ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- 21 ਦਸੰਬਰ ਤੋਂ 28 ਦਸੰਬਰ ਤਕ ਚਮਕੌਰ ਸਾਹਿਬ ਅਤੇ ਫਤਿਹਗੜ ਸਾਹਿਬ ਵਿਖੇ ਹਫਤਾਭਰ ਚੱਲਣ ਵਾਲੇ ਸ਼ਹੀਦੀ ਜੋੜ ਮੇਲ ਦੌਰਾਨ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਛਤਰਛਾਇਆ ਹੇਠ ਚਮਕੌਰ ਦੀ ਕੱਚੀ ਗੜੀ ਵਿਚੋਂ ਲੱਖਾਂ ਦੀ ਮੁਗਲ ਫੌਜ ਨੂੰ ਚੁਣੌਤੀ ਦੇਣ ਵਾਲੇ 40 ਸਿਰੜੀ ਯੋਧਿਆਂ ਬਾਰੇ ਸੋਸ਼ਲ ਮੀਡੀਆ ਉੱਪਰ ਖੂਬ ਚਰਚਾ ਚਲ ਰਹੀ ਹੈ।
ਸੋਸ਼ਲ ਮੀਡੀਆ ਉੱਪਰ ਇਕ ਸੂਚੀ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿਚ ਗੁਰੂ ਜੀ ਦੇ ਵੱਡੇ ਸਾਹਿਬਜ਼ਾਦਿਆਂ , ਪੰਜ ਵਿਚੋਂ ਤਿੰਨ ਪਿਆਰਿਆਂ ਤੋਂ ਇਲਾਵਾ 35 ਹੋਰ ਸਿੰਘ ਸ਼ਹੀਦਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਪਰ ਇਸ ਸੂਚੀ ਵਿਚ ਕੁਝ ਸ਼ਹੀਦਾਂ ਦੇ ਵੇਰਵੇ ਕਾਫੀ ਧਿਆਨ ਖਿੱਚਦੇ ਹਨ, ਜਿਹਨਾ ਵਿਚੋਂ ਇਕ ਨਾਂ ਹੈ ਭਾਈ ਕਿਰਪਾ ਸਿੰਘ ਦੱਤ। ਇਸ ਨਾਂ ਵਿਚੋਂ ਪੰਡਿਤ ਕਿਰਪਾ ਰਾਮ ਦੱਤ ਦਾ ਅਕਸ ਉੱਘੜ ਕੇ ਸਾਹਮਣੇ ਆਉਂਦਾ ਹੈ।
ਸਿੱਖ ਇਤਿਹਾਸ ਅਨੁਸਾਰ ਕਸ਼ਮੀਰੀ ਪੰਡਤਾਂ ਦਾ ਇਕ ਵਫਦ ਪੰਡਤ ਕਿਰਪਾ ਰਾਮ ਦੱਤ ਦੀ ਅਗਵਾਈ ਹੇਠ ਕਸ਼ਮੀਰ ਤੋਂ ਆ ਕੇ ਹਿੰਦੂ ਧਰਮ ਦੀ ਰੱਖਿਆ ਲਈ ਗੂਰੂ ਤੇਗ ਬਹਾਦਰ ਜੀ ਕੋਲ ਧਰਮ ਦੀ ਰੱਖਿਆ ਲਈ ਫਰਿਆਦ ਕਰਦਾ ਹੈ।
ਜਿਸ ਫਰਿਆਦ ਨੂੰ ਸੁਣ ਕੇ ਬਾਲ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਪ ਜੀ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ ਜੋ ਇਸ ਜ਼ੁਲਮ ਨੂੰ ਰੋਕਣ ਲਈ ਕੁਰਬਾਨੀ ਦੇਵੇ, ਦੀ ਸਲਾਹ ਦੇਣ ਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਆਪਣਾ ਸੀਸ ਵਾਰਨ ਲਈ ਤਿਆਰ ਹੋ ਜਾਂਦੇ ਹਨ।
ਇਸ ਤੋਂ ਬਾਅਦ ਹੁਣ ਤਕ ਜ਼ਾਹਰ ਕੀਤਾ ਜਾ ਰਿਹਾ ਸਿੱਖ ਇਤਿਹਾਸ ਕਸ਼ਮੀਰੀ ਪੰਡਤਾਂ ਦੇ ਆਗੂ ਪੰਡਤ ਕਿਰਪਾ ਰਾਮ ਬਾਰੇ ਚੁੱਪ ਹੀ ਨਜ਼ਰ ਆਉਂਦਾ ਹੈ।
ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਸਕ੍ਰਿਤ ਦੀ ਸਿੱਖਿਆ ਪੰਡਤ ਕਿਰਪਾ ਰਾਮ ਨਾਂ ਦੇ ਵਿਦਵਾਨ ਵਲੋਂ ਦਿੱਤੇ ਜਾਣ ਦਾ ਜ਼ਿਕਰ ਤਾਂ ਆਉਂਦਾ ਹੈ,ਪਰ ਇਤਿਹਾਸ ਇਹ ਦੱਸਣ ਤੋਂ ਇਨਕਾਰੀ ਜਾਪਦਾ ਹੈ ਕਿ ਕੀ ਗੁਰੂ ਤੇਗ ਬਹਾਦਰ ਜੀ ਕੋਲ ਵਫਦ ਲੈ ਕੇ ਆਉਣ ਵਾਲੇ ਅਤੇ ਉਹਨਾ ਨੂੰ ਸੰਸਕ੍ਰਿਤ ਦੀ ਸਿੱਖਿਆ ਦੇਣ ਵਾਲੇ ਕਿਰਪਾ ਰਾਮ ਨਾਂ ਦੇ ਪਾਤਰ ਇਕ ਹੀ ਵਿਅਕਤੀ ਸਨ ਜਾਂ ਵੱਖਰੇ।
ਹਾਂ ਕੁਝ ਥਾਵਾਂ ਤੇ ਗੂਰੂ ਗੋਬਿੰਦ ਸਿੰਘ ਜੀ ਨੂੰ ਸੰਸਕ੍ਰਿਤ ਦੀ ਸਿੱਖਿਆ ਦੇਣ ਵਾਲੇ ਕਿਰਪਾ ਰਾਮ ਨੂੰ ਆਨੰਦਪੁਰ ਸਾਹਿਬ ਨੇੜਲੇ ਕਸਬਾ ਨੂਰਪੁਰ ਬੇਦੀ ਨਾਲ ਜੋੜ ਕੇ ਦੱਸਿਆ ਜਾਂਦਾ ਹੈ।
ਇਤਿਹਾਸ ਇਸ ਪੱਖੋਂ ਵੀ ਮੌਨ ਹੀ ਹੈ ਕਿ ਨੌਵੇਂ ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਇਹ ਕਸ਼ਮੀਰੀ ਪੰਡਤਾਂ ਦਾ ਜੱਥਾ ਕਿੱਥੇ ਗਿਆ।
ਉਸ ਦੀ ਬਾਅਦ ਵਿਚ ਧਰਮ ਯੁੱਧ ਵਿਚ ਕੋਈ ਭੂਮਿਕਾ ਵੀ ਰਹੀ ਜਾਂ ਨਹੀਂ, ਇਸ ਬਾਰੇ ਪੰਜਾਬੀਆਂ ਨੋੂ ਜਾਣਕਾਰੀ ਨਾਦਾਰਦ ਹੀ ਹੈ।
ਪਰ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਅਤੇ ਤਿੰਨ ਪਿਆਰਿਆਂ ਦੇ ਨਾਲ ਹੀ ਸ਼ਹੀਦ ਹੋਣ ਵਾਲੇ ਹੋਰ 35 ਸਿੰਘਾਂ ਦੇ ਨਾਵਾਂ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਭਾਈ ਕਿਰਪਾ ਸਿੰਘ ਦੱਤ ਦਾ ਸ਼ਹੀਦਾਂ ਵਿਚ ਜ਼ਿਕਰ ਜਰੂਰ ਧਿਆਨ ਖਿੱਚਦਾ ਹੈ।
