ਮੁਫ਼ਤ ਰਾਸ਼ਨ ਸਕੀਮ ਆਉਣ ਵਾਲੇ 5 ਸਾਲਾਂ ਤੱਕ ਜਾਰੀ ਰਹੇਗੀ- ਤਰਨਜੀਤ ਸਿੰਘ ਸੰਧੂ।
ਤਰਨਜੀਤ ਸਿੰਘ ਸੰਧੂ ਦੀ ਜਿੱਤ ਅੰਮ੍ਰਿਤਸਰ ਦੀ ਤਰੱਕੀ ਅਤੇ ਆਰਥਿਕ ਖ਼ੁਸ਼ਹਾਲੀ ਦੇ ਨਵੇਂ ਰਾਹ ਖੋਲ੍ਹੇਗੀ- ਵਿਮਲ ਕੁਮਾਰ
ਅੰਮ੍ਰਿਤਸਰ 19 ਅਪ੍ਰੈਲ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ): ਬਾਲਮੀਕੀ ਸਮਾਜ ਨੇ ਕੇਂਦਰੀ ਬਾਲਮੀਕੀ ਮੰਦਰ ਵਿਖੇ ਮੱਥਾ ਟੇਕਣ ਆਏ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਰਹੇ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਨੂੰ ਸਮਰਥਨ ਦਿੰਦਿਆਂ ਉਸ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾਉਣ ਦਾ ਭਰੋਸਾ ਹੈ।
ਕੇਂਦਰੀ ਬਾਲਮੀਕੀ ਮੰਦਰ ਵਿਖੇ ਚੇਅਰਮੈਨ ਵਿਮਲ ਕੁਮਾਰ ਅਤੇ ਪ੍ਰਧਾਨ ਯੋਗਰਾਜ ਦੀ ਅਗਵਾਈ ’ਚ ਹੋਈ ਮੀਟਿੰਗ ਦੌਰਾਨ ਪਰਮਜੀਤ ਬਤਰਾ, ਰਕੇਸ਼ ਗਿੱਲ ਸਰਪ੍ਰਸਤ, ਪਿਆਰੇ ਲਾਲ ਸਰਪ੍ਰਸਤ, ਤਰਲੋਕ ਗਿੱਲ, ਗੋਪਾਲ ਖੋਸਲਾ, ਵਿਕੀ, ਓਮ ਪ੍ਰਕਾਸ਼ ਅਨਾਰਿਆ, ਸ਼ਸ਼ੀ ਗਿੱਲ, ਯੁੱਧਵੀਰ ਨੇ ਇਹ ਜਾਣਕਾਰੀ ