ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਪੰਥ ਨੂੰ ਦਰਪੇਸ਼ ਬਹੁਪੱਖੀ ਚੁਣੌਤੀਆਂ ਦਾ ਹੱਲ ਕਰਨ ਦੇ ਸਮਰੱਥ।
ਚੌਕ ਮਹਿਤਾ 24 ਨਵੰਬਰ 2024- (ਗੁਰਪ੍ਰੀਤ ਸਿੰਘ ਸੰਧੂ): ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਿਰੁੱਧ ਅਕਾਲੀ ਦਲ ਦੇ ਅਨਸਰਾਂ ਵੱਲੋਂ ਕੀਤੀ ਜਾ ਰਹੀ ਦੂਸ਼ਣਬਾਜ਼ੀ ਦਾ ਦਮਦਮੀ ਟਕਸਾਲ ਦੇ ਪ੍ਰਮੁੱਖ ਸਿੰਘਾਂ ਨੇ ਸਖ਼ਤ ਨੋਟਿਸ ਲੈਂਦਿਆਂ ਸ਼ਰਾਰਤੀ ਅਨਸਰਾਂ ਨੂੰ ਆਪਣੀਆਂ ਹਰਕਤਾਂ ਤੋਂ ਤੁਰੰਤ ਬਾਜ ਆਉਣ ਦੀ ਸਖ਼ਤ ਚਿਤਾਵਨੀ ਦਿੱਤੀ ਹੈ।
ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸੁਮੇਧ ਸੈਣੀ ਦੀ ਵਕਾਲਤ ਕਰਨ ਵਾਲੇ ਪਰਿਵਾਰ ’ਚੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਪ੍ਰਮਬੰਸ ਸਿੰਘ ਬੰਟੀ ਰੁਮਾਣਾ ਅਤੇ ਮਨਜੀਤ ਸਿੰਘ ਭੂਰਾ ਕੋਨਾ ’ਤੇ ਨਿਸ਼ਾਨਾ ਵਿੰਨ੍ਹਦਿਆਂ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ ਅਨੰਦਪੁਰ, ਅਮਰੀਕਾ ਦੇ ਬੁਲਾਰੇ ਭਾਈ ਜਤਿੰਦਰ ਸਿੰਘ ਅਤੇ ਬੁਲਾਰਾ ਭਾਈ ਗੁਰਦੀਪ ਸਿੰਘ ਨੌਲੱਖਾ, ਭਾਈ ਭਰਵਿੰਦਰ ਸਿੰਘ ਮੰਟਿਕਾ, ਭਾਈ ਸਰਬਜੋਤ ਸਿੰਘ ਰੀਵਰਸਾਈਡ, ਚੇਅਰਮੈਨ ਪ੍ਰਮਜੀਤ ਸਿੰਘ ਗੁਰਦੁਆਰਾ ਰੀਵਰਸਾਈਡ ਅਤੇ ਭਾਈ ਮੇਜਰ ਸਿੰਘ ਫਰਿਜਨੋ ਨੇ ਸਾਂਝੇ ਤੌਰ ’ਤੇ ਕਿਹਾ ਕਿ ਪੰਥ ’ਚ ਸਤਿਕਾਰਤ ਦਮਦਮੀ ਟਕਸਾਲ ਦੇ ਮੁਖੀ ਖਿਲਾਫ ਕਿਸੇ ਕੀਮਤ ’ਤੇ ਬਕਵਾਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਟਕਸਾਲ ਦੇ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਆਪਣੇ ਆਕਾਵਾਂ ਦੀ ਗਹਿਰੀ ਸਾਜ਼ਿਸ਼ ਦਾ ਹਿੱਸਾ ਬਣ ਰਹੇ ਉਕਤ ਅਨਸਰਾਂ ਦੀ ਸੌੜੀ ਸੋਚ, ਗ਼ਲਤ ਤੇ ਘਟੀਆ ਸ਼ਬਦਾਵਲੀ ਅਤੇ ਕੂੜ ਪ੍ਰਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮੂੰਹ ਤੋੜਵਾਂ ਕਰਾਰਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦੇ ਪਲੇਟ ਫਾਰਮ ਤੋਂ ਪੰਥਕ ਸ਼ਖ਼ਸੀਅਤ ਵਿਰੁੱਧ ਕੀਤੀਆਂ ਜਾ ਰਹੀਆਂ ਬੇਹੂਦਾ ਟਿੱਪਣੀਆਂ ਦਾ ਸਖ਼ਤ ਨੋਟਿਸ ਲੈਣ ਦੀ ਵੀ ਅਪੀਲ ਕੀਤੀ ਹੈ। ਦਮਦਮੀ ਟਕਸਾਲ ਦੇ ਉੱਘੇ ਸਿੰਘਾਂ ਨੇ ਕਿਹਾ ਕਿ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਪੰਥ ਪ੍ਰਸਤ ਅਤੇ ਦੂਰਅੰਦੇਸ਼ੀ ਹਨ। ਉਨ੍ਹਾਂ ਹਮੇਸ਼ਾਂ ਪੰਥਕ ਹਿਤਾਂ ਤੇ ਸਰੋਕਾਰਾਂ ਨੂੰ ਪਹਿਲ ਦਿੱਤੀ , ਜਿਨ੍ਹਾਂ ’ਚ ਗੁਰਬਾਣੀ ਸਿਧਾਂਤ ਦਾ ਪ੍ਰਚਾਰ ਪ੍ਰਸਾਰ, ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸ਼ਹੀਦੀ ਯਾਦਗਾਰ, ਸ਼ਹੀਦੀ ਗੈਲਰੀ ਅਤੇ ਜਨਮ ਸਥਾਨ ਦੀ ਉਸਾਰੀ ਤੋਂ ਇਲਾਵਾ ਅਨੇਕਾਂ ਕਾਰਸੇਵਾ ਤੇ ਗੁਰੂ ਕੇ ਲੰਗਰ ਦੇ ਪ੍ਰਮੁੱਖ ਕਾਰਜ ਸ਼ਾਮਿਲ ਹਨ।ਆਪ ਜੀ ਮੌਜੂਦਾ ਸਿਆਸੀ ਵਰਤਾਰਿਆਂ ਦੇ ਚਲਦਿਆਂ ਦੇਸ਼ ਵਿਦੇਸ਼ ’ਚ ਸਿੱਖ ਭਾਈਚਾਰੇ ਨੂੰ ਦਰਪੇਸ਼ ਚੁਨੌਤੀਆਂ ਦੇ ਮੱਦੇਨਜ਼ਰ ਸਿੱਖ ਪੰਥ ਨੂੰ ਦੂਰ ਅੰਦੇਸ਼ ਲੀਡਰਸ਼ਿਪ ਦੀ ਲੋੜ ਪੂਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਾਂ ਦੀਆਂ ਆਪਣੀਆਂ ਮੰਗਾਂ ਅਤੇ ਸਰੋਕਾਰ ਹਨ। ਪਰ ਮਹਾਰਾਸ਼ਟਰ ਸਮੇਤ ਹੋਰਨਾਂ ਸੂਬਿਆਂ ’ਚ ਸਿੱਖਾਂ ਅਤੇ ਨਾਨਕ ਨਾਮ ਲੇਵਾ ਸੰਗਤਾਂ ਜਿਨ੍ਹਾਂ ’ਚ ਪੰਜਾਬੀ ਹਿੰਦੂ, ਲੁਬਾਣਾ, ਸਿਕਲੀਗਰ, ਸਿੰਧੀ ਅਤੇ ਵਣਜਾਰਾ ਸਮਾਜ ਆਦਿ ਦੀਆਂ ਆਪਣੀਆਂ ਸਮੱਸਿਆਵਾਂ ਅਤੇ ਲੋੜਾਂ ਹਨ। ਜਿਸ ਦੀ ਪੂਰਤੀ ਸਥਾਨਕ ਰਾਜ ਸਰਕਾਰਾਂ ਹੀ ਕਰ ਸਕਦੀਆਂ ਹਨ। ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਸਿੱਖ ਸਮਾਜ ਮਹਾਰਾਸ਼ਟਰ ਦੀ ਰਹਿਨੁਮਾਈ ਕਰਦਿਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਨੂੰ ਦਿੱਤਾ ਗਿਆ ਸਮਰਥਨ ਸਥਾਨਕ ਸਿੱਖ ਭਾਈਚਾਰੇ ਦੇ ਹਿਤਾਂ ਪ੍ਰਤੀ ਸੋਚ ਸਮਝ ਕੇ ਲਿਆ ਗਿਆ ਇਕ ਦਰੁਸਤ ਫ਼ੈਸਲਾ ਹੈ। ਜਿਸ ਦੇ ਅਨੇਕਾਂ ਸਾਰਥਿਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਦੇ ਉਪਰਾਲਿਆਂ ਸਦਕਾ ਮਹਾਰਾਸ਼ਟਰ ਵਿੱਚ ਸਰਕਾਰ ਨੇ ਸਿੱਖ ਕੌਮ ਦੀ ਭਲਾਈ ਅਤੇ ਵਿਕਾਸ ਲਈ ਕਈ ਨੀਤੀਆਂ ਲਾਗੂ ਕੀਤੀਆਂ ਹਨ। ਇਨ੍ਹਾਂ ਵਿਚ ਮਹਾਰਾਸ਼ਟਰ ਸਰਕਾਰ ਵਿਚ ਨੁਮਾਇੰਦਗੀ ਸਬੰਧੀ ਪਹਿਲੀ ਵਾਰ 11 ਮੈਂਬਰੀ ਸਿੱਖ ਪ੍ਰਤੀਨਿਧ ਕਮੇਟੀ ਦਾ ਗਠਨ, ਮਹਾਰਾਸ਼ਟਰ ਘੱਟ ਗਿਣਤੀ ਕਮਿਸ਼ਨ ਵਿਚ ਸਿੱਖ ਮੈਂਬਰ ਦੀ ਨਿਯੁਕਤੀ, ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਦੀ ਪੁਨਰ ਸੁਰਜੀਤੀ ਆਦਿ ਅਹਿਮ ਅਤੇ ਇਤਿਹਾਸਕ ਮੀਲ ਪੱਥਰ ਵਾਲੇ ਕਦਮ ਸ਼ਾਮਿਲ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਦੇ ਤਾਕਤਵਰ ਆਗੂ ਦਵਿੰਦਰ ਫੜਨਵੀਸ ਕੋਲ ਮਹਾਰਾਸ਼ਟਰ ਦੇ ਸਥਾਨਕ ਅਤੇ ਕੇਂਦਰ ਸਰਕਾਰ ਨਾਲ ਸਬੰਧਿਤ ਸਿੱਖ ਮੁੱਦਿਆਂ ਨੂੰ ਕੇਂਦਰ ਤੋਂ ਹੱਲ ਕਰਵਾਉਂਦਿਆਂ ਸਿੱਖ ਕੌਮ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਦਾ ਮੁੱਦਾ ਲਿਖਤੀ ਰੂਪ ’ਚ ਉਠਾਇਆ। ਜਿਨ੍ਹਾਂ ’ਚ ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਮੁੱਦਾ ਸੰਗਤ ਦੀਆਂ ਭਾਵਨਾਵਾਂ ਦੇ ਅਨੁਸਾਰ ਹੱਲ ਕਰਨ ਅਤੇ ਨਿਰੋਲ ਸਿੱਖਾਂ ਦੀ ਪ੍ਰਬੰਧਕੀ ਕਮੇਟੀ ਗਠਿਤ ਕਰਨ, ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਨਵੀਂ ਮੁੰਬਈ ਤੋਂ ਵੰਦੇ-ਭਾਰਤ ਟਰੇਨਾਂ ਚਲਾਈਆਂ ਜਾਣ, ਮੁੰਬਈ ਵੱਸਦੀ ਗੁਰੂ ਨਾਨਕ ਨਾਮ ਸੇਵਾ ਸੰਗਤ ਨੂੰ ਆਪਣੇ ਧਾਰਮਿਕ ਅਤੇ ਸਭਿਆਚਾਰਕ ਪ੍ਰੋਗਰਾਮ ਮਨਾਉਣ ਲਈ ਨਵੀਂ ਮੁੰਬਈ ਵਿਖੇ ਆਡੀਟੋਰੀਅਮ ਹਾਲ ਭਵਨ, ਡਿਜੀਟਲ ਲਾਇਬ੍ਰੇਰੀ ਅਤੇ ਸੈਮੀਨਾਰ ਹਾਲ ਆਦਿ ਦੇ ਨਿਰਮਾਣ ਲਈ ਇਕ ਵੱਡਾ ਮੈਦਾਨ ਅਲਾਟ ਕੀਤੇ ਜਾਣ, ਸਿੱਖਾਂ ਦੀ ਮਹਾਰਾਸ਼ਟਰ ਅਸੈਂਬਲੀ (MLC) ਵਿਚ ਨੁਮਾਇੰਦਗੀ ਯਕੀਨੀ ਬਣਾਉਣ, ਲੁਬਾਣਾ ਸਮਾਜ, ਵਣਜਾਰਾ ਸਮਾਜ ਅਤੇ ਸਿਕਲੀਗਰ ਸਮਾਜ ਦੇ ਜ਼ਰੂਰਤ ਮੰਦ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਿਆਂ ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਹਾਲਤ ਸੁਧਾਰਨ ਲੋੜੀਂਦੀ ਨੀਤੀ ਬਣਾਉਣ ਅਤੇ ਸਿੱਖ ਸਮਾਜ ਦੇ ਨੁਮਾਇੰਦਿਆਂ ਦਾ ਇੱਕ ਆਰਥਿਕ ਮਹਾ-ਮੰਡਲ ਗਠਿਤ ਕਰਨਾ ਵੀ ਸ਼ਾਮਿਲ ਹੈ।
ਦਮਦਮੀ ਟਕਸਾਲ ਦੇ ਆਗੂਆਂ ਨੇ ਕਿਹਾ ਕਿ ਸਥਾਨਕ ਸਿੱਖਾਂ ਪ੍ਰਤੀ ਉਪਰੋਕਤ ਤੋਂ ਇਲਾਵਾ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਮੁੱਚੇ ਬੰਦੀ ਸਿੰਘਾਂ ਨੂੰ ਬਿਨਾਂ ਕਿਸੇ ਸ਼ਰਤ ਰਿਹਾਅ ਕਰਨ, ਵੱਖ-ਵੱਖ ਸੂਬਿਆਂ ਵਿੱਚ ਸਥਿਤ ਸਿੱਖ ਗੁਰਧਾਮਾਂ ਦੇ ਮਸਲੇ ਜਿਵੇਂ ਗੁਰਦੁਆਰਾ ਡਾਂਗ ਮਾਰ ਸਾਹਿਬ ਸਿੱਕਮ, ਗੁਰਦੁਆਰਾ ਚੁੰਘ ਗਾਗ ਸਾਹਿਬ ਸਿੱਕਮ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਉਤਰਾਖੰਡ, ਗੁਰਦੁਆਰਾ ਮੰਗੂ ਮੰਨ ਸਾਹਿਬ ਉੜੀਸਾ, ਗੁਰਦੁਆਰਾ ਬਾਉਲੀ ਮੱਠ ਸਾਹਿਬ ਜਗਨਨਾਥ ਪੁਰੀ, ਗੁਰਦੁਆਰਾ ਤਪ ਅਸਥਾਨ ਗੁਰੂ ਨਾਨਕ ਦੇਵ ਜੀ ਨੇਚਲਾ ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਵਿੱਚ 200 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਢਾਉਣ ਅਤੇ ਪੰਜਾਬੀ ਲੇਨ ਕਾਲੋਨੀ ਦੇ ਸਿੱਖਾਂ ਦੇ ਘਰ ਢਾਉਣ ਆਦਿ ਮਾਮਲੇ ਫ਼ੌਰੀ ਤੌਰ ‘ਤੇ ਹੱਲ ਕੀਤੇ ਜਾਣ, 1974 ਤੋਂ 1995 ਤੱਕ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਕਾਰਨ ਸਿੱਖਾਂ ਦਾ ਜੋ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਉਸ ਲਈ ਸਮੂਹ ਪ੍ਰਭਾਵਿਤ ਪਰਿਵਾਰਾਂ ਨੂੰ ਮਾਲੀ ਮਦਦ ਦੇਣ, ਪੰਜਾਬ ਦੀ ਕਿਸਾਨੀ ਨੂੰ ਸਾਰੀਆਂ ਫ਼ਸਲਾਂ ਉੱਤੇ MSP ਦੇਣ, NSA ਵਰਗੇ ਕਾਲੇ ਕਾਨੂੰਨਾਂ ਅਧੀਨ ਪਿਛਲੇ ਸਮੇਂ ਵਿਚ ਜੋ ਸਿੱਖ ਨੌਜਵਾਨ ਜੇਲ੍ਹਾਂ ਵਿਚ ਡੱਕੇ ਗਏ ਸਮੁੱਚੇ ਸਿੱਖ ਨੌਜਵਾਨਾਂ ਦੀ ਜਲਦੀ ਤੋਂ ਜਲਦੀ ਬਿਨਾਂ ਸ਼ਰਤ ਰਿਹਾਅ ਕਰਨ, ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਵੱਸਦੇ ਸਿੱਖਾਂ ਦੀ ਭਲਾਈ ਲਈ ਅਤੇ ਉਹਨਾਂ ਦੇ ਬਣਦੇ ਹੱਕਾਂ ਦੀ ਪੂਰਤੀ ਲਈ ਉਹਨਾਂ ਨੂੰ ਰਾਜ ਘੱਟ ਗਿਣਤੀ ਕਮਿਸ਼ਨਾਂ ਅਤੇ ਸਿੱਖ ਭਲਾਈ ਬੋਰਡਾਂ ਦਾ ਗਠਨ ਕਰਕੇ ਸਿੱਖਾਂ ਭਾਈਚਾਰੇ ਨੂੰ ਸਰਕਾਰਾਂ ਵਿਚ ਨੁਮਾਇੰਦਗੀ ਦੇਣ ਬਾਰੇ ਉਠਾਏ ਗਏ ਮੁੱਦਿਆਂ ’ਤੇ ਸ੍ਰੀ ਦਵਿੰਦਰ ਫੜਨਵੀਸ ਨੇ ਚੰਗਾ ਹੁੰਗਾਰਾ ਭਰਿਆ ਹੈ। ਉਨ੍ਹਾਂ ਕਿਹਾ ਕਿ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਅਤੇ ਮਾਰਗਦਰਸ਼ਨ ਪੰਥ ਨੂੰ ਦਰਪੇਸ਼ ਬਹੁਪੱਖੀ ਚੁਣੌਤੀਆਂ ਦਾ ਸਹੀ ਢੰਗ ਨਾਲ ਹੱਲ ਕਰਨ ਦੇ ਸਮਰੱਥ ਹੈ।