ਹੁਣ ਅਕਾਲੀ ਆਗੂ ਕਿਹੜੇ ਮੂੰਹ ਨਾਲ ਕਰਨਗੇ ਜੇਲਾਂ ਵਿਚ ਬੰਦ ਅੱਤਵਾਦੀਆਂ ਦੀ ਰਿਹਾਈ ਦੀ ਵਕਾਲਤ
ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਵਲੋਂ ਸਿੱਖ ਪਰੰਪਰਾ ਅਨੁਸਾਰ ਕਿਸੇ ਵੀ ਸਿੱਖ ਨੂੰ ਕਿਸੇ ਵੀ ਭੁੱਲ ਲਈ ਲਗਾਈ ਜਾਣ ਵਾਲੀ ਧਾਰਮਿਕ ਸਜਾ (ਤਨਖਾਹ) ਨੂੰ ਭੁਗਤ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਉੱਪਰ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਡੀ ਵਿਖੇ ਹੋਏ ਹਮਲੇ ਨੇ ਸਿੱਖ ਪੰਥ ਮੂਹਰੇ ਕਈ ਨਵੇਂ ਸਵਾਲ ਖੜੇ ਕਰ ਦਿੱਤੇ ਹਨ।
ਇਕ ਖਾਲਿਸਤਾਨੀ ਅੱਤਵਾਦੀ ਜੋ ਜੇਲ ਵਿਚੋਂ ਅੱਤਵਾਦੀਆਂ ਨੂੰ ਭਜਾਉਣ ਸਮੇਤ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਨਾਲ ਜੁੜਿਆ ਰਿਹਾ ਨਰਾਇਣ ਸਿੰਘ ਚੌੜਾ ਸ਼ੱਕੀ ਕਿਰਦਾਰ ਦਾ ਮਾਲਕ ਸੀ। ਉਸ ਨੇ ਇਹ ਹਮਲਾ ਕੀਤਾ ਵੀ ਉਦੋਂ ਹੈ ਜਦੋਂ ਸੁਖਬੀਰ ਸਿੰਘ ਬਾਦਲ ਕਿਸੇ ਸਿਆਸੀ ਆਗੂ ਜਾਂ ਵੀਆਈਪੀ ਵਜੋਂ ਨਹੀਂ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਇੱਕ ਨਿਮਾਣੇ ਸਿੱਖ ਵਜੋਂ ਗੁਰੂ ਘਰ ਦੀ ਸੇਵਾ ਨਿਭਾਅ ਰਹੇ ਸਨ। ਹਾਲਾਂਕਿ ਚੌੜਾ ਨੇ ਹਾਲੇ ਆਪਣੀ ਪਿਸਤੌਲ ਲੱਕ ਨਾਲੋਂ ਬਾਹਰ ਕੱਢੀ ਹੀ ਸੀ ਕਿ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ।
ਪਰ ਉਸਦਾ ਪੁਰਾਣਾ ਅੱਤਵਾਦ ਨਾਲ ਜੁੜਿਆ ਟਰੈਕ ਜਿਸ ਵਿਚ ਉਸਦਾ 1984 ਵਿਚ ਪਾਕਿਸਤਾਨ ਜਾ ਕੇ ਅੱਤਵਾਦ ਦੀ ਸਿਖਲਾਈ ਲੈਣਾ ਵੀ ਸ਼ਾਮਿਲ ਹੈ। ਉਹ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਰਿਹਾ ਹੈ। ਉਹ 2004 ਵਿਚ ਬੁੜੈਲ ਜੇਲ ਵਿਚੋਂ ਤਤਕਾਲੀ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੇ ਹਤਿਆਰਿਆਂ ਨੂੰ ਭਜਾਉਣ ਵਿਚ ਵੀ ਸ਼ਾਮਿਲ ਰਿਹਾ ਹੈ।
ਸਰਦਾਰ ਬੇਅੰਤ ਸਿੰਘ ਦੇ ਕਤਲ ਵਿਚ ਦੋਸ਼ੀ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਉਰਾ ਅਤੇ ਜਗਤਾਰ ਸਿੰਘ ਹਵਾਰਾ ਅਤੇ ਇਕ ਹੋਰ ਅੱਤਵਾਦੀ ਦੇਵੀ ਸਿੰਘ ਨੂੰ ਬੁਡੈਲ ਜੇਲ ਦੀ ਬਿਜਲੀ ਸਪਲਾਈ ਰੋਕ ਕੇ ਭੱਜਣ ਵਿਚ ਮਦਦ ਕਰਨ ਵਿਚ ਵੀ ਉਸਦਾ ਨਾਂ ਪ੍ਰਮੁੱਖਤਾ ਨਾਲ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਸਿੰਘ ਦੇ ਕਹਿਣ ਉੱਤੇ ਹੀ ਉਸਨੇ ਜੇਲ ਦੇ ਪਿੱਛੇ ਦੇ ਹਿੱਸੇ ਵਿਚ ਪੁੱਜ ਕੇ ਕੰਡਿਆਲੀਆਂ ਤਾਰਾਂ ਉੱਪਰ ਇਕ ਚੈਨ ਸੁੱਟੀ ਸੀ ਜਿਸ ਕਾਰਨ ਜੇਲ ਦੀ ਬਿਜਲੀ ਗੁਲ ਹੋਣ ਕਾਰਨ ਹਨੇਰੇ ਦਾ ਫਾਇਦਾ ਉਠਾ ਕੇ ਚਾਰੇ ਅੱਤਵਾਦੀ ਭੱਜ ਗਏ ਸਨ।
ਪੰਜਾਬ ਪੁਲਿਸ ਨਰਾਇਣ ਸਿੰਘ ਚੌੜਾ ਦੇ ਖਿਲਾਫ਼ ਯੂਏਪੀਏ ਦਾ ਕੇਸ ਦਰਜ ਕਰਕੇ ਉਸ ਨੂੰ 2013 ਵਿਚ ਗ੍ਰਿਫਤਾਰ ਵੀ ਕਰ ਚੁੱਕੀ ਹੈ। ਉਸਨੂੰ ਭਗੌੜਾ ਵੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਇਕ ਮਾਮਲੇ ਵਿਚ 2018 ਵਿਚ ਜ਼ਮਾਨਤ ਮਿਲਣ ਉਪਰੰਤ ਉਸਨੇ ਪੁਲਿਸ ਦੇ ਖਿਲਾਫ਼ ਹੀ ਇਹ ਕਹਿੰਦੇ ਹੋਏ ਮੁਕੱਦਮਾ ਦਰਜ ਕਰਵਾ ਦਿੱਤਾ ਸੀ ਕਿ ਪੁਲਿਸ ਵਲੋਂ ਉਸਦੇ ਫਰਜੀ ਦਰਤਖਤ ਤਿਆਰ ਕੀਤੇ ਗਏ ਸਨ। ਉਹ ਖਾਲਿਸਤਾਨ ਦਾ ਸਰਗਰਮ ਸਮਰਥਕ ਸੀ।
ਅੱਜ ਜਦੋਂ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਉੱਪਰ ਹੀ ਹਮਲਾ ਹੋ ਗਿਆ ਹੈ ਤਾਂ ਲੋਕਮਨਾਂ ਅੰਦਰ ਇਹ ਸਵਾਲ ਪੈਦਾ ਹੋ ਰਿਹਾ ਹੈ ਕਿ ਹਾਲੇ ਕੁਝ ਮਹੀਨੇ ਪਹਿਲਾਂ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਗਏ ਮੋਰਚੇ ਵਿਚ ਸਿੱਖੀ ਦੀ ਹਾੜ ਹੇਠ ਅਸਿੱਧੇ ਢੰਗ ਨਾਲ ਸਾਬਕਾ ਅੱਤਵਾਦੀਆਂ ਨੂੰ ਜੇਲਾਂ ਵਿਚੋਂ ਰਿਹਾਅ ਕਰਨ ਦੀ ਵਕਾਲਤ ਕਰਨ ਵਾਲੇ ਅਕਾਲੀ ਆਗੂਆਂ ਦੀ ਅਗਲੇਰੀ ਰਣਨੀਤੀ ਕੀ ਹੋਵੇਗੀ। ਕੀ ਉਹ ਹੁਣ ਵੀ ਸਿੱਖੀ ਦੇ ਭੇਸ ਵਿਚ ਅੱਤਵਾਦੀ ਸਰਗਰਮੀਆਂ ਦੇ ਦੋਸ਼ੀਆਂ ਨੂੰ ਜੇਲਾਂ ਵਿਚੋਂ ਰਿਹਾਅ ਕਰਕੇ ਆਮ ਲੋਕਾਂ ਦੇ ਜਾਨ-ਮਾਲ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਦੀ ਖੁਲ ਦੇਣਾ ਮੁਨਾਸਿਬ ਸਮਝਣਗੇ।
ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਗਾਈ ਗਈ ਧਾਰਮਿਕ ਸਜਾ (ਤਨਖਾਹ) ਭੁਗਤਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਲੀਡਰਸ਼ਿਪ ਨੂੰ ਸਿੱਖ ਸੰਗਤ ਵਲੋਂ ਸਿਆਸੀ ਤੌਰ ਤੇ ਮੁੜ ਕਬੂਲ ਕਰਨ ਜਾਂ ਨਾ ਕਰ ਸਕਣ ਦਾ ਸਵਾਲ ਅੱਜ ਮੂੰਹ ਅੱਡੀ ਖੜਾ ਹੈ, ਉੱਥੇ ਹੀ ਇਸ ਹਮਲੇ ਤੋਂ ਬਾਅਦ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਕੀ ਹੁਣ ਅਕਾਲੀ ਆਗੂਆਂ ਨੂੰ ਦੇਸ਼ ਧਰਮ ਦੀ ਖਾਤਿਰ ਆਪਾ ਵਾਰਨ ਵਾਲੇ ਆਮ ਸਿੱਖ ਅਤੇ ਆਮ ਜਨਮਾਨਸ ਦੀ ਜਾਨ ਅਤੇ ਭੈ ਦਾ ਸਬੱਬ ਬਣਨ ਵਾਲੇ ਸਿੱਖੀ ਭੇਸ ਵਾਲੇ ਲੋਕਾਂ ਵਿਚਾਲੇ ਕੋਈ ਫਰਕ ਨਜਰ ਆਉਣ ਲੱਗੇਗਾ ਜਾਂ ਨਹੀਂ?
ਗੁਰਪ੍ਰੀਤ ਸਿੰਘ ਸੰਧੂ
ਸੰਪਾਦਕ