ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ 17 ਨਵੰਬਰ ਤੋਂ 23 ਨਵੰਬਰ ਤੱਕ ਸਾਈਂ ਦਾਸ ਸਕੂਲ ਦੀ ਗ੍ਰਾਊਂਡ, ਜਲੰਧਰ ਵਿੱਚ ਚੱਲ ਰਹੀ ਸ਼੍ਰੀਮਦਭਾਗਵਤ ਸਪਤਾਹਿਕ ਕਥਾ ਗਿਆਨ ਯੱਗ ਦਾ ਕਾਰਜਕ੍ਰਮ ਬਹੁਤ ਧੂਮ ਧਾਮ ਨਾਲ ਸੰਪੰਨ ਹੋਇਆ। ਸਤਵੇਂ ਦਿਨ ਦੀ ਕਥਾਂ ਵਿੱਚ ਸ੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਸੁਸ਼੍ਰੀ ਵੈਸ਼ਣਵੀ ਭਾਰਤੀ ਜੀ ਨੇ ਬਹੁਤ ਹੀ ਸੁੰਦਰ ਢੰਗ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਅਲੌਕਿਕ ਅਤੇ ਮਹਾਨ ਵਿਸਤ੍ਰਿਤ ਪਹਿਲੂਆਂ ਨਾਲ ਜਾਣੂ ਕਰਵਾਇਆ। ਰੁਕਮਿਣੀ ਵਿਆਹ ਪ੍ਰਸੰਗ ਦੇ ਮਾਧਯਮ ਨਾਲ ਇਹ ਸਿੱਖਣ ਨੂੰ ਮਿਲਦਾ ਹੈ ਕਿ ਭਗਵਾਨ ਉਸ ਆਤਮਾ ਨੂੰ ਅਪਣਾਉਦੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਸੱਚੀ ਜਿਗਿਆਸਾ ਹੋਵੇ। ਭੌਮਾਸੁਰ ਰਾਖਸ਼ ਦੀ ਕੈਦ ਵਿੱਚ ਸੋਲਹਾਂ ਹਜ਼ਾਰ ਰਾਜਕੁਮਾਰੀਆਂ ਬੰਦ ਸੀ। ਉਨ੍ਹਾਂ ਨੇ ਆਪਣੇ ਮਨ ਵਿੱਚ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਆਪਣੀ ਰੱਖਿਆ ਲਈ ਬੁਲਾਇਆ। ਇਸ ਪਾਸੇ ਇੰਦਰਦੇਵ ਨੇ ਦੁਆਰਿਕਾ ਵਿੱਚ ਆ ਕੇ ਭਗਵਾਨ ਨੂੰ ਭੌਮਾਸੁਰ ਰਾਖਸ਼ ਦੇ ਬਾਰੇ ਦੱਸਿਆ ਕਿ ਉਸ ਨੇ ਮਾਤਾ ਅਦਿਤੀ ਦੇ ਕੁੰਡਲ, ਦੇਵਤਿਆਂ ਦਾ ਛਤਰ ਅਤੇ ਸੋਲਹਾਂ ਹਜ਼ਾਰ ਅੋਰਤਾਂ ਨੂੰ ਚੋਰੀ/ਕੈਦ ਕਰ ਲਿਆ ਹੈ।
ਇਹ ਸਭ ਸੁਣਕੇ ਭਗਵਾਨ ਨੇ ਇੱਕੋ ਫੈਸਲਾ ਲਿਆ ਕਿ ਮੈਂ ਹਰ ਵਸਤੂ ਚੋਰੀ ਕਰਨ ਲਈ ਉਸ ਰਾਖਸ਼ ਨੂੰ ਮਾਫ਼ ਕਰ ਸਕਦਾ ਹਾਂ, ਪਰ ਅੋਰਤਾਂ ਦਾ ਅਪਮਾਨ ਮੈਂ ਕਦੇ ਵੀ ਸਹਨ ਨਹੀਂ ਕਰ ਸਕਦਾ। ਇਹੀ ਕਾਰਨ ਸੀ ਕਿ ਭਗਵਾਨ ਅਤੇ ਭੌਮਾਸੁਰ ਵਿਚ ਘਮਾਸਾਨ ਯੁੱਧ ਹੋਇਆ ਜਿਸ ਵਿੱਚ ਰਾਖਸ਼ ਮਾਰਿਆ ਗਿਆ ਅਤੇ ਸੋਲਹਾ ਹਜ਼ਾਰ ਅੋਰਤਾਂ ਨੂੰ ਉਸ ਜੁਲਮੀ ਦੀ ਕੈਦ ਤੋਂ ਮੁਕਤ ਕਰਵਾਇਆ ਗਿਆ। ਸਮਾਜ ਵਿੱਚ ਉਨ੍ਹਾਂ ਦੀ ਦੁਬਾਰਾ ਪ੍ਰਤਿਸ਼ਠਾ ਲਈ ਭਗਵਾਨ ਨੇ ਨੋਜਵਾਨਾ ਨੂੰ ਅਪੀਲ ਕੀਤੀ।
ਕਿਸੇ ਨੂੰ ਵੀ ਅੱਗੇ ਵੱਧਦਾ ਨਾ ਦੇਖ ਕੇ, ਖੁਦ ਭਗਵਾਨ ਨੇ ਉਨ੍ਹਾਂ ਨੂੰ ਆਪਣਾ ਨਾਮ ਦੇ ਦਿੱਤਾ, ਕਿਉਂਕਿ ਭਗਵਾਨ ਜਾਣਦੇ ਸਨ ਕਿ ਸਮਾਜ ਵਿੱਚ ਅੋਰਤਾਂ ਦੀ ਕਿਹੋ ਜਿਹੀ ਸਥਿਤੀ ਹੋਣੀ ਚਾਹੀਦੀ ਹੈ। ਉਹ ਸਮਝਦੇ ਸਨ ਕਿ ਨਾਰੀ ਦਾ ਸਮਾਜ ਵਿੱਚ ਕੀ ਮਕਾਮ ਹੈ। ਕਿਹਾ ਜਾਂਦਾ ਹੈ ਕਿ ਜੇ ਕਿਸੇ ਰਾਸ਼ਟਰ ਦੀ ਸਥਿਤੀ ਬਾਰੇ ਜਾਣਨਾ ਹੋਵੇ ਤਾਂ ਉਸ ਰਾਸ਼ਟਰ ਵਿੱਚ ਨਾਰੀ ਨੂੰ ਦਿੱਤਾ ਜਾਣ ਵਾਲਾ ਦਰਜਾ ਦੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ। ਜਿਥੇ ਨਾਰੀ ਦਾ ਸਨਮਾਨ ਹੁੰਦਾ ਹੈ, ਉੱਥੇ ਦੇਵਤੇ ਵੀ ਨਿਵਾਸ ਕਰਦੇ ਹਨ। ਇੱਕ ਔਰਤ ਨੂੰ ਇੱਕ ਨੇਤਾ ਮੰਨਿਆ ਜਾਂਦਾ ਹੈ, ਇੱਕ ਔਰਤ ਜੋ ਪੂਜਾ ਦੇ ਯੋਗ ਹੈ, ਇੱਕ ਔਰਤ ਜੋ ਪਿਆਰ ਅਤੇ ਸਦਭਾਵਨਾ ਫੈਲਾਉਂਦੀ ਹੈ। ਅਰਜੁਨ, ਅਭਿਮਨਯੂ, ਪ੍ਰਤਾਪ, ਸ਼ਿਵਾਜੀ ਦੇ ਚਰਿਤਰ ਨੂੰ ਪੜ੍ਹੋ, ਉਨ੍ਹਾਂ ਵਿੱਚ ਅਸਧਾਰਣ ਵੀਰਤਾ ਸੀ। ਉਹ ਵੀਰ ਰਤਨ ਮਾਵਾਂ ਦੇ ਗਰਭ ਤੋਂ ਹੀ ਮਹਾਨ ਸੰਸਕਾਰ ਪ੍ਰਾਪਤ ਕਰਕੇ ਜਨਮੇ ਸਨ। ਮਾਤਾਵਾਂ ਦੀ ਪਵਿੱਤਰ ਅਤੇ ਉੱਚ ਭਾਵਨਾ ਦਾ ਉਨ੍ਹਾਂ ਦੇ ਜੀਵਨ ਤੇ ਡੂੰਘਾ ਪ੍ਰਭਾਵ ਪਿਆ।
