ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਸ਼ਹਿਰ ਵਿਚ ਦੇਰ ਸ਼ਾਮ ਹਥਿਆਰਾਂ ਨਾਲ ਲੈਸ ਕੁਝ ਨੌਜਵਾਨਾਂ ਨੇ ਇਕ ਪੈਲੇਸ ਅਤੇ ਵਾਹਨਾਂ ਦੀ ਭੰਨਤੋੜ ਕੀਤੀ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਕਰੀਬ 8 ਤੋਂ 9 ਵਿਅਕਤੀ ਹਮਲਾ ਕਰਦੇ ਨਜ਼ਰ ਆ ਰਹੇ ਹਨ। ਇਸ ਘਟਨਾ ਵਿੱਚ ਪੈਲੇਸ ਮਾਲਕ ਦਾ ਕਾਫੀ ਨੁਕਸਾਨ ਹੋਇਆ ਹੈ। ਥਾਣਾ ਭਾਰਗਵ ਕੈਂਪ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਮਾਡਲ ਹਾਊਸ ਨੇੜੇ ਰਾਇਲ ਪੈਲੇਸ ‘ਚ ਵਾਪਰੀ ਹੈ। ਰੌਇਲ ਪੈਲੇਸ ਵਿਚ ਪਹਿਲਾਂ ਵੀ ਇੱਕ ਵਾਰ ਭੰਨਤੋੜ ਕੀਤੀ ਜਾ ਚੁੱਕੀ ਹੈ।
ਮਾਡਲ ਹਾਊਸ ਸਥਿਤ ਰਾਇਲ ਪੈਲੇਸ ਵਿੱਚ ਮੁਲਜ਼ਮਾਂ ਨੇ ਪੈਲੇਸ ਦੇ ਬਾਹਰ ਖੜ੍ਹੀ ਐਲਸੀਡੀ, ਸ਼ੀਸ਼ੇ ਅਤੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਆਏ ਮੁਲਜ਼ਮਾਂ ਨੇ ਮੂੰਹ ਢਕੇ ਹੋਏ ਸਨ।
ਘਟਨਾ ਤੋਂ ਬਾਅਦ ਮੁਲਜ਼ਮ ਭਾਰਗਵ ਕੈਂਪ ਵੱਲ ਭੱਜ ਗਏ। ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈ ਘਟਨਾ ਦੇ ਆਧਾਰ ’ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਾਰਗਵ ਕੈਂਪ ਥਾਣਾ ਪੁਲਸ ਨੇ ਮਾਮਲੇ ‘ਚ ਐੱਫ.ਆਈ.ਆਰ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਲਈ ਪਹੁੰਚੇ ਏ.ਐਸ.ਆਈ ਪੁਸ਼ਪ ਇੰਦਰ ਸਿੰਘ ਨੇ ਦੱਸਿਆ- ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਦੋਸ਼ੀ ਪੈਲੇਸ ‘ਚ ਦਾਖਲ ਹੋਏ ਅਤੇ ਭੰਨਤੋੜ ਕੀਤੀ।
ਮਾਡਲ ਹਾਊਸ ਦੇ ਵਸਨੀਕ ਆਸ਼ੂ ਨੇ ਦੱਸਿਆ ਕਿ ਉਹ ਰਾਇਲ ਪੈਲੇਸ ਦਾ ਮਾਲਕ ਹੈ। ਸ਼ਾਮ 6 ਵਜੇ ਦੇ ਕਰੀਬ 8 ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਸਾਰਿਆਂ ਨੇ ਪੈਲੇਸ ‘ਚ ਦਾਖਲ ਹੋ ਕੇ ਪਹਿਲਾਂ ਤਾਂ ਭੰਨਤੋੜ ਕੀਤੀ ਅਤੇ ਫਿਰ ਬਾਹਰ ਖੜ੍ਹੀ ਕਾਰ ਨੂੰ ਨਿਸ਼ਾਨਾ ਬਣਾਇਆ।
ਪੈਲੇਸ ਵਿੱਚ ਮੌਜੂਦ ਕਰਮਚਾਰੀਆਂ ਨੇ ਕਿਸੇ ਤਰ੍ਹਾਂ ਉਥੋਂ ਭੱਜ ਕੇ ਆਪਣੀ ਜਾਨ ਬਚਾਈ। ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇਸ ਘਟਨਾ ਵਿਚ ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ। ਹਾਲਾਂਕਿ ਦੋਸ਼ੀ ਜਾਨ ਤੋਂ ਮਾਰਨ ਦੇ ਇਰਾਦੇ ਨਾਲ ਆਏ ਸਨ।
8 ਮਹੀਨੇ ਪਹਿਲਾਂ ਵੀ ਹੋਇਆ ਸੀ ਹਮਲਾ
ਆਸ਼ੂ ਨੇ ਦੱਸਿਆ ਕਿ ਕਰੀਬ 8 ਮਹੀਨੇ ਪਹਿਲਾਂ ਵੀ ਕੁਝ ਲੋਕਾਂ ਨੇ ਉਨ੍ਹਾਂ ਦੇ ਪੈਲੇਸ ‘ਚ ਭੰਨਤੋੜ ਕੀਤੀ ਸੀ। ਉਕਤ ਘਟਨਾ ਦੇ ਦੋਸ਼ੀ ਦੀ ਪਹਿਚਾਣ ਕਰਕੇ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਮਾਮਲੇ ਨੂੰ ਟਰੇਸ ਕਰ ਲਿਆ ਸੀ। ਜਦੋਂਕਿ ਬਾਕੀਆਂ ਦਾ ਕੋਈ ਸੁਰਾਗ ਨਹੀਂ ਲੱਗਾ ਅਤੇ ਉਸ ਨੂੰ ਲੱਗਦਾ ਹੈ ਕਿ ਉਕਤ ਵਿਅਕਤੀਆਂ ਨੇ ਮੁੜ ਅਜਿਹੀ ਹਰਕਤ ਕੀਤੀ ਹੈ। ਪੁਲਿਸ ਜਲਦ ਹੀ ਸੀਸੀਟੀਵੀ ਦੇ ਆਧਾਰ ‘ਤੇ ਦੋਸ਼ੀਆਂ ਦੀ ਪਹਿਚਾਣ ਕਰਕੇ ਮਾਮਲਾ ਦਰਜ ਕਰੇਗੀ।