ਡੰਪ ਮੁੱਦੇ ਨੂੰ ਕੇਂਦਰ ਤਕ ਲਿਜਾਇਆ ਜਾਵੇਗਾ ਅਤੇ ਫ਼ੰਡ ਲੈ ਕੇ ਆਵਾਂਗਾ।
ਅੱਜ ਸਵੱਛ ਅੰਮ੍ਰਿਤਸਰ ਪ੍ਰਾਜੈਕਟ ਤੋਂ ਅਹਿਮ ਹੋਰ ਕੁਝ ਨਹੀਂ ਹੋ ਸਕਦਾ।
ਅੰਮ੍ਰਿਤਸਰ 11 ਮਈ (ਗੁਰਪ੍ਰੀਤ ਸਿੰਘ ਸੰਧੂ): ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਭਗਤਾਂਵਾਲੇ ਕੂੜਾ ਡੰਪ ਦੇ ਕਾਰਨ ਲੋਕਾਂ ਦੀ ਸਿਹਤ ਨਾਲ ਕੀਤੇ ਜਾ ਰਹੇ ਖਿਲਵਾੜ ਨੂੰ ਅਪਰਾਧ ਕਰਾਰ ਦਿੱਤਾ ਅਤੇ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਨੇ ਅਨੇਕਾਂ ਵਾਰ ਵਾਅਦੇ ਕਰਨ ਦੇ ਬਾਵਜੂਦ ਕੁਝ ਵੀ ਨਹੀਂ ਕੀਤਾ। ਜੇ ਕਰ ਰਾਜ ਸਰਕਾਰ ਨੇ ਇਸ ਦਾ ਹੱਲ ਨਾ ਕੱਢਿਆ ਤਾਂ ਇਸ ਮੁੱਦੇ ਨੂੰ ਕੇਂਦਰ ਤਕ ਲਿਜਾਇਆ ਜਾਵੇਗਾ ਅਤੇ ਫ਼ੰਡ ਲੈ ਕੇ ਆਵਾਂਗਾ। ਉਨ੍ਹਾਂ ਕਿਹਾ ਕਿ ਉਹ ਡੰਪ ਦੇ ਮੁੱਦੇ ਨੂੰ ਪਹਿਲ ਦੇ ਅਧਾਰ ’ਤੇ ਲਵੇਗਾ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਈਚਾਰਾ ਅੰਮ੍ਰਿਤਸਰ ਦੀ ਪਵਿੱਤਰਤਾ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ। ਇਸ ਗੰਦ ਨੂੰ ਖ਼ਤਮ ਕਰਨ ਲਈ ਮੈਂ ਉਨ੍ਹਾਂ ਕੋਲ ਗੁਹਾਰ ਲਾਵਾਂਗਾ। ਮੈਨੂੰ ਪਤਾ ਉਹ ਪੈਸਾ ਅਤੇ ਮਸ਼ੀਨਰੀ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਟੈਕਨਾਲੋਜੀ ਬਹੁਤ ਅੱਗੇ ਵੱਧ ਚੁੱਕੀ ਹੈ। ਇੰਦੌਰ ਅਤੇ ਬੰਗਲੌਰ ’ਚ ਅਜਿਹੀਆਂ ਸਮੱਸਿਆਵਾਂ ਖ਼ਤਮ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਵੱਛ ਅੰਮ੍ਰਿਤਸਰ ਪ੍ਰਾਜੈਕਟ ਤੋਂ ਅਹਿਮ ਹੋਰ ਕੀ ਹੋ ਸਕਦਾ ਹੈ?
ਤਰਨਜੀਤ ਸਿੰਘ ਸੰਧੂ ਅੱਜ ਸਵੇਰੇ ਭਗਤਾਂਵਾਲੇ ਡੰਪ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ, ਜਿਸ ਨੂੰ ਰਾਤ ਸਮੇਂ ਅੱਗ ਲੱਗੀ ਹੋਈ ਸੀ। ਸੰਧੂ ਸਮੁੰਦਰੀ ਨੇ ਪ੍ਰਭਾਵਿਤ ਲੋਕਾਂ ਅਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨਾਂ ਨਾਲ ਹਰਜਿੰਦਰ ਸਿੰਘ ਠੇਕੇਦਾਰ, ਗੁਰਪ੍ਰਤਾਪ ਸਿੰਘ ਟਿੱਕਾ, ਅਜੈਪਾਲ ਬੀਰ ਸਿੰਘ ਰੰਧਾਵਾ ਅਤੇ ਪ੍ਰੋ. ਸਰਚਾਂਦ ਸਿੰਘ ਵੀ ਮੌਜੂਦ ਸਨ। ਸਥਾਨ ਵਾਸੀਆਂ ਨੇ ਸੰਧੂ ਸਮੁੰਦਰੀ ਨੂੰ ਕਿਹਾ ਕਿ ਸਾਡਾ ਮੈਡੀਕਲ ਚੈੱਕਅਪ ਕਰਵਾਲਿਓ, ਸਾਡੇ ’ਚ ਕਈ ਬਿਮਾਰੀਆਂ ਦੇ ਲੱਛਣ ਮਿਲਣਗੇ। ਉਨ੍ਹਾਂ ਕਿਹਾ ਕਿ ਇਥੇ ਸਾਹ ਲੈਣਾ ਵੀ ਮੁਸ਼ਕਲ ਹੈ। ਹਰ ਮਹੀਨੇ ਨੇ ਅਸੀਂ ਦਸ ਹਜ਼ਾਰ ਦੀ ਦਵਾਈ ਖਾਂਦੇ ਹਾਂ। ਸੱਠ ਸਾਲ ਤੋਂ ਉਪਰ ਵਾਲਾ ਸਾਡੇ ’ਚ ਕੋਈ ਵੀ ਨਹੀਂ ਰਹਿੰਦਾ। ਸਾਡੇ ਬਚਿਆਂ ਨੂੰ ਰਿਸ਼ਤਾ ਕਰਨ ਲੱਗਿਆਂ ਲੋਕ ਕਈ ਵਾਰ ਸੋਚਦੇ ਹਨ। ਨਾ ਸਾਡੇ ਘਰ ਵਿਕਦੇ ਹਨ ਕਿ ਕਿਤੇ ਹੋਰ ਚਲੇ ਜਾਈਏ। ਘਰ ਛੱਡ ਕੇ ਹੁਣ ਅਸੀਂ ਕਿਥੇ ਚਲੇ ਜਾਈਏ? ਉਨ੍ਹਾਂ ਕਿਹਾ ਕਿ ਅੱਗ ਅਚਾਨਕ ਨਹੀਂ ਲੱਗੀ ਹੈ। ਇਹ ਇਕ ਸਾਜ਼ਿਸ਼ ਹੈ।
ਇਸ ਮੌਕੇ ਭਗਤਾਂਵਾਲੇ ਡੰਪ ਸਾਂਝੀ ਸੰਘਰਸ਼ ਕਮੇਟੀ ਵੱਲੋਂ ਇਕ ਯਾਦ ਪੱਤਰ ਦਿੰਦਿਆਂ ਕਿਹਾ ਕਿ ਹੁਣ ਤੱਕ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਨੇ ਇਸ ਡੰਪ ਦੇ ਮੁੱਦੇ ਦੀ ਗੰਭੀਰਤਾ ਨੂੰ ਸਮਝਿਆ ਹੀ ਨਹੀਂ, ਪਰ ਡੰਪ ਦੇ ਕਾਰਨ ਹੋ ਰਹੀਆਂ ਮੌਤਾਂ ਤੇ ਬਿਮਾਰੀਆਂ ‘ਤੇ ਦੁੱਖ ਜ਼ਾਹਿਰ ਕਰਕੇ ਚੋਣਾਂ ਦਾ ਮੁੱਦਾ ਜ਼ਰੂਰ ਬਣਾਉਂਦੇ ਰਹੇ ਪਰ ਚੋਣਾਂ ਜਿੱਤ ਜਾਣ ਤੋਂ ਬਾਅਦ ਇਸ ਮੁੱਦੇ ਤੋਂ ਆਪਣਾ ਪੱਲਾ ਝਾੜ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਕੇਵਲ ਤੁਹਾਡੇ ਤੋਂ ਉਮੀਦ ਹੈ। ਉਨ੍ਹਾਂ ਭਗਤਾਂਵਾਲੇ ਕੂੜੇ ਦੇ ਡੰਪ ਨੂੰ ਤੁਰੰਤ ਬੰਦ ਕਰਵਾ ਕੇ ਅਨੇਕਾਂ ਸਾਲਾਂ ਤੋਂ ਬਿਮਾਰੀਆਂ ਨਾਲ ਉਲਝ ਰਹੇ ਵਸਨੀਕਾਂ ਨੂੰ ਰਾਹਤ ਦਿਵਾਉਣ ਦੀ ਅਪੀਲ ਕੀਤੀ।ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਸਾਡੇ ਲਈ ਬੜੇ ਅਫ਼ਸੋਸ ਦੀ ਗਲ ਹੈ ਕਿ 2024 ’ਚ ਵੀ ਅਸੀਂ ਵਾਤਾਵਰਣ, ਸੀਵਰੇਜ ਅਤੇ ਪਾਣੀ ਦੀ ਸਮੱਸਿਆ ਨਾਲ ਦੋ ਚਾਰ ਹਾਂ। ਜ਼ਹਿਰੀਲੇ ਮਾਹੌਲ ’ਚ ਜਿਊਣ ਅਤੇ ਸਾਹ ਲੈਣ ਲਈ ਮਜਬੂਰ ਹਾਂ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਦੇ ਕੋਲ ਹੀ ਇਹ ਡੰਪ ਹੈ। ਜਿਸ ਦੇ ਨਜ਼ਦੀਕ ਚਾਰ ਤੋਂ ਵੱਧ ਇਤਿਹਾਸਕ ਧਾਰਮਿਕ ਅਸਥਾਨ ਹਨ। ਉਹਨਾਂ ਕਿਹਾ ਕਿ ਇਸ ਦੇ ਜ਼ਿੰਮੇਵਾਰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਅੱਜ ਵੀ ਵਿਕਾਸ ਦੀਆਂ ਗੱਲਾਂ ਕਰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜਨੀਤੀ ਨਾ ਕਰੋ। ਪਰ ਲੋਕ ਪ੍ਰਤੀਨਿਧ ਬਣ ਕੇ ਜ਼ਿੰਮੇਵਾਰੀ ਚੁੱਕੀ ਹੈ ਤਾਂ ਸ਼ਰਮ ਜ਼ਰੂਰ ਕਰੋ। ਜੇ ਅੱਜ ਵੀ ਡੰਪ ਦੇ ਮਾਮਲੇ ਨੂੰ ਹੱਲ ਕਰਨ ਲਈ ਮਾਹਿਰਾਂ ਦੀ ਕਮੇਟੀ ਨਹੀਂ ਬਠਾਉਗੇ ਕਦੋਂ ਬਠਾਉਗੇ? ਮੈ ਅੱਜ ਰਾਜਨੀਤੀ ਕਰਨ ਨਹੀਂ ਆਇਆ। ਮੈਂ ਖ਼ੁਦ ਦੇਖਣਾ ਚਾਹੁੰਦਾ ਸਾਂ । ਇਥੇ ਆਉਣਾ ਮੇਰਾ ਫ਼ਰਜ਼ ਹੈ। ਇਹ ਮਾਨਵਤਾ ’ਤੇ ਅਸਰ ਪਾ ਰਿਹਾ ਹੈ। ਮੈਂ ਇਨ੍ਹਾਂ ਪ੍ਰਭਾਵਿਤ ਲੋਕਾਂ ਨਾਲ ਖੜ੍ਹਾ ਹਾਂ। ਉਨ੍ਹਾਂ ਕਿਹਾ ਕਿ ਡੰਪ ਨੂੰ ਲੈ ਕੇ ਸਾਡੇ ਭੈਣ ਭਰਾ ਲੜ ਰਹੇ ਹਨ, ਉਨ੍ਹਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ। ਇਥੇ ਰਹਿ ਰਹੇ ਲੋਕਾਂ ਦਾ ਕਸੂਰ ਕੀ ਹੈ? ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗਲ ਹੈ ਕਿ ਡੰਪ ਲਈ ਆਏ ਕਰੋੜਾਂ ਰੁਪਏ ਕਿਥੇ ਗਏ? ਡੰਪ ਰੀਸਾਈਕਲ ਦੀਆਂ ਮਸ਼ੀਨਾਂ ਬੰਦ ਹੀ ਨਹੀਂ ਪਈਆਂ ਸਗੋਂ ਖੰਡਰ ਹੋ ਚੱਕੀਆਂ ਮਸ਼ੀਨਾਂ ਕਬਾੜ ’ਚ ਵਿਕਣ ਵਾਲੀਆਂ ਵੀ ਨਹੀਂ ਰਹੀਆਂ ਹਨ। ਉਨ੍ਹਾਂ ਕਿਹਾ ਲੋਕ ਜ਼ਹਿਰੀਲੇ ਧੂੰਏਂ ’ਚ ਸ਼ਾਹ ਲੈ ਰਹੇ ਹਨ ਤੇ ਜ਼ਿੰਮੇਵਾਰ ਲੋਕ ਏਸੀ ’ਚ ਬੈਠੇ ਐਸ਼ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਇਹ ਇਕ ਸਕੈਮ – ਘੋਟਾਲਾ ਹੈ, ਜੇ ਅਚਾਨਕ ਅੱਗ ਨਹੀਂ ਲੱਗੀ ਤਾਂ ਇਸ ਬਾਰੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸ਼ਹਿਰ ਸਿਫ਼ਤੀ ਦਾ ਘਰ ਹੈ, ਇਸ ਦੀ ਸਾਫ਼ ਸਫ਼ਾਈ ਨੂੰ ਪਹਿਲ ਦੇਣੀ ਹੋਵੇਗੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿਸ਼ਵ ਪ੍ਰਸਿੱਧ ਧਾਰਮਿਕ ਕੇਂਦਰ ਹੈ, ਜਿੱਥੇ ਲੱਖਾਂ ਸ਼ਰਧਾਲੂ ਰੋਜ਼ ਆਉਂਦੇ ਹਨ। ਇਹੀ ਮਾੜੀ ਸਥਿਤੀ ਰਹੀ ਤਾਂ ਕੋਣ ਆਵੇਗਾ। ਅਜਿਹਾ ਹੋਣਾ ਸਾਡੀ ਆਰਥਿਕਤਾ ਲਈ ਨੁਕਸਾਨਦੇਹ ਹੈ। ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਲੋਕਾਂ ਨੇ ਸਾਥ ਦਿੱਤਾ ਤਾਂ ਅੰਮ੍ਰਿਤਸਰ ਦੇ ਸਾਰੇ ਮਸਲੇ ਹੱਲ ਕਰਾਏ ਜਾਣਗੇ।