ ਬਲਕਿ ਸਾਰੇ ਪਰਿਵਾਰ ਸਮੇਤ ਉਸ ਨੂੰ ਲੈ ਕੇ ਚਰਚ ਵਿਚ ਜਾਣ ਲੱਗੇ।
ਰਿਕਸ਼ੇ ਵਾਲੇ ਨੇ ਉਸ ਨੂੰ ਤੰਦਰੁਸਤ ਹੋਣ ਦੀ ਪੂਰੀ ਗਰੰਟੀ ਦਿੱਤੀ। ਉਸਨੂੰ ਹੌਲੀ ਹੌਲੀ ਬਾਈਬਲ ਅਤੇ ਈਸਾ ਮਸੀਹ ਦੇ ਵਿਸ਼ਵਾਸ਼ ਦੇ ਘੇਰੇ ਵਿਚ ਲਿਆਂਦਾ ਗਿਆ। ਇਸ ਦੌਰਾਨ ਕੁਝ ਸਾਲਾਂ ਵਿਚ ਉਸਦੇ ਸਰੀਰ ਉੱਪਰੋਂ ਫਾਲੇ ਤਾਂ ਜਰੂਰ ਘਟ ਗਏ ਸਨ । ਫਿਰ ਉਸ ਨੂੰ ਪਰਿਵਾਰ ਦੇ ਸਹਿਯੋਗ ਨਾਲ ਬਪਤਿਸਮਾ ਲੈ ਕੇ ਬਕਾਇਦਾ ਇਸਾਈਅਤ ਧਾਰਨ ਕਰਨ ਲਈ ਮਨਾਇਆ ਗਿਆ ਅਤੇ ਜਲਦੀ ਹੀ ਉਸ ਨੂੰ ਇਸਾਈ ਬਣਾਇਆ ਜਾ ਚੁੱਕਾ ਸੀ।
ਅਸ਼ੋਕ ਦੱਸਦਾ ਹੈ ਕਿ ਹਾਲਾਂਕਿ ਜੇਕਰ ਉਹ ਕੁਝ ਸਬਰ ਰੱਖਦਾ ਅਤੇ ਇਸਾਈਅਤ ਵਿਚ ਤਬਦੀਲ ਨਾ ਵੀ ਹੁੰਦਾ ਤਾਂ ਵੀ ਉਸਦੀ ਬਿਮਾਰੀ ਸਮਾਂ ਬੀਤਣ ਨਾਲ ਠੀਕ ਹੋ ਹੀ ਜਾਣੀ ਸੀ। ਪਰ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਆਪਣੇ ਭਾਰਤੀ ਧਰਮ ਤੋਂ ਇਨਕਾਰੀ ਹੋ ਕੇ ਦਿਨ ਰਾਤ ਹੱਲੇਲੂਈਆ-ਹੱਲੇਲੂਈਆ ਕਰਨ ਲੱਗਾ।
ਫਿਰ ਜਲਦੀ ਹੀ ਉਸ ਨੂੰ ਐਲਡਰ (ਵੱਡਾ) ਬਣਾ ਦੇਣ ਅਤੇ ਵਧੇਰੇ ਧਾਰਮਿਕ ਸਰਗਰਮੀ ਕਰਨ ਲਈ ਤਿਆਰ ਕੀਤਾ ਗਿਆ। ਜਲਦੀ ਹੀ ਉਸ ਨੂੰ ਪਾਸਟਰ ਦੀ ਸਿਖਲਾਈ ਲੈਣ ਲਈ ਬਕਾਇਦਾ ਗੁੜਗਾਵਾਂ ਸਥਿੱਤ ਵਿਸ਼ਾਲ ਸਿਖਲਾਈ ਕੇਂਦਰ ਵਿਚ ਭੇਜਿਆ ਗਿਆ। ਉਸ ਨੇ ਗੁੜਗਾਵਾਂ ਦੇ ਇਸ ਟਰੇਨਿੰਗ ਸੈਂਟਰ ਵਿਚ 100 ਦੇ ਕਰੀਬ ਹੋਰ ਸਿਖਿਆਰਥੀਆੰ ਸਮੇਤ ਪ੍ਰਾਥਨਾ, ਵਰਤ, ਬਾਈਬਲ ਦੀਆਂ ਕਲਾਸਾਂ ਲਗਾਈਆਂ।
ਵਾਪਸ ਪਰਤ ਕੇ ਉਹ ਵੀ ਪਾਸਟਰ (ਪਾਦਰੀਆਂ) ਵਾਂਗ ਘਰ ਘਰ ਜਾ ਕੇ ਨਵੇਂ ਲੋਕਾਂ ਦੀ ਤੰਦਰੁਸਤੀ ਦੀ ਕਾਮਨਾ ਵਾਲੀਆਂ ਪ੍ਰਾਥਨਾਵਾਂ ਕਰਨ ਲੱਗਾ ਅਤੇ ਇਸ ਤਰਾਂ ਬਹੁਤ ਸਾਰੇ ਲੋਕਾਂ ਨੂੰ ਇਸਾਈਅਤ ਨਾਲ ਜੋੜਿਆ। ਉਸ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਸੱਚਮੁੱਚ ਈਸਾ ਮਸੀਹ ਸਮੂਹ ਭਾਰਤੀ ਦੇਵੀ ਦੇਵਤਿਆਂ ਵਾਂਗ ਹੀ ਮਹਾਨ ਹੋ ਸਕਦੇ ਹਨ।
ਪਰ ਫਿਰ ਵੀ ਉਸ ਦੇ ਮਨ ਅੰਦਰ ਆਮ ਭਾਰਤੀ ਧਾਰਨਾ ਅਨੁਸਾਰ ਕਿਸੇ ਵੀ ਧਰਮ ਦੇ ਮੁਖੀ ਬਾਰੇ ਕੋਈ ਨਾਂਹ ਪੱਖੀ ਧਾਰਨਾ ਨਹੀਂ ਸੀ।
ਅਸ਼ੋਕ ਦੱਸਦਾ ਹੈ ਕਿ ਫਿਰ ਇਕ ਵਾਰ ਮਾਨਸਾ ਵਿਚ ਵਿਦੇਸ਼ ਤੋਂ ਇਕ ਇਸਾਈ ਮਿਸ਼ਨਰੀ ਅੰਗਰੇਜੀ ਵਿਚ ਲੈਕਚਰ ਦੇਣ ਆਇਆ ਹੋਇਆ ਸੀ। ਉਹ ਵੀ 50 ਕੁ ਲੋਕਾਂ ਵਾਲੇ ਮੰਚ ਉੱਪਰ ਹੀ ਮੌਜੂਦ ਸੀ।
ਰਮੇਸ਼ ਕੁਮਾਰ ਨਾਂ ਦਾ ਪਾਸਟਰ ਜੋ ਉਸਦੇ ਵਾਂਗ ਹੀ ਹਿੰਦੂ ਤੋਂ ਇਸਾਈ ਬਣ ਕੇ ਇਸਾਈਅਤ ਦੇ ਪ੍ਰਚਾਰ ਨੂੰ ਸਮਰਪਿਤ ਹੋ ਚੁੱਕਾ ਸੀ। ਉਹ ਹਾਲ ਵਿਚ ਮੌਜੂਦ ਕਰੀਬ 10000 ਦੀ ਗਿਣਤੀ ਵਿਚ ਲੋਕਾਂ ਨਾਲ ਭਾਰਤੀ ਮਤਾਂ ਦੇ ਇਸ਼ਟ ਜਿਵੇਂ ਹਨੂਮਾਨ ਜੀ, ਭਗਵਾਨ ਕ੍ਰਿਸ਼ਨ ਸਮੇਤ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਬੇਤੁਕੀਆਂ ਅਤੇ ਨਫਰਤ ਭਰੀਆਂ ਗੱਲਾਂ ਕਰਨ ਲੱਗਾ।
ਇਸ ਦੌਰਾਨ ਅਸ਼ੋਕ ਦੇ ਅੰਦਰ ਉਸਦੀ ਅਜਿਹੀ ਹਰਕਤ ਪ੍ਰਤੀ ਰੋਹ ਜਾਗ ਪਿਆ। ਉਸਨੇ ਸਟੇਜ ਉੱਪਰ ਹੀ ਰਮੇਸ਼ ਪਾਸਟਰ ਕੋਲੋਂ ਮਾਈਕ ਖੋਹ ਲਿਆ ਅਤੇ ਉਸ ਨੂੰ ਸਾਰੀ ਹਾਜਰੀਨ ਵਿਚ ਹੀ ਸਪਸ਼ਟ ਆਖ ਦਿੱਤਾ ਕਿ ਜੇਕਰ ਉਹ ਸੱਚਮੁੱਚ ਧਰਮੀ ਹੈ ਤਾਂ ਉਸ ਨੂੰ ਸਿਰਫ ਬਾਈਬਲ ਦੇ ਉਪਦੇਸ਼ਾਂ ਅਨੁਸਾਰ ਪ੍ਰਚਾਰ ਕਰਨਾ ਚਾਹੀਦਾ ਹੈ।
ਉਸ ਨੂੰ ਦੂਜੇ ਧਰਮ ਮੱਤਾਂ ਦੇ ਗੁਰੂ ਸਹਿਬਾਨ ਜਾਂ ਦੇਵੀ ਦੇਵਤਿਆਂ ਬਾਰੇ ਮਨ ਘੜਤ ਗੱਲਾਂ ਕਰਕੇ ਉਹਨਾ ਦੀ ਬੇਅਦਬੀ ਕਰਨ ਦਾ ਕੋਈ ਅਧਿਕਾਰ ਨਹੀਂ। ਉਸ ਵਲੋਂ ਇਸ ਤਰਾਂ ਸ਼ਰੇਆਮ ਬਗਾਵਤ ਕਰ ਦੇਣ ਕਾਰਨ ਹਾਲ ਵਿਚ ਰੌਲਾ ਪੈ ਗਿਆ। ਕੁਝ ਲੋਕ ਇਕੱਠੇ ਹੋ ਕੇ ਉਸ ਨੂੰ ਬੁਰਾ ਭਲਾ ਆਖਣ ਲੱਗੇ।
ਇਸ ਦੌਰਾਨ ਉਸ ਨੇ ਸ਼ਹਿਰ ਵਿਚ ਇਸਾਈ ਮਿਸ਼ਨਰੀਆਂ ਵਲੋਂ ਧਰਮ ਤਬਦੀਲੀ ਲਈ ਧੱਕੇ ਧੋਖੇ ਅਤੇ ਲਾਲਚ ਦੇਣ ਦੀਆਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਖਿਲਾਫ਼ ਜੋਰਦਾਰ ਆਵਾਜ਼ ਬੁਲੰਦ ਕਰਨ ਵਾਲੇ ਸੁਖਪਾਲ ਸਿੰਘ ਸਰਾਂ ਨਾਲ ਫੋਨ ਉੱਪਰ ਸੰਪਰਕ ਕੀਤਾ।
ਸੁਖਪਾਲ ਸਿੰਘ ਹੁਰੀਂ ਕੁਝ ਹੀ ਦੇਰ ਅੰਦਰ ਆਪਣੇ ਸਾਥੀਆਂ ਸਮੇਤ ਮੌਕੇ ਉੱਪਰ ਪੁੱਜੇ ਅਤੇ ਗੁੰਡਾ ਅਨਸਰਾਂ ਦੀ ਚੁੰਗਲ ਵਿਚੋਂ ਉਸ ਨੂੰ ਛੁਡਾਇਆ।
ਉਸ ਤੋਂ ਬਾਅਦ ਉਸ ਨੇ ਇਸਾਈ ਪ੍ਰਚਾਰਕਾਂ ਨਾਲੋਂ ਸਦਾ ਲਈ ਤੋੜ ਵਿਛੋੜਾ ਕਰ ਲਿਆ। ਕਿਉਂਕਿ ਉਸਦਾ ਮੰਨਣਾ ਸੀ ਕਿ ਤੁਹਾਡੀ ਆਪਣੀ ਆਸਥਾ ਕਿਸੇ ਵੀ ਮਹਾਂਪੁਰਖ ਵਿਚ ਹੋ ਸਕਦੀ ਹੈ, ਪਰ ਆਪਣਾ ਸਭ ਕੁਝ ਦੇਸ਼ ਧਰਮ ਲਈ ਵਾਰਨ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਤ ਹੋਰ ਮਹਾਂਪੁਰਸ਼ਾਂ ਬਾਰੇ ਝੂਠੀਆਂ ਅਤੇ ਮਨਘੜਤ ਗੱਲਾਂ ਕਰਦਿਆਂ ਉਹਨਾ ਦੀ ਸ਼ਾਨ ਵਿਚ ਗੁਸਤਾਖੀ ਕਿਸੇ ਵੀ ਤਰਾਂ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਅਸ਼ੋਕ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਦਸਮ ਗਰੰਥ ਸਾਹਿਬ ਵਿਚੋਂ ਪਾਵਨ ਰਚਨਾਵਾਂ ਦੇ ਗਲਤ ਢੰਗ ਨਾਲ ਅਰਥ ਕਰਦਿਆਂ ਬਾਣੀ ਵਿਚ ਆਏ ਸ਼ਬਦ (ਸ੍ਰੀ ਅਸਿਕੇਤ ਜਗਤ ਕੇ ਈਸਾ) ਸਮੇਤ ਹੋਰ ਗੁਰਬਾਣੀ ਦੇ ਗਲਤ ਅਰਥ ਕਰਕੇ ਗੁਰੂ ਸਹਿਬਾਨ ਨੂੰ ਨੀਚਾ ਅਤੇ ਈਸਾ ਮਸੀਹ ਨੂੰ ਹੀ ਉੱਚਾ ਦਿਖਾਉਣਾ ਕਿਸੇ ਵੀ ਤਰਾਂ ਬਰਦਾਸ਼ਤ ਕਰਨ ਯੋਗ ਨਹੀਂ ਹੁੰਦਾ ਹੈ।
ਬਾਈਬਲ ਟਰੇਨਿੰਗ ਕਾਲਜਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਅਸ਼ੋਕ ਕੁਮਾਰ ਦਾਅਵਾ ਕਰਦਾ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਮਣਾ ਮੂੰਹੀ ਫੰਡਾਂ ਨਾਲ ਗੁੜਗਾਵਾਂ ਤੋਂ ਇਲਾਵਾ ਕੇਰਲਾ, ਮਦਰਾਸ, ਗੰਗਟੋਕ, ਸਿੱਕਮ ਆਦਿ ਵਿਚ ਇਸਾਈਅਤ ਦੇ ਵੱਡੇ ਵੱਡੇ ਕੇਂਦਰ ਸਥਾਪਤ ਕੀਤੇ ਜਾ ਚੁੱਕੇ ਹਨ ਜਿੱਥੇ ਭਾਰਤੀ ਧਰਮ ਪੰਥਾਂ ਬਾਰੇ ਭੁਲੇਖਾਪਾਊ ਪ੍ਰਚਾਰ ਕਰਕੇ ਉਹਨਾ ਧਰਮ ਪੰਥਾਂ ਨੂੰ ਮੰਨਣ ਵਾਲਿਆਂ ਦੇ ਮਨਾਂ ਅੰਦਰ ਸ਼ੰਕੇ ਪੈਦਾ ਕਰਨ ਦੀ ਮੁਹਾਰਤ ਕਰਵਾਈ ਜਾਂਦੀ ਹੈ।
ਆਮ ਇਕੱਠਾਂ ਤੋਂ ਇਲਾਵਾ 25 ਦਸੰਬਰ ਦੇ ਵੱਡਾ ਦਿਨ ਸਬੰਧੀ ਇਕੱਠਾਂ ਦੀਆਂ ਤਸਵੀਰਾਂ ਖਿੱਚ ਕੇ ਵੱਡੇ ਪਾਦਰੀਆਂ ਵਲੋਂ ਵਿਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਹਨ, ਜਿਹਨਾ ਦੇ ਆਧਾਰ ਉੱਪਰ ਵਿਦੇਸ਼ਾਂ ਵਿਚ ਮੌਜੂਦ ਮਿਸ਼ਨਰੀਆਂ, ਇੱਥੇ ਧਰਮ ਤਬਦੀਲੀ ਦੇ ਕੰਮ ਵਿਚ ਲੱਗੇ ਲੋਕਾਂ ਨੂੰ ਦਿਲ ਖੋਲ ਕੇ ਫੰਡ ਭੇਜਦੀਆਂ ਹਨ।
ਅਸ਼ੋਕ ਅਨੁਸਾਰ ਉਹ ਤਾਂ ਈਸਾ ਮਸੀਹ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਇਸਾਈ ਬਣਿਆ ਸੀ, ਪਰ ਭਾਰਤ ਭਰ ਅੰਦਰ ਇਸਾਈਅਤ ਦੇ ਪ੍ਰਚਾਰ ਪ੍ਰਸਾਰ ਵਿਚ ਲੱਗੇ ਬਹੁਤੇ ਲੋਕ ਧਰਮ ਦੀ ਥਾਂ ਭਾਰਤੀਆਂ ਦੀ ਧਰਮ ਤਬਦੀਲੀ ਕਰਵਾਉਣ ਦੇ ਇਵਜ਼ ਵਿਚ ਮੋਟਾ ਧਨ ਇਕੱਠਾ ਕਰਨ ਵਿਚ ਹੀ ਲੱਗੇ ਹੋਏ ਹਨ।
ਬਹੁਤੇ ਪਾਦਰੀਆਂ ਦਾ ਮੁੱਖ ਨਿਸ਼ਾਨਾ ਧਰਮ ਨਾ ਹੋ ਕੇ ਵਿਦੇਸ਼ੀ ਅਤੇ ਸਥਾਨਕ ਲੋਕਾਂ ਨੂੰ ਭਰਮਾ ਕੇ ਉਹਨਾ ਕੋਲੋਂ ਵਿਦੇਸ਼ ਭੇਜਣ ਅਤੇ ਹੋਰ ਤਰੀਕਿਆਂ ਰਾਹੀਂ ਫੰਡ ਇਕੱਠਾ ਕਰਕੇ ਵੱਡੀਆ ਕਾਰੋਬਾਰੀ ਚਰਚਾਂ, ਕੋਠੀਆਂ, ਕਾਰਾਂ ਅਤੇ ਹੋਰ ਐਸ਼ੋ ਇਸ਼ਰਤ ਦਾ ਸਾਮਾਨ ਇਕੱਠਾ ਕਰਨਾ ਹੀ ਬਣ ਕੇ ਰਹਿ ਚੁੱਕਾ ਹੈ।
ਤਾਮਿਲਨਾਡੂ, ਮਦਰਾਸ, ਦਾਰਜੀਲਿੰਗ, ਆਸਾਮ ਤੋਂ ਆਏ ਪਾਸਟਰਾਂ ਨੇ ਵੀ ਪੰਜਾਬ ਵਿਚ ਵੱਡੀਆ ਜਾਇਦਾਦਾਂ ਬਣਾ ਲਈਆਂ ਹਨ। ਪਾਦਰੀ ਜੋ ਲੋਕਾਂ ਕੋਲੋਂ ਦਸਵੰਧ ਮੰਗਦੇ ਹਨ ਉਹ ਲਿਆ ਤਾਂ ਈਸਾ ਮਸੀਹ ਦੇ ਨਾਂ ਉੱਪਰ ਜਾਂਦਾ ਹੈ ਪਰ ਉਸ ਸਾਰੇ ਫੰਡ ਦੀ ਵਰਤੋਂ ਇਕੱਠ ਕਰਨ ਵਾਲੇ ਪਾਦਰੀ ਵਲੋਂ ਹੀ ਕੀਤੀ ਜਾਂਦੀ ਹੈ।
ਅਸ਼ੋਕ ਦੱਸਦਾ ਹੈ ਕਿ ਰੋਮਨ ਕੈਥੋਲਿਕ, ਸੀਐਨਆਈ, ਪੈਂਥਾਕੋਸਟਲ ਅਤੇ ਮੈਥੋਡਿਸਟਿਕ ਚਾਰ ਪ੍ਰਮੁੱਖ ਮਿਸ਼ਨ ਹਨ। ਜਿਹਨਾ ਵਿਚੋਂ ਸੀਐਨਆਈ ਦਾ ਮੁਖੀ ਅਮਰੀਕਾ ਵਿਚ ਜੀ.ਸੀ. ਲੁਕਸ ਨਾਂ ਦਾ ਪਾਸਟਰ ਹੈ ਜੋ ਧਰਮ ਤਬਦੀਲੀ ਲਈ ਭਾਰੀ ਫੰਡ ਭੇਜਦਾ ਹੈ।
ਉਹ ਜੀਸਸ ਵੈਲਫੇਅਰ ਸੁਸਾਇਟੀ ਦਾ ਮੈਂਬਰ ਹੋਣ ਕਾਰਨ ਖੁਦ ਵੀ ਵਿਦੇਸ਼ੀ ਫੰਡਿੰਗ ਅਤੇ ਧਰਮ ਤਬਦੀਲ ਕਰਨ ਵਾਲਿਆਂ ਲਈ ਦੇਸ਼ ਵਿਦੇਸ਼ ਤੋਂ ਮਿਲਣ ਵਾਲੀਆਂ ਵਿਸ਼ੇਸ਼ ਸਹੂਲਤਾਂ ਬਾਰੇ ਪੂਰੀ ਜਾਣਕਾਰੀ ਰੱਖਦਾ ਹੈ।
ਉਸ ਅਨੁਸਾਰ ਜੀਸਸ ਵੈਲਫੇਅਰ ਸੁਸਾਇਟੀ ਦਾ ਕੋਈ ਵੀ ਮੈਂਬਰ ਦੇਸ਼ ਭਰ ਵਿਚ ਵਿਦੇਸ਼ਾਂ ਤੋਂ ਆਉਣ ਵਾਲੇ ਖਰਚੇ ਉੱਪਰ ਆਪਣੇ ਨਾਲ 5 ਹੋਰ ਬੰਦੇ ਵੀ ਲਿਜਾ ਕੇ ਕਨਵੈਨਸ਼ਨ ਅਤੇ ਸਤਿਸੰਗ ਵਿਚ ਸ਼ਾਮਿਲ ਹੋ ਸਕਦਾ ਹੈ।
ਸਫਰ, ਰਿਹਾਇਸ਼ ਅਤੇ ਹੋਰ ਸਾਰੇ ਖਰਚ ਦੀ ਸਹੂਲਤ ਵੈਲਫੇਅਰ ਸੁਸਾਇਟੀ ਦੇ ਮੈਂਬਰ ਨੂੰ ਮਿਲਦੀ ਹੈ। ਇਸਾਈ ਮਿਸ਼ਨਰੀਆਂ ਦਾ ਮੁੱਖ ਮਕਸਦ ਕੋਈ ਸਮਾਜ ਸੇਵਾ ਜਾਂ ਧਰਮ ਪ੍ਰਚਾਰ ਨਾ ਹੋ ਕੇ ਲੋਕਾਂ ਦਾ ਮੱਤ ਪ੍ਰਵਰਤਿਤ ਕਰਦਿਆਂ ਆਪਣੇ ਹੱਕ ਵਿਚ ਜਨ ਸੰਖਿਆ ਦਾ ਤਵਾਜਨ ਵਧਾਉਂਦੇ ਹੋਏ ਧਨ ਬਲ ਅਤੇ ਵੋਟ ਰਾਜਨੀਤੀ ਰਾਹੀਂ ਸੱਤਾ ਹਾਸਿਲ ਕਰਨਾ ਹੀ ਹੈ।
ਆਪਣੇ ਤਜ਼ਰਬੇ ਦੇ ਆਧਾਰ ਉੱਪਰ ਇਸਾਈਅਤ ਵਿਚਲੇ ਗੁਣਾ ਬਾਬਤ ਪੁੱਛੇ ਜਾਣ ਤੇ ਉਸਦਾ ਸਪਸ਼ਟ ਕਹਿਣਾ ਸੀ ਕਿ ਉਸ ਨੂੰ ਇਸਾਈਅਤ ਵਿਚ ਕੋਈ ਗੁਣ ਹੀ ਨਹੀਂ ਲੱਭਾ।
ਮੇਰੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਪੇਸ਼ਕਸ਼ ਵੀ ਆਈ ਸੀ, ਪਰ ਮੈਂ ਕਬੂਲ ਨਹੀਂ ਕੀਤੀ। ਕਿਉਂਕਿ ਧਰਮ ਨਾਂ ਦੀ ਕੋਈ ਚੀਜ਼ ਨਹੀਂ ਸੀ।
ਸਿਰਫ ਈਸਾ ਮਸੀਹ ਨੂੰ ਹੀ ਇੱਕੋ ਇਕ ਸੱਚਾ ਪੈਗੰਬਰ ਦੱਸਣਾ ਅਤੇ ਹੋਰ ਸਾਰੇ ਧਾਰਮਿਕ ਮਹਾਂਪੁਰਸ਼ਾਂ ਨੂੰ ਰਾਖਸ਼ਸ਼ ਗਰਦਾਨਣਾ ਹੀ ਇਹਨਾ ਦੇ ਪ੍ਰਚਾਰ ਦਾ ਮੁੱਖ ਹਥਿਆਰ ਹੈ।
ਉਹ ਨਾਨਕ ਪੰਥ ਦੇ ਉਪਦੇਸ਼ਾਂ ਨੂੰ ਵੀ ਗਲਤ ਢੰਗ ਨਾਲ ਪੇਸ਼ ਕਰਦੇ ਹਨ। ਜਦ ਕਿ ਨਾਂਹ ਪੱਖੀ ਤਜ਼ਰਬਿਆਂ ਦੀ ਸਾਂਝ ਪਾਉਂਦੇ ਹੋਏ ਅਸ਼ੋਕ ਬੋਲ ਉੱਠਿਆ, ਕੋਈ ਬਾਈਬਲ ਟਰੇਨਿੰਗ ਵਿਚ ਆਪਣੀਆਂ ਧੀਆਂ ਨੂੰ ਬਿਲਕੁਲ ਨਾ ਭੇਜੇ, ਉਸਨੇ ਖੁਦ ਦੇਖਿਆ ਹੈ ਕਿ ਕਿਵੇਂ ਦੇਸ਼ ਵਿਦੇਸ਼ ਤੋਂ ਧਰਮ ਅਤੇ ਸੇਵਾ ਦੀ ਆੜ ਹੇਠ ਲਿਆਂਦੀਆਂ ਗਈਆਂ ਲੜਕੀਆਂ ਨੂੰ 5-7 ਹਜਾਰ ਰੁਪਏ ਵਸੂਲ ਕੇ ਸਰੀਰਕ ਸ਼ੋਸ਼ਣ ਲਈ ਪਰੋਸਿਆ ਜਾਂਦਾ ਹੈ।
ਵੱਖ ਵੱਖ ਚਰਚਾਂ ਵਿਚ ਬੇਔਲਾਦਾਂ ਨੂੰ ਔਲਾਦ, ਮੁਰਦਿਆਂ ਨੂੰ ਨਵਾਂ ਜੀਵਨ ਅਤੇ ਰੋਗ ਦੂਰ ਕਰਨ ਦੇ ਦਾਅਵਿਆਂ ਨੂੰ ਕੋਰਾ ਝੂਠ ਅਤੇ ਗੁੰਮਰਾਹ ਕਰਨ ਦੇ ਹੱਥਕੰਡੇ ਕਰਾਰ ਦਿੰਦੇ ਹੋਏ ਸਾਬਕਾ ਇਸਾਈ ਪਾਸਟਰ ਅਸ਼ੋਕ ਕੁਮਾਰ ਨੇ ਬੱਚਿਆਂ ਦੇ ਸ਼ੋਸ਼ਣ ਹੋਣ ਦਾ ਖੁਲਾਸਾ ਕਰਦਿਆਂ ਆਪਣੀ ਔਲਾਦ ਅਤੇ ਧੀਆਂ ਭੈਣਾ ਨੂੰ ਇਹਨਾ ਲੋਕਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ।
–ਗੁਰਪ੍ਰੀਤ ਸਿੰਘ ਸੰਧੂ