ਕੇਸਰੀ ਵਿਰਾਸਤ ਨੇ ਜਦੋਂ ਸ਼ਹੀਦ ਭਾਈ ਕਿਰਪਾ ਸਿੰਘ ਦੱਤ ਬਾਰੇ ਖੋਜ ਕੀਤੀ ਤਾਂ Miri Piri Gurbani Parchar Parsar Sansatha, Gwalior, Madhya Pardesh, India ਦੀ ਵੈਬਸਾਈਟ ਉੱਪਰੋਂ ਉਪਲਬਧ ਹੋਣ ਵਾਲੀ ਜਾਣਕਾਰੀ ਅਨੁਸਾਰ ਕਸ਼ਮੀਰੀ ਵਫਦ ਦੇ ਆਗੂ ਵਜੋਂ ਆਨੰਦਪੁਰ ਸਾਹਿਬ ਆਉਣ ਵਾਲੇ ਪੰਡਤ ਕਿਰਪਾ ਰਾਮ ਦੱਤ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਰਹਿ ਗਏ ਸਨ ਅਤੇ ਬਾਕਾਇਦਾ ਅੰਮ੍ਰਿਤ ਛਕ ਕੇ ਧਰਮ ਯੁੱਧ ਵਿਚ ਆਪਣੀਆਂ ਜਾਨਾਂ ਨੌਸ਼ਾਵਰ ਕਰ ਗਏ ਸਨ।
ਪਰ ਪੰਜਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੋਰ ਸਿੱਖ ਸੰਸਥਾ ਉੱਪਰ ਅਜਿਹੀ ਜਾਣਕਾਰੀ ਉਪਲਬਧ ਨਹੀਂ ਹੋ ਸਕੀ।
ਆਉ ਦੇਖਦੇ ਹਾਂ ਵਾਇਰਲ ਹੋ ਰਹੀ ਚਮਕੌਰ ਸਾਹਿਬ ਦੇ 40 ਸ਼ਹੀਦ ਸਿਂਘਾਂ ਦੀ ਸੂਚੀ ਅਤੇ ਉਕਤ ਵੈਬਸਾਈਟ ਉੱਪਰ ਉਪਲਬਧ ਜਾਣਕਾਰੀ।
ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਪਾਵਨ ਨਾਂਵਾਂ ਦੀ ਵਾਇਰਲ ਸੂਚੀ
1. ਸਾਹਿਬਜ਼ਾਦਾ ਅਜੀਤ ਸਿੰਘ ਜੀ
2. ਸਾਹਿਬਜ਼ਾਦਾ ਜੁਝਾਰ ਸਿੰਘ ਜੀ
3. ਭਾਈ ਮੋਹਕਮ ਸਿੰਘ ਜੀ (ਪਿਆਰੇ)
4. ਭਾਈ ਸਾਹਿਬ ਸਿੰਘ ਜੀ (ਪਿਆਰੇ)
5. ਭਾਈ ਹਿੰਮਤ ਸਿੰਘ ਜੀ (ਪਿਆਰੇ)
6. ਭਾਈ ਦੇਵਾ ਸਿੰਘ ਜੀ
7. ਭਾਈ ਰਾਮ ਸਿੰਘ ਜੀ
8. ਭਾਈ ਟਹਿਲ ਸਿੰਘ ਜੀ
9. ਭਾਈ ਈਸ਼ਰ ਸਿੰਘ ਜੀ
10.ਭਾਈ ਫਤਿਹ ਸਿੰਘ ਜੀ
11.ਭਾਈ ਮਦਨ ਸਿੰਘ ਜੀ
12.ਭਾਈ ਕਾਠਾ ਸਿੰਘ ਜੀ
13.ਭਾਈ ਨਾਹਰ ਸਿੰਘ ਜੀ
14.ਭਾਈ ਸ਼ੇਰ ਸਿੰਘ ਜੀ
15.ਭਾਈ ਅਨਿਕ ਸਿੰਘ ਜੀ
16.ਭਾਈ ਅਜਬ ਸਿੰਘ ਜੀ
17.ਭਾਈ ਅਜਾਇਬ ਸਿੰਘ ਜੀ
18.ਭਾਈ ਦਾਨ ਸਿੰਘ ਜੀ
19.ਭਾਈ ਨਾਨੂੰ ਸਿੰਘ ਜੀ
20.ਭਾਈ ਆਲਮ ਸਿੰਘ ਜੀ ਨੱਚਣਾ
21.ਭਾਈ ਬੀਰ ਸਿੰਘ ਜੀ
22.ਭਾਈ ਮੋਹਰ ਸਿੰਘ ਜੀ
23.ਭਾਈ ਅਮੋਲਕ ਸਿੰਘ ਜੀ
24.ਭਾਈ ਕਿਰਪਾ ਸਿੰਘ ਦੱਤ ਜੀ
25.ਭਾਈ ਸਨਮੁੱਖ ਸਿੰਘ ਜੀ ਦੱਤ ਜੀ
26.ਭਾਈ ਮੁਕੰਦ ਸਿੰਘ ਜੀ
27.ਭਾਈ ਮੁਕੰਦ ਸਿੰਘ ਜੀ, ਦੂਜਾ
28.ਭਾਈ ਲਾਲ ਸਿੰਘ ਪਿਸ਼ੋਰੀਆ ਜੀ
29.ਭਾਈ ਧੰਨਾ ਸਿੰਘ ਜੀ
30.ਭਾਈ ਬਖਸ਼ਿਸ਼ ਸਿੰਘ ਜੀ
31.ਭਾਈ ਗੁਰਬਖਸ਼ਿਸ਼ ਸਿੰਘ ਜੀ
32.ਭਾਈ ਅਨੰਦ ਸਿੰਘ ਜੀ
33.ਭਾਈ ਜਵਾਹਰ ਸਿੰਘ ਜੀ
34.ਭਾਈ ਕੀਰਤ ਸਿੰਘ ਜੀ
35.ਭਾਈ ਸੁੱਖਾ ਸਿੰਘ ਜੀ
36.ਭਾਈ ਸ਼ਾਮ ਸਿੰਘ ਜੀ
37.ਭਾਈ ਕੇਸਰਾ ਸਿੰਘ ਜੀ
38.ਭਾਈ ਹੁਕਮ ਸਿੰਘ ਜੀ
39.ਭਾਈ ਖਜ਼ਾਨ ਸਿੰਘ ਜੀ
40.ਭਾਈ ਬੁੱਢਾ ਸਿੰਘ ਜੀ
ਵੈਬਸਾਈਟ ਉੱਪਰ ਦਿੱਤੀ ਗਈ ਭਾਈ ਕਿਰਪਾ ਸਿੰਘ ਦੱਤ ਅਤੇ ਦੋ ਹੋਰ ਭਰਾਵਾਂ ਬਾਰੇ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ।
ਨਾਮ ਭਾਈ ਕਿਰਪਾ ਸਿੰਘ ਦੱਤ
ਪਿਤਾ ਦਾ ਨਾਮ: ਭਾਈ ਅੜੂ ਜੀ
ਭਰਾ ਭਾਈ ਅਮੋਲਕ ਸਿੰਘ ਅਤੇ ਸਨਮੁਖ ਸਿੰਘ ਦੱਤ (ਨਾਲ ਹੀ ਸ਼ਹੀਦ ਹੋਏ ਸਨ)
ਕਿਸ ਖਾਨਦਾਨ ਵਲੋਂ ਸੰਬੰਧ: ਦੱਤ ਬ੍ਰਾਹਮਣ ਪਰਵਾਰ ਦੀ ਪੀੜ੍ਹੀ ਵਿੱਚੋਂ ਸਨ।
ਭਾਈ ਕਿਰਪਾ ਸਿੰਘ ਦੱਤ ਹੀ 1675 ਵਿੱਚ ਕਸ਼ਮੀਰੀ ਬਰਾਹਮਣ ਦਾ ਜੱਥਾ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਮਦਦ ਲੈਣ ਲਈ ਪਧਾਰੇ ਜਥੇ ਦੀ ਅਗਵਾਈ ਕਰ ਰਹੇ ਸਨ।
ਕਦੋਂ ਸ਼ਹੀਦ ਹੋਏ। 22 ਦਿਸੰਬਰ 1705
ਕਿੱਥੇ ਸ਼ਹੀਦ ਹੋਏ ਚਮਕੌਰ ਦੀ ਗੜੀ
ਕਿਸਦੇ ਖਿਲਾਫ ਲੜੇ: ਮੁਗਲਾਂ ਦੇ
ਅੰਤਮ ਸੰਸਕਾਰ ਦਾ ਸਥਾਨ ਚਮਕੌਰ ਦੀ ਗੜੀ
* ਅੰਤਮ ਸੰਸਕਾਰ ਕਦੋਂ ਹੋਇਆ 25 ਦਿਸੰਬਰ 1705
“ਭਾਈ ਕ੍ਰਿਪਾ ਸਿੰਘ ਦੱਤ ਵੀ ਉਨ੍ਹਾਂ ਸਿੰਘਾਂ ਵਿੱਚੋਂ ਇੱਕ ਸਨ ਜੋ ਸ਼੍ਰੀ ਚਮਕੌਰ ਦੀ ਗੜੀ ਵਲੋਂ ਬਾਹਰ ਆਕੇ 22 ਦਿਸੰਬਰ 1705 ਦੇ ਦਿਨ ਸ਼ਹੀਦੀ ਪ੍ਰਾਪਤ ਕਰ ਗਏ ਸਨ।
ਸਿੱਖ ਤਵਾਰੀਖ ਵਿੱਚ ਭਾਈ ਕਿਰਪਾ ਦੱਤ ਨੂੰ ਅਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਯਾਦ ਕਰਕੇ ਧਿਆਨ ਕਰਦੇ ਹਾਂ।
ਜਦੋਂ 25 ਮਈ 1675 ਦੇ ਦਿਨ 16 ਕਸ਼ਮੀਰੀ ਬਰਾਹੰਣਾਂ ਦਾ ਕਾਫਿਲਾ ਜਾਂ ਜੱਥਾ ਪੰਡਤ ਕਿਰਪਾ ਦੱਤ ਦੀ ਅਗੁਵਾਈ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਮਮਦ ਮੰਗਣ ਆਏ ਸਨ, ਕਿਉਂਕਿ ਮੁਗਲ ਸਮਰਾਟ ਔਰੰਗਜੇਬ ਜਬਰਨ ਕਸ਼ਮੀਰੀ ਬਰਾਹੰਣਾਂ ਨੂੰ ਇਸਲਾਮ ਕਬੂਲ ਕਰਵਾਉਣਾ ਚਾਹੁੰਦਾ ਸੀ।
ਪਰ ਕਿਰਪਾ ਰਾਮ ਦੱਤ ਅਤੇ ਉਨ੍ਹਾਂ ਦੇ ਪਰਵਾਰ ਦਾ ਸਿੱਖ ਪੰਥ ਦੇ ਨਾਲ ਬਹੁਤ ਪੁਰਾਣਾ ਨਾਤਾ ਹੈ। ਇਸਦਾ ਜਿਕਰ ਸੱਤਵੇਂ ਗੁਰੂ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਵਲੋਂ ਮਿਲਦਾ ਹੈ। ਜਦੋਂ ਕਿ ਕੁੱਝ ਸੋਮਿਆਂ ਜਾਂ ਲੇਖਿਆਂ ਦੇ ਮੁਤਾਬਕ ਇਹ ਪਰਵਾਰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਵਲੋਂ ਹੀ ਸਿੱਖ ਪੰਥ ਵਿੱਚ ਸ਼ਾਮਿਲ ਹੋ ਗਏ ਸਨ, ਜਦੋਂ ਕਿ ਕੁੱਝ ਲੇਖ ਇਨ੍ਹਾਂ ਨੂੰ ਪੰਜਵੇ ਅਤੇ ਛੇਵੇਂ ਗੁਰੂ ਸਾਹਿਬ ਜੀ ਦੇ ਸਮੇਂ ਵਲੋਂ ਜੁੜਿਆ ਹੋਇਆ ਮੰਣਦੇ ਹਨ।
ਭਾਈ ਕਿਰਪਾ ਰਾਮ ਦੱਤ, ਭਾਈ ਠਾਕਰ ਦਾਸ ਮੁੰਝਾਲ ਦੱਤ ਬਰਾਹੰਣ ਪਰਵਾਰ ਦੀ ਪੀੜ੍ਹੀ ਵਿੱਚੋਂ ਸਨ। ਭਾਈ ਠਾਕਰ ਦਾਸ ਕਸ਼ਮੀਰ ਦੇ ਕਸਬੇ ਮਟਨ ਦੇ ਰਹਿਣ ਵਾਲੇ ਸਨ।
ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਕਸ਼ਮੀਰ ਗਏ ਸਨ ਤਾਂ ਤੁਸੀ ਮਟਨ ਕਸਬੇ ਵਿੱਚੋਂ ਨਿਕਲਕੇ ਗਏ ਤਾਂ ਪੰਡਤ ਕਿਰਪਾ ਦੱਤ ਦੇ ਪੂਰਵਜ ਬ੍ਰਹਮ ਦਾਸ ਦੇ ਨਾਲ ਉਨ੍ਹਾਂ ਦੀ ਗੋਸ਼ਠਿ ਵੀ ਹੋਈ ਸੀ।
ਪੰਡਤ ਬ੍ਰਹਮ ਦਾਸ ਜੀ ਦੇ ਕੋਲ ਕਿਤਾਬਾਂ ਦਾ ਇੱਕ ਭੰਡਾਰ ਸੀ, ਜਿਸਦਾ ਉਹ ਬਹੁਤ ਮਾਨ ਅਤੇ ਅਹੰਕਾਰ ਕਰਦਾ ਸੀ। ਭਾਈ ਬ੍ਰਹਮਦਾਸ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪ੍ਰਚਾਰ ਦੀ ਮੰਜੀ (ਮਿਸ਼ਨਰੀ, ਸੀਟ) ਪ੍ਰਦਾਨ ਕੀਤੀ ਸੀ।
ਭਾਈ ਕਿਰਪਾ ਰਾਮ ਦੱਤ ਦੇ ਪਿਤਾ, ਭਾਈ ਅੜੂ ਜੀ ਸਨ। ਇਨ੍ਹਾਂ ਦੀ ਮੌਤ ਦੇ ਬਾਅਦ ਭਾਈ ਕਿਰਪਾ ਰਾਮ ਦੱਤ ਜੀ ਗੁਰੂ ਸਾਹਿਬ ਜੀ ਦੇ ਨਾਲ ਜੁਡ਼ੇ ਰਹੇ।
ਉਹ ਕਸ਼ਮੀਰੀ ਪੰਡਤਾਂ ਦੀ ਟੋਲੀ ਲੈ ਕੇ ਮਦਦ ਲੈਣ ਲਈ ਇੱਕਦਮ ਵਲੋਂ ਨਹੀਂ ਆ ਗਏ ਸਨ, ਸਗੋਂ ਉਹ ਤਾਂ ਲੰਬੇ ਸਮਾਂ ਵਲੋਂ ਗੁਰੂ ਘਰ ਵਲੋਂ ਜੁਡ਼ੇ ਹੋਏ ਸਨ ਅਤੇ ਹਮੇਸ਼ਾ ਆਉਂਦੇ ਰਹਿੰਦੇ ਸਨ।
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਬਾਅਦ ਤੁਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁਡ਼ੇ ਰਹੇ। ਇਨ੍ਹਾਂ ਦਾ ਪੁਰਾਣਾ ਨਾਮ ਭਾਈ ਕਿਰਪਾ ਦੱਤ ਸੀ ਜਦੋਂ ਕਿ ਅਮ੍ਰਤਪਾਨ ਕਰਣ ਦੇ ਬਾਅਦ ਇਨ੍ਹਾਂ ਦਾ ਨਾਮ ਭਾਈ ਕਿਰਪਾ ਸਿੰਘ ਦੱਤ ਹੋ ਗਿਆ।
ਜਦੋਂ ਪਹਾੜੀ ਅਤੇ ਮੁਗਲਾਂ ਨੇ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਘੇਰਾਬੰਦੀ ਕੀਤੀ ਤੱਦ ਵੀ ਭਾਈ ਕਿਰਪਾ ਸਿੰਘ ਦੱਤ ਉੱਥੇ ਉੱਤੇ ਹੀ ਸਨ।
ਸ਼੍ਰੀ ਆਨੰਦਪੁਰ ਸਾਹਿਬ ਜੀ ਵਿੱਚ ਰਹਿੰਦੇ ਹੋਏ ਸਿੱਖਾਂ ਨੂੰ ਬਿਲਾਸਪੁਰ ਦੇ ਰਾਜੇ ਅਜਮੇਰਚੰਦ ਦੇ ਨਾਲ ਕਈ ਵਾਰ ਦੋ–ਦੋ ਹੱਥ ਕਰਣੇ ਪਏ ਸਨ। ਜਦੋਂ ਮਈ 1705 ਵਿੱਚ ਪਹਾੜੀ ਅਤੇ ਮੁਗਲ ਸੇਨਾਵਾਂ ਨੇ ਪੁਰੀ ਤਰ੍ਹਾਂ ਵਲੋਂ ਚਾਰੇ ਪਾਸੋਂ ਘੇਰ ਲਿਆ ਤਾਂ ਇਹ ਘੇਰਾ ਲੱਗਭੱਗ 7 ਮਹੀਨੇ ਤੱਕ ਰਿਹਾ।
