ਜਲੰਧਰ ( ਗੁਰਪ੍ਰੀਤ ਸਿੰਘ ਸੰਧੂ) : ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਪੁਲਿਸ ਨੇ ਘਮੰਡ ਵਸ ਆਪਣੇ ਪਿੰਡ ਵਿੱਚ ਦਾਖਲ ਹੋਕੇ ਗ੍ਰਿਫ਼ਤਾਰ ਕਰ ਸਕਣ ਦੀ ਚੁਣੌਤੀ ਦੇਣ ਵਾਲੇ ਨਸ਼ਾ ਸਮਗਲਰ ਨੂੰ 10 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖਿਲਾਫ਼ ਛਾਪੇਮਾਰੀ ਕਰਨ ਗਈ ਪੁਲਿਸ ਪਾਰਟੀ ‘ਤੇ ਬਦਨਾਮ ਨਸ਼ਾ ਤਸਕਰ ਵਿਜੇ ਮਸੀਹ ਅਤੇ ਉਸਦੇ ਸਾਥੀਆਂ ਨੇ ਹਮਲਾ ਕਰ ਦਿੱਤਾ। ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਉਕਤ ਤਸਕਰ ਖ਼ਿਲਾਫ਼ ਥਾਣਾ ਫਿਲੌਰ ਵਿੱਚ ਇੱਕ ਹੋਰ ਐਫਆਈਆਰ ਦਰਜ ਕਰ ਲਈ ਹੈ।
ਜਲੰਧਰ ਦੇਹਾਤ ਪੁਲਿਸ ਦੇ ਐਸ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਸ ਘਟਨਾ ‘ਚ ਚਾਰ ਪੁਲਸ ਕਰਮਚਾਰੀ ਜ਼ਖਮੀ ਹੋ ਗਏ ਹਨ। ਸਾਰਿਆਂ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੁਲਜ਼ਮ ਨੇ ਪੁਲੀਸ ਨੂੰ ਚੁਣੌਤੀ ਦਿੱਤੀ ਸੀ ਕਿ ਉਸ ਨੂੰ ਉਸ ਦੇ ਪਿੰਡ ਉਚੀ ਘਾਟੀ ਦੇ ਖੇਤਰ ਵਿੱਚ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ, ਅਜਿਹੇ ਵਿੱਚ ਪੁਲੀਸ ਨੇ ਉਸ ਖ਼ਿਲਾਫ਼ ਉਸਦੇ ਹੀ ਇਲਾਕੇ ਵਿੱਚ ਕਾਰਵਾਈ ਕੀਤੀ।
8 ਔਰਤਾਂ ਸਮੇਤ 10 ਖ਼ਿਲਾਫ਼ ਐਫ.ਆਈ.ਆਰ
ਐਸਐਸਪੀ ਖੱਖ ਨੇ ਦੱਸਿਆ ਕਿ ਪੁਲੀਸ ’ਤੇ ਹਮਲਾ ਕਰਨ ਵਾਲਿਆਂ ਵਿੱਚ 8 ਔਰਤਾਂ ਅਤੇ 2 ਪੁਰਸ਼ ਸ਼ਾਮਲ ਹਨ। ਜਿਸ ਦੇ ਖਿਲਾਫ ਕਤਲ ਦੀ ਕੋਸ਼ਿਸ਼, ਪੁਲਿਸ ਪਾਰਟੀ ‘ਤੇ ਹਮਲਾ ਕਰਨ ਅਤੇ ਸਰਕਾਰੀ ਕੰਮ ‘ਚ ਰੁਕਾਵਟ ਪਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਖੱਖ ਨੇ ਅੱਗੇ ਕਿਹਾ- ਦੋਸ਼ੀ ਵਿਜੇ ਮਸੀਹ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ।
ਜਿਸ ਵਿੱਚ ਮੁਲਜ਼ਮਾਂ ਖ਼ਿਲਾਫ਼ ਲੁਧਿਆਣਾ ਅਤੇ ਫਿਲੌਰ ਵਿੱਚ ਨਸ਼ਾ ਤਸਕਰੀ, ਕਤਲ ਦੀ ਕੋਸ਼ਿਸ਼, ਹਥਿਆਰ ਆਦਿ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ। ਮੁਲਜ਼ਮਾਂ ਖ਼ਿਲਾਫ਼ ਅਜਿਹੇ ਕਰੀਬ 25 ਕੇਸ ਦਰਜ ਹਨ। ਮੁਲਜ਼ਮ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਦੋਸ਼ੀ ਨੇ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਵੀ ਜ਼ਖਮੀ ਹੋ ਗਿਆ।
ਮੁਲਜ਼ਮਾਂ ਦੇ ਰਿਸ਼ਤੇਦਾਰਾਂ ਨੇ ਕੀਤਾ ਹਮਲਾ
ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇੱਕ ਪੁਰਾਣੇ ਮਾਮਲੇ ਵਿੱਚ ਫਿਲੌਰ ਦੇ ਪਿੰਡ ਉਚੀ ਘਾਟੀ ਦਾ ਰਹਿਣ ਵਾਲਾ ਵਿਜੇ ਮਸੀਹ ਨਾਮ ਦਾ ਤਸਕਰ ਲੋੜੀਂਦਾ ਸੀ। ਬੀਤੇ ਦਿਨ ਜਦੋਂ ਪੁਲੀਸ ਪਾਰਟੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁੱਜੀ ਤਾਂ ਮੁਲਜ਼ਮ ਤੇ ਉਸ ਦੇ ਰਿਸ਼ਤੇਦਾਰਾਂ ਨੇ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ।
ਇਸ ਘਟਨਾ ਵਿੱਚ ਚਾਰ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੇ ਮੁਲਜ਼ਮਾਂ ਦਾ ਪਿੱਛਾ ਨਹੀਂ ਛੱਡਿਆ ਅਤੇ ਬਹਾਦਰੀ ਨਾਲ ਮੁਲਜ਼ਮਾਂ ਦਾ ਟਾਕਰਾ ਕੀਤਾ ਅਤੇ ਤੁਰੰਤ ਬੈਕਅੱਪ ਬੁਲਾ ਲਿਆ ਗਿਆ। ਪੁਲੀਸ ਨੇ ਮੁਲਜ਼ਮ ਤਸਕਰ ਵਿਜੇ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ। ਹਾਲਾਂਕਿ ਬਾਅਦ ਵਿੱਚ ਥਾਣੇ ਦੇ ਬਾਹਰ ਵੀ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ ਗਈ।