ਸ਼ਿਕਾਇਤਕਰਤਾ ਮਹਿਲਾ ਨੇ ਇਸ ਸਬੰਧੀ ਥਾਣਾ ਸਾਈਬਰ ਕ੍ਰਾਈਮ ਰੂਪਨਗਰ ਨੂੰ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। 18 ਨਵੰਬਰ ਨੂੰ ਉਸ ਦੇ ਮੋਬਾਈਲ ‘ਤੇ ਵੀਡੀਓ ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਕ੍ਰਾਈਮ ਬ੍ਰਾਂਚ ਮੁੰਬਈ ਦਾ ਅਧਿਕਾਰੀ ਦੱਸਿਆ ਤਾਂ ਉਸ ਨੇ ਵੀਡੀਓ ਕਾਲ ਕਰਨ ਦਾ ਕਾਰਨ ਪੁੱਛਿਆ। ਫੋਨ ਕਰਨ ਵਾਲੇ ਨੇ ਚਿਤਾਵਨੀ ਦਿੱਤੀ ਕਿ ਫੋਨ ਬੰਦ ਕਰਨ ਦੀ ਗ਼ਲਤੀ ਨਾ ਕਰੋ ਕਿਉਂਕਿ ਤੁਹਾਨੂੰ ਡਿਜੀਟਲ ਅਰੈਸਟ ਕੀਤਾ ਗਿਆ ਹੈ। ਫੋਨ ਕਰਨ ਵਾਲੇ ਨੇ ਦੱਸਿਆ ਕਿ ਤੁਹਾਡੇ ਖ਼ਿਲਾਫ਼ ਕ੍ਰਾਈਮ ਬ੍ਰਾਂਚ ਮੁੰਬਈ ‘ਚ ਮਨੀ ਲਾਂਡ੍ਰਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਤੋਂ ਬਾਅਦ ਫੋਨ ਕਰਨ ਵਾਲੇ ਨੇ ਡੀਐੱਚਐੱਲ ਕੰਪਨੀ ਦੇ ਕਰਮਚਾਰੀ ਦਾ ਗਵਾਹ ਵਜੋਂ ਜ਼ਿਕਰ ਕੀਤਾ ਅਤੇ ਕਿਹਾ ਕਿ ਹੁਣ ਸਾਡੇ ਸੀਨੀਅਰ ਅਧਿਕਾਰੀ ਤੁਹਾਡੇ ਨਾਲ ਗੱਲ ਕਰਨਗੇ। ਜਿਸ ਸੀਨੀਅਰ ਅਧਿਕਾਰੀ ਨਾਲ ਉਸ ਨੇ ਗੱਲ ਕੀਤੀ ਉਹ ਉਰਦੂ ਭਾਸ਼ਾ ਵਿਚ ਗੱਲ ਕਰ ਰਿਹਾ ਸੀ। ਜਿਸ ਨੇ ਪੁਸ਼ਟੀ ਕੀਤੀ ਕਿ ਮੇਰੇ (ਪੀੜਤ ਔਰਤ) ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਨੇ ਕਿਹਾ ਕਿ ਤੁਹਾਡੇ ਆਧਾਰ ਕਾਰਡ ਮੁਤਾਬਕ ਤੁਹਾਡੇ ਛੇ ਖਾਤੇ ਖੁੱਲ੍ਹੇ ਹਨ ਜਿਨ੍ਹਾਂ ਰਾਹੀਂ ਮਨੀ ਲਾਂਡ੍ਰਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਧਮਕੀ ਦਿੱਤੀ ਕਿ ਇਸ ਮਾਮਲੇ ਦੀ ਵੀ ਆਰਬੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਔਰਤ ਅਨੁਸਾਰ ਉਹ ਕਾਫ਼ੀ ਡਰੀ ਹੋਈ ਸੀ। ਜਦੋਂ ਕਿ ਇਸੇ ਦੌਰਾਨ ਕਾਲ ‘ਤੇ ਇਕ ਹੋਰ ਵਿਅਕਤੀ ਆਇਆ ਜਿਸ ਨੇ ਆਪਣਾ ਨਾਂ ਬਲ ਸਿੰਘ ਰਾਜਪੂਤ ਦੱਸਦੇ ਹੋਏ ਕਿਹਾ ਕਿ ਉਹ ਡੀਜੀ ਕ੍ਰਾਈਮ ਮੁੰਬਈ ਹੈ। ਉਸ ਦੀ ਕੁਰਸੀ ਦੇ ਪਿੱਛੇ ਕ੍ਰਾਈਮ ਬ੍ਰਾਂਚ ਦਾ ਲੋਗੋ ਵੀ ਦਿਖਾਈ ਦੇ ਰਿਹਾ ਸੀ । ਵਿਅਕਤੀ ਨੇ ਗੱਲ ਕਰਦੇ ਸਮੇਂ ਅੰਗਰੇਜ਼ੀ ਭਾਸ਼ਾ ਦੀ ਜ਼ਿਆਦਾ ਵਰਤੋਂ ਕੀਤੀ ਅਤੇ ਵੀਡੀਓ ਕਾਲ ਰਾਹੀਂ ਡਿਜੀਟਲ ਅਰੈਸਟ ਵਾਰੰਟ ਵੀ ਦਿਖਾਇਆ। ਰਾਤ ਨੂੰ ਵੀ ਉਸ ਨੂੰ ਕਾਲ ‘ਤੇ ਰੱਖਿਆ ਤੇ ਸਵੇਰੇ ਬੈਂਕ ਜਾ ਕੇ ਪੈਸੇ ਟਰਾਂਸਫਰ ਕਰਨ ਲਈ ਕਿਹਾ ਤੇ ਕਿਹਾ ਕਿ ਜੇਕਰ ਤੁਸੀਂ ਆਰਬੀਆਈ ਦੀ ਜਾਂਚ ਵਿਚ ਮਨੀ ਲਾਂਡ੍ਰਿੰਗ ਵਿਚ ਸ਼ਾਮਲ ਨਹੀਂ ਪਾਏ ਗਏ ਤਾਂ ਤੁਹਾਡੇ ਸਾਰੇ ਪੈਸੇ ਵਾਪਸ ਕਰ ਦਿੱਤੇ ਜਾਣਗੇ ਨਹੀਂ ਤਾਂ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਰਹੋ।
ਔਰਤ ਨੇ ਦੱਸਿਆ ਕਿ ਉਹ ਏਨੀ ਡਰੀ ਹੋਈ ਸੀ ਕਿ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਉਸ ਨੂੰ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਮਜਬੂਰ ਕੀਤਾ ਗਿਆ। ਇਸ ਤੋਂ ਬਾਅਦ ਉਸ ਨੂੰ ਡਿਜੀਟਲ ਅਰੈਸਟ ਦਾ ਆਰਡਰ ਭੇਜਿਆ ਗਿਆ ਅਤੇ ਉਸ ਤੋਂ 99 ਲੱਖ 49 ਹਜ਼ਾਰ 68 ਰੁਪਏ ਟਰਾਂਸਫਰ ਕਰਵਾ ਲਏ ਗਏ। ਪੈਸਿਆਂ ਦੇ ਟਰਾਂਸਫਰ ਦੇ ਨਾਲ ਉਸ ਨੂੰ ਡਿਜੀਟਲ ਅਰੈਸਟ ਤੋਂ ਮੁਕਤ ਕਰ ਦਿੱਤਾ ਗਿਆ।