ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਯੂਰਪੀ ਦੇਸ਼ ਫਰਾਂਸ ‘ਚ ਡੋਮਿਨਿਕ ਪੇਲੀਕੋਟ ਨਾਂ ਦੇ ਵਿਅਕਤੀ ਵੱਲੋਂ ਆਪਣੀ ਪਤਨੀ ਨਾਲ ਕਰੀਬ 72 ਅਜਨਬੀਆਂ ਕੋਲੋਂ ਬਲਾਤਕਾਰ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। 18 ਨਵੰਬਰ ਨੂੰ ਦੋਸ਼ੀ ਡੋਮਿਨਿਕ ਦੇ ਪੁੱਤਰਾਂ ਨੇ ਅਦਾਲਤ ਨੂੰ ਉਨ੍ਹਾਂ ਦੇ ਪਿਤਾ ਨੂੰ ਸਖਤ ਸਜ਼ਾ ਦੇਣ ਦੀ ਅਪੀਲ ਕੀਤੀ ਸੀ। ਪੀੜਤ ਪੁੱਤਰਾਂ ਨੇ ਕਿਹਾ ਕਿ ਉਹ ਆਪਣੇ ਪਿਤਾ ਨੂੰ ਕਦੇ ਵੀ ਮੁਆਫ਼ ਨਹੀਂ ਕਰ ਸਕਣਗੇ।
ਡੋਮਿਨਿਕ ਇਸ ਤੋਂ ਪਹਿਲਾਂ ਅਦਾਲਤ ਦੇ ਸਾਹਮਣੇ ਆਪਣਾ ਜੁਰਮ ਕਬੂਲ ਕਰ ਚੁੱਕਾ ਹੈ। ਉਸਨੇ ਮੰਨਿਆ ਕਿ 10 ਸਾਲਾਂ ਦੇ ਅਰਸੇ ਦੌਰਾਨ ਉਸਨੇ ਆਪਣੀ ਪਤਨੀ ਨਾਲ ਬਲਾਤਕਾਰ ਕਰਨ ਲਈ ਦਰਜਨਾਂ ਅਜਨਬੀਆਂ ਨੂੰ ਆਪਣੇ ਘਰ ਬੁਲਾਇਆ ਸੀ। ਇਸ ਦੌਰਾਨ ਉਹ ਆਪਣੀ ਪਤਨੀ ਨੂੰ ਨਸ਼ੀਲਾ ਪਦਾਰਥ ਪਿਲਾਉਂਦਾ ਸੀ। ਇਸ ਮਾਮਲੇ ‘ਚ 50 ਹੋਰ ਲੋਕਾਂ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਡੋਮਿਨਿਕ ਦੀ ਪਤਨੀ ਹੁਣ 71 ਸਾਲ ਦੀ ਹੈ।
ਡੋਮਿਨਿਕ ਦੇ ਪੁੱਤਰਾਂ ਵਿੱਚੋਂ ਇੱਕ ਡੇਵਿਡ ਪੇਲੀਕੋਟ (50) ਨੇ ਅਦਾਲਤ ਨੂੰ ਦੱਸਿਆ: “ਸਾਡਾ ਪਰਿਵਾਰ ਤਬਾਹ ਹੋ ਗਿਆ ਹੈ। ਮੈਂ ਇਸ ਮੁਕੱਦਮੇ ਤੋਂ ਉਮੀਦ ਕਰਦਾ ਹਾਂ ਕਿ ਇਹ ਲੋਕ (ਦੋਸ਼ੀ) ਅਤੇ ਕਟਹਿਰੇ ਵਿਚ ਖੜ੍ਹੇ ਆਦਮੀ (ਉਸ ਦੇ ਪਿਤਾ) ਨੂੰ ਮੇਰੀ ਮਾਂ ‘ਤੇ ਹੋਏ ਅੱਤਿਆਚਾਰ ਲਈ ਸਖ਼ਤ ਸਜ਼ਾ ਦਿੱਤੀ ਜਾਵੇਗੀ। ਡੇਵਿਡ ਨੇ ਆਪਣੇ ਦੋਸ਼ੀ ਪਿਤਾ ਡੋਮਿਨਿਕ ਦੀ ਮੁਆਫੀ ਨੂੰ ਵੀ ਪੂਰੀ ਤਰ੍ਹਾਂ ਰੱਦ ਕਰ ਦਿੱਤਾ।
ਡੇਵਿਡ ਨੇ ਇਹ ਵੀ ਕਿਹਾ ਕਿ ਉਸ ਨੇ ਅਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸ ਦੇ ਪਿਤਾ ਦੀਆਂ ਸਾਰੀਆਂ ਤਸਵੀਰਾਂ ਨਸ਼ਟ ਕਰ ਦਿੱਤੀਆਂ ਹਨ, ਜਿਸ ਨਾਲ ਘਰ ਵਿਚ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਬਚਿਆ ਹੈ। ਡੇਵਿਡ ਨੇ ਕਿਹਾ ਕਿ ਮੁਕੱਦਮਾ ਦੂਜੀਆਂ ਔਰਤਾਂ ਨੂੰ ਬਲਾਤਕਾਰ ਬਾਰੇ ਬੋਲਣ ਲਈ ਉਤਸ਼ਾਹਿਤ ਕਰੇਗਾ। ਡੇਵਿਡ ਦੀ ਮਾਂ ਨੇ ਇਸ ਮੁਕੱਦਮੇ ਦੀ ਸੁਣਵਾਈ ਜਨਤਕ ਤੌਰ ‘ਤੇ ਕਰਵਾਉਣ ਲਈ ਕਿਹਾ ਸੀ, ਤਾਂ ਜੋ ਹੋਰ ਔਰਤਾਂ ਨੂੰ ਹਿੰਮਤ ਮਿਲੇ।