ਜਲੰਧਰ (ਗੁਰਪ੍ਰੀਤ ਸਿੰਘ ਸੰਧੂ) :ਜਲੰਧਰ ਪਤਾਰਾ ਥਾਣੇ ਦੀ ਪੁਲੀਸ ਨੇ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਆਏ ਦੋ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜਵਿੰਦਰ ਕੁਮਾਰ ਉਰਫ਼ ਰਾਜਾ ਅਤੇ ਹਰਦੀਪ ਥਾਪਰ ਉਰਫ਼ ਹਨੀ ਵਾਸੀ ਚੰਦਪੁਰ ਪਿੰਡ ਪਤਾਰਾ ਵਜੋਂ ਹੋਈ ਹੈ।
ਪਤਾਰਾ ਥਾਣੇ ਦੇ ਏਐਸਆਈ ਜੀਵਨ ਕੁਮਾਰ ਪੁਲੀਸ ਪਾਰਟੀ ਨਾਲ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲੀਸ ਨੇ ਮੋਟਰਸਾਈਕਲ ਸਵਾਰ ਦੋ ਮੁਲਜ਼ਮਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 12 ਗ੍ਰਾਮ ਹੈਰੋਇਨ ਅਤੇ 300 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰੀ ਵਿੱਚ ਵਰਤੀ ਜਾਣ ਵਾਲੀ ਬਾਈਕ ਵੀ ਜ਼ਬਤ ਕੀਤੀ ਗਈ ਹੈ।