Jathedar akal takhat reaction on sukhbir badal attack: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਸਰਕਾਰ ਦੇ ਮੰਤਰੀਆਂ ਤੇ ਲੀਡਰਾਂ ਨੂੰ ਲਗਾਈ ਗਈ ਧਾਰਮਿਕ ਸਜ਼ਾ ਦੌਰਾਨ ਸੁਖਬੀਰ ਬਾਦਲ ਉੱਪਰ ਹਮਲਾਵਰ ਗੋਲੀ ਮਾਰਨ ਦੀ ਕੋਸ਼ਿਸ਼ ਤੇ ਵੱਖ ਵੱਖ ਸਿਆਸੀ ਆਗੂਆਂ ਤੋਂ ਇਲਾਵਾ ਪੰਜ ਸਿੰਘ ਸਹਿਬਾਨ ਦਾ ਪ੍ਰਤੀਕਰਮ ਵੀ ਸਾਹਮਣੇ ਆ ਰਿਹਾ ਹੈ। ਕਈ ਅੱਤਵਾਦ ਅਤੇ ਦੇਸ਼ ਧਰੋਹ ਦੇ ਮਾਮਲਿਆਂ ਵਿਚ ਮੁਲਜ਼ਮ ਰਹੇ ਖਾਲਿਸਤਾਨੀ ਨਰਾਇਣ ਸਿੰਘ ਚੌੜਾ ਵਲੋਂ ਸੁਖਬੀਰ ਬਾਦਲ ‘ਤੇ ਕੀਤੇ ਇਸ ਹਮਲੇ ਨੂੰ ਲੈਕੇ ਜਥੇਦਾਰ ਵਲੋਂ ਨਿੰਦਾ ਕੀਤੀ ਗਈ ਹੈ।
ਸੁਖਬੀਰ ਬਾਦਲ ਤੇ ਨਹੀਂ ਸੇਵਾ ਨਿਭਾਅ ਰਹੇ ਸੇਵਾਦਾਰ ‘ਤੇ ਹਮਲਾ- ਜਥੇਦਾਰ ਰਘੁਬੀਰ ਸਿੰਘ
ਇਸ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਪਣੇ ਬਿਆਨ ਵਿਚ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਜਥੇਦਾਰ ਗਿਅਨੀ ਰਘਬੀਰ ਸਿੰਘ ਨੇ ਕਿਹਾ ਕਿ ਨਰਾਇਣ ਸਿੰਘ ਚੌੜਾ ਵਲੋਂ ਇਹ ਹਮਲਾ ਸੁਖਬੀਰ ਬਾਦਲ ‘ਤੇ ਨਹੀਂ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਗਈ ਸੇਵਾ ਨੂੰ ਨਿਭਾਅ ਰਹੇ ਸੇਵਾਦਾਰ ‘ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੋਲੀ ਸੁਖਬੀਰ ਬਾਦਲ ਨੂੰ ਤਾਂ ਨਹੀਂ ਲੱਗੀ ਪਰ ਚਰਨਕੁੰਡ ਨੂੰ ਜ਼ਰੂਰ ਲੱਗੀ ਹੈ ਜਿਥੇ ਸੰਗਤ ਪੈਰ ਧੋ ਕੇ ਦਰਬਾਰ ਸਾਹਿਬ ਨਤਮਸਤਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ‘ਚ ਗੰਭੀਰਤਾ ਨਾਲ ਜਾਂਚ ਕਰਕੇ ਇਸ ਵਰਤਾਰੇ ਪਿਛਲੇ ਲੋਕਾਂ ਨੂੰ ਸਾਹਮਣੇ ਲਿਆਵੇ।
ਬਿਨਾਂ ਕਿਸੇ ਡਰ ਤੇ ਦਬਾਅ ਤੋਂ ਫੈਸਲਾ-ਜਥੇਦਾਰ ਹਰਪ੍ਰੀਤ ਸਿੰਘ
ਉਥੇ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਜੋਂ ਵੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦਾ ਹੈ ਉਹ ਭੈਅਮੁਕਤ ਤੇ ਗੁਰੂ ਅੱਗੇ ਸਮਰਪਿਤ ਹੋਣ ਦੀ ਭਾਵਨਾ ਲੈਕੇ ਆਉਂਦਾ ਹੈ। ਜਥੇਦਾਰ ਨੇ ਕਿਹਾ ਕਿ ਜਦੋਂ ਪੰਜ ਸਿੰਘ ਸਹਿਬਾਨਾਂ ਨੇ ਫੈਸਲਾ ਲਿਆ ਸੀ ਤਾਂ ਉਹ ਗੁਰੂ ਦੀ ਓਟ ‘ਚ ਬਿਨਾਂ ਕਿਸੇ ਡਰ ਅਤੇ ਦਬਾਅ ਤੋਂ ਲਿਆ ਸੀ ਜਿਸ ਸਬੰਧੀ ਉਸ ਦਿਨ ਦੁਹਰਾਇਆ ਵੀ ਗਿਆ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੀ ਜਾਂਦੀ ਜਵਾਬਤਲਬੀ ਤੈਅ
ਜਥੇਦਾਰ ਨੇ ਕਿਹਾ ਕਿ ਕਈ ਏਜੰਸੀਆਂ ਨੇ ਜਿੰਨ੍ਹਾਂ ਨੂੰ ਇਸ ਫੈਸਲੇ ਦੇ ਚੰਗੇ ਜਾਂ ਮਾੜੇ ਹੋਣ ਦੀ ਫਿਕਰ ਨਹੀਂ ਹੈ। ਸਗੋਂ ਉਨ੍ਹਾਂ ਨੂੰ ਦਰਦ ਤੇ ਪੀੜਾ ਗੁਰੂ ਹਰਗੋਬਿੰਦ ਸਾਹਿਬ ਦੇ ਤਖ਼ਤ ਤੋਂ ਹੈ ਕਿ ਇਥੇ ਵੱਡੇ ਤੋਂ ਵੱਡੇ ਲੀਡਰ ਦੀ ਜਵਾਬਦੇਹੀ ਤੈਅ ਕੀਤੀ ਜਾਂਦੀ ਹੈ। ਭਾਵੇਂ ਉਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਨ ਜਾਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ ਜਾਂ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਸੀ ਚਾਹੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸੀ। ਉਨ੍ਹਾਂ ਕਿਹਾ ਕਿ ਇਹ ਸੰਕਲਪ ਗੁਰੂ ਸਾਹਿਬ ਨੇ ਸਿਰਫ਼ ਸਿੱਖਾਂ ਨੂੰ ਬਖਸ਼ਿਆ।