ਧਰੁਵ ਅਤੇ ਪ੍ਰਹਲਾਦ ਵਿੱਚ ਜੋ ਅਦਭੁਤ ਸ਼ਕਤੀ ਬਲ ਸੀ, ਉਹ ਸਭ ਉਨ੍ਹਾਂ ਦੀ ਜਨਨੀ ਦੇ ਸੰਸਕਾਰਾਂ ਦਾ ਹੀ ਪ੍ਰਭਾਵ ਸੀ। ਮਦਾਲਸਾ ਦੇਵੀ ਜਦੋਂ ਆਪਣੇ ਪੁੱਤਰਾਂ ਨੂੰ ਪਾਲਣੇ ਵਿੱਚ ਸੁਲਾਉਦੀ ਸੀ, ਤਾਂ ਉਸ ਸਮੇਂ ਉਨ੍ਹਾਂ ਨੂੰ ਆਧਿਆਤਮਿਕ ਭਾਵਨਾਵਾਂ ਨਾਲ ਭਰਪੂਰ ਲੋਰੀਆਂ ਸੁਣਾਉਂਦੀ ਸੀ। ਝਾਂਸੀ ਦੀ ਰਾਨੀ, ਤਾਰਾਬਾਈ, ਰਾਨੀ ਕਿਰਣ ਵਤੀ, ਗਾਰਗੀ, ਅਪਾਲਾ, ਘੋਸ਼ਾ ਆਦਿ ਮਹਾਨ ਨਾਰੀਆਂ ਨੂੰ ਭਾਰਤ ਦਾ ਇਤਿਹਾਸ ਕਦੇ ਵੀ ਭੁੱਲ ਨਹੀਂ ਸਕਦਾ। ਪਰੰਤੂ ਅੱਜ ਦੀ ਸਦੀ ਵਿੱਚ, ਜਿੱਥੇ ਵਿਗਿਆਨ ਅਤੇ ਕੰਪਿਊਟਰ ਦਾ ਯੁਗ ਹੈ, ਉੱਥੇ ਨਾਰੀਆਂ ਨੂੰ ਮਾਂ ਦੇ ਗਰਭ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ। ਕੁੜੀ ਭਰੁਣ ਹੱਤਿਆ ਵਰਗੀ ਭਿਆਨਕ ਬਿਮਾਰੀ ਅੱਜ ਸਾਡੇ ਸਮੂਹ ਸਮਾਜ ਵਿੱਚ ਫੈਲ ਚੁਕੀ ਹੈ। ਨਵਰਾਤਰੇ ਦੇ ਦਿਨਾਂ ਵਿੱਚ ਮਾਂ ਦੁਰਗਾ ਦੇ ਨੌ ਸਵਰੂਪਾਂ ਦੇ ਰੂਪ ਵਿੱਚ ਜਿਨ੍ਹਾਂ ਕੰਜਕਾਂ ਦੀ ਅਸੀਂ ਪੂਜਾ ਕਰਦੇ ਹਾਂ, ਉਸੀ ਮਾਂ ਦੇ ਸਵਰੂਪ ਨੂੰ ਅਸੀਂ ਆਪਣੇ ਘਰ ਵਿੱਚ ਆਉਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਾਂ। ਅਸੀਂ ਵਿਦਿਆ ਲਈ ਦੇਵੀ ਸਰਸਵਤੀ, ਸ਼ਕਤੀ ਲਈ ਦੇਵੀ ਦੁਰਗਾ ਅਤੇ ਧਨ ਲਈ ਦੇਵੀ ਲਕਸ਼ਮੀ ਦੀ ਪੂਜਾ ਕਰਦੇ ਹਾਂ। ਕੀ ਇਹ ਸਭ ਨਾਰੀਆਂ ਨਹੀਂ। ਅੱਜ ਸਾਨੂੰ ਆਪਣੀ ਰੁੜੀਵਾਦੀ ਸੋਚ ਨੂੰ ਬਦਲਣਾ ਹੋਵੇਗਾ। ਨਾਰੀ ਨੂੰ ਆਤਮ ਸਨਮਾਨ ਨਾਲ ਜੀਣ ਦਾ ਮੌਕਾ ਦੇਣਾ ਚਾਹੀਦਾ ਹੈ।
ਨਾਰੀ ਨੂੰ ਵੀ ਆਪਣੀ ਆਤਮ ਰੱਖਿਆ ਲਈ ਆਪਣੇ ਅੰਦਰ ਦੀ ਸੁੱਤੀ ਹੋਈਆਂ ਸ਼ਕਤੀਆਂ ਨੂੰ ਜਾਣਨਾ ਹੋਵੇਗਾ। ਇਹ ਸਿਰਫ ਬ੍ਰਹਮ ਗਿਆਨ ਨਾਲ ਹੀ ਸੰਭਵ ਹੋ ਸਕਦਾ ਹੈ।