20 ਦਿਸੰਬਰ 1705 ਨੂੰ ਜਦੋਂ ਗੁਰੂ ਸਾਹਿਬ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਜੀ ਛੱਡਣ ਦਾ ਫ਼ੈਸਲਾ ਲਿਆ ਤਾਂ ਗੁਰੂ ਸਾਹਿਬ ਜੀ ਦੇ ਨਾਲ ਜੀਣ-ਮਰਣ ਦੀਆਂ ਕਸਮਾਂ ਖਾਣ ਵਾਲੇ 39 ਹੋਰ ਸਿੱਖਾਂ ਦੇ ਨਾਲ ਆਪ ਜੀ ਵੀ ਸ਼ਾਮਿਲ ਸਨ।
ਇਨ੍ਹਾਂ 40 ਸਿਂਘਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ 40 ਮੁਕਤੇ ਕਹਿਕੇ ਸੰਬੋਧਿਤ ਕੀਤਾ ਜਾਂਦਾ ਹੈ। ਗੁਰੂ ਸਾਹਿਬ ਜੀ ਦੇ ਨਾਲ ਇਹ ਸਰਸਾ ਨਦੀ ਤੇ ਹੋਈ ਲੜਾਈ ਤੋਂ ਬਾਅਦ ਸਰਸਾ ਨਦੀ ਪਾਰ ਕਰਕੇ ਕੋਟਲਾ ਨਿਹੰਗ ਵਲੋਂ ਹੁੰਦੇ ਹੋਏ ਸ਼੍ਰੀ ਚਮਕੌਰ ਸਾਹਿਬ ਜੀ ਪਹੁੰਚੇ ਸਾਰੇ ਦੇ ਸਾਰੇ ਸਿੱਖ ਥੱਕੇ ਹੋਏ ਸਨ।
ਸਾਰਿਆਂ ਨੇ ਬੁਧੀਚੰਦ ਰਾਵਤ ਦੀ ਗੜੀ ਵਿੱਚ ਡੇਰਾ ਪਾ ਲਿਆ। ਦੂਜੇ ਪਾਸੇ ਕਿਸੇ ਚਮਕੌਰ ਨਿਵਾਸੀ ਨੇ ਇਹ ਜਾਣਕਾਰੀ ਰੋਪੜ ਜਾਕੇ ਉੱਥੇ ਦੇ ਥਾਣੇਦਾਰ ਨੂੰ ਦੇ ਦਿੱਤੀ।
ਇਸ ਪ੍ਰਕਾਰ ਮੁਗਲ ਫੋਜਾਂ ਚਮਕੌਰ ਦੀ ਗੜੀ ਵਿੱਚ ਪਹੁੰਚ ਗਈਆਂ। ਮੁਗਲਾਂ ਦੀ ਗਿਣਤੀ ਲੱਗਭੱਗ 10 ਲੱਖ ਦੇ ਆਸਪਾਸ ਸੀ। ਕੁੱਝ ਹੀ ਦੇਰ ਵਿੱਚ ਜਬਰਦਸਤ ਲੜਾਈ ਸ਼ੁਰੂ ਹੋ ਗਈ।
ਸਿੱਖ ਪੰਜ-ਪੰਜ ਦਾ ਜੱਥਾ ਲੈ ਕੇ ਗੜੀ ਵਿੱਚੋਂ ਨਿਕਲਦੇ ਅਤੇ ਲੱਖਾਂ ਹਮਲਾਵਰਾਂ ਦੇ ਨਾਲ ਜੂਝਦੇ ਅਤੇ ਤੱਦ ਤੱਕ ਜੂਝਦੇ ਰਹਿੰਦੇ ਜਦੋਂ ਤੱਕ ਕਿ ਸ਼ਹੀਦ ਨਹੀਂ ਹੋ ਜਾਂਦੇ।
ਰਾਤ ਹੋਣ ਤੱਕ 35 ਸਿੱਖ ਸ਼ਹੀਦ ਹੋ ਚੁੱਕੇ ਸਨ। ਇਨ੍ਹਾਂ ਵਿੱਚੋਂ ਭਾਈ ਕਿਰਪਾ ਸਿੰਘ ਦੱਤ ਵੀ ਸ਼ਾਮਿਲ ਸਨ।
ਸਾਰੇ ਸ਼ਹੀਦਾਂ ਦਾ ਅੰਤਮ ਸੰਸਕਾਰ ਚਮਕੌਰ ਦੀ ਗੜੀ ਵਿੱਚ 25 ਦਿਸੰਬਰ 1705 ਨੂੰ ਕੀਤਾ ਗਿਆ।”
ਇਸੇ ਤਰਾਂ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਇਕ ਸੰਸਥਾ ਤਾਂ ਕਿਰਪਾ ਰਾਮ ਦੱਤ ਨੂੰ ਪੰਡਿਤ ਦੀ ਥਾਂ ਭਾਈ ਕਿਰਪਾ ਸਿੰਘ ਦੱਤ ਵਜੋਂ ਦਿਖਾਉਂਦੇ ਹੋਏ ਸਾਹਿਬ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਕਰਨ ਦੌਰਾਨ ਉਹਨਾ ਦੀ ਇਕ ਤਸਵੀਰ ਸਿੱਖ (ਕੇਸਾਧਾਰੀ) ਦੇ ਰੂਪ ਵਿਚ ਵੀ ਦਿਖਾਉਂਦੀ ਹੈ।
ਉਪਰੋਕਤ ਵੈਬਸਾਈਟਸ ਵਲੋਂ ਦਿੱਤੀ ਗਈ ਜਾਣਕਾਰੀ ਸਹੀ ਹੈ ਜਾਂ ਨਹੀਂ ਇਹ ਚਰਚਾ ਦਾ ਵਿਸ਼ਾ ਹੋ ਸਕਦਾ ਹੈ ਪਰ ਸਿੱਖ ਇਤਿਹਾਸ ਅਤੇ ਸਾਡੇ ਸਿੱਖ ਪ੍ਰਚਾਰਕ ਪੰਡਤ ਕਿਰਪਾ ਰਾਮ ਦੱਤ ਅਤੇ ਉਹਨਾ ਦੇ ਭਰਾਵਾਂ ਦੀਆਂ ਮਹਾਨ ਸ਼ਹਾਦਤਾਂ ਬਾਰੇ ਚੁੱਪ ਕਿਉਂ ਹਨ? ਇਹ ਸਵਾਲ ਅੱਜ ਹਰੇਕ ਸਿੱਖ ਸ਼ਰਧਾਲੂ ਦੇ ਮਨ ਵਿਚ ਪੈਦਾ ਹੋ ਰਿਹਾ ਹੈ।
sikhwiki ਉੱਪਰ ਵੀ ਪੰਡਤ ਕਿਰਪਾ ਰਾਮ ਦਾ ਭਾਈ ਕਿਰਪਾ ਸਿੰਘ ਦੱਤ ਵਜੋਂ ਵੀ ਜ਼ਿਕਰ ਜਰੂਰ ਮਿਲਦਾ ਹੈ।
ਸੰਗਤ ਨੇਪੁੱਛਣਾ ਸ਼ੁਰੂ ਕਰ ਦਿੱਤਾ ਹੈ ਕਿ ਜੇਕਰ ਭਾਈ ਕਿਰਪਾ ਸਿੰਘ ਦੱਤ ਉਹੀ ਕਸ਼ਮੀਰੀ ਪੰਡਤਾਂ ਦਾ ਮੁਖੀ ਨਹੀਂ ਹੈ ਤਾਂ ਫਿਰ ਇਹਨਾ ਸ਼ਹੀਦ ਭਰਾਵਾਂ ਬਾਰੇ ਜਾਣਕਾਰੀ ਦੀ ਏਨੀ ਘਾਟ ਕਿਉਂ ਹੈ? ਇਹ ਵੀ ਹੈਰਾਨੀਜਨਕ ਹੈ ਕਿ ਪੰਜਾਬ ਤੋਂ ਬਾਹਰ ਦੀ ਕਿਸੇ ਸਿੱਖ ਸੰਸਥਾ ਨੇ ਤਾਂ ਚਮਕੌਰ ਗੜੀ ਦੇ ਸ਼ਹੀਦਾਂ ਬਾਰੇ ਜਾਣਕਾਰੀ ਨੂੰ ਸੰਗਤਾਂ ਤਕ ਪਹੁੰਚਾਉਣਾ ਆਪਣਾ ਫਰਜ਼ ਸਮਝਿਆ ਹੈ ਤਾਂ ਹੁਣ ਤਕ ਪੰਜਾਬ ਦੀਆਂ ਸਿੱਖ ਸੰਸਥਾਵਾਂ ਚਮਕੌਰ ਗੜੀ ਦੇ ਸ਼ਹੀਦਾਂ ਬਾਰੇ ਵਿਸਥਾਰਤ ਜਾਣਕਾਰੀ ਭਰਪੂਰ ਲਿਟਰੇਟਰ ਸੰਗਤ ਤਕ ਪਹੁੰਚਾਉਣ ਤੋਂ ਕਿਉਂ ਖੁੰਝੀਆਂ ਰਹੀਆਂ ਹਨ।?