ਕਿਹਾ, ਸਾਡਾ ਸਮਾਜ ਸਾਰੇ ਧਰਮਾਂ ਦੀ ਗੱਲ ਕਰਦਾ ਹੈ ਪਰ ਚੰਨੀ ਵਰਗੇ ਆਗੂ ਲੋਕਾਂ ਵਿੱਚ ਵਿਤਕਰੇ ਦੇ ਬੀਜ ਬੀਜਦੇ ਹਨ।
ਜਲੰਧਰ, 28 ਮਈ-
ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਸਮਾਗਮ ਦੌਰਾਨ ਤਿਲਕ ਲਗਾਉਣ ਤੋਂ ਇਨਕਾਰ ਕਰਨ ਦੀ ਵਾਇਰਲ ਹੋ ਰਹੀ ਵੀਡੀਓ ‘ਤੇ ਚੁਟਕੀ ਲੈਂਦਿਆਂ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਚੰਨੀ ਨੇ ਅਜਿਹਾ ਕਰਕੇ ਸਮੁੱਚੇ ਹਿੰਦੂ ਸਮਾਜ ਦੀ ਆਸਥਾ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਨੀ ਨੂੰ ਹਿੰਦੂ ਸਮਾਜ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ-ਪੀਰਾਂ ਨੇ ਸ਼ੁਰੂ ਤੋਂ ਹੀ ਸਾਰੇ ਧਰਮਾਂ ਦੇ ਸਤਿਕਾਰ ਦੀ ਗੱਲ ਕੀਤੀ ਹੈ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਾਇਮ ਰੱਖਿਆ ਹੈ। ਪਰ ਚੰਨੀ ਵਰਗੇ ਆਗੂ ਵੋਟਾਂ ਦੀ ਖ਼ਾਤਰ ਸਮਾਜ ਵਿੱਚ ਨਫ਼ਰਤ ਅਤੇ ਵਿਤਕਰੇ ਦੇ ਬੀਜ ਬੀਜਦੇ ਹਨ। ਉਨ੍ਹਾਂ ਕਿਹਾ ਕਿ ਇਸ ਐਕਟ ਰਾਹੀਂ ਚੰਨੀ ਨੇ ਸਮਾਜ ਨੂੰ ਦੋ ਧੜਿਆਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਹੈ ਪਰ ਜਲੰਧਰ ਦੇ ਲੋਕ ਅਜਿਹਾ ਨਹੀਂ ਹੋਣ ਦੇਣਗੇ।
ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਲੋਕਾਂ ਵਿੱਚ ਆਪਸੀ ਪਿਆਰ ਤੇ ਸਦਭਾਵਨਾ ਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾ ਸਕਦੀਆਂ ਪਰ ਲੋਕਾਂ ਦੇ ਵਿਸ਼ਵਾਸ ਅਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ ਆਉਣ ਵਾਲੀਆਂ ਚੋਣਾਂ ਵਿੱਚ ਚੰਨੀ ਨੂੰ ਮਹਿੰਗੀ ਪੈਣ ਵਾਲੀ ਹੈ। ਰਿੰਕੂ ਨੇ ਕਿਹਾ ਕਿ ਇਸ ਵੀਡੀਓ ਨੂੰ ਦੇਖ ਕੇ ਦੇਸ਼ ਭਰ ਦੇ ਕਰੋੜਾਂ ਹਿੰਦੂਆਂ ਦੇ ਵਿਸ਼ਵਾਸ ਅਤੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਲਈ ਚੰਨੀ ਨੂੰ ਆਪਣੀ ਗਲਤੀ ਸੁਧਾਰਨੀ ਚਾਹੀਦੀ ਹੈ ਅਤੇ ਹਿੰਦੂ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਕੱਟੜਤਾ ਅਤੇ ਨਫ਼ਰਤ ਦੀ ਰਾਜਨੀਤੀ ਕਰਨ ਵਾਲਿਆਂ ਦੀ ਹਮੇਸ਼ਾ ਹਾਰ ਹੋਈ ਹੈ ਅਤੇ ਇੱਥੇ ਸਭ ਨੂੰ ਨਾਲ ਲੈ ਕੇ ਚੱਲਣ ਅਤੇ ਸਾਰਿਆਂ ਦਾ ਸਤਿਕਾਰ ਕਰਨ ਵਾਲਿਆਂ ਦੀ ਹੀ ਸੱਚੀ ਜਿੱਤ ਹੋਈ ਹੈ। ਉਨ੍ਹਾਂ ਲੋਕਾਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਚੰਨੀ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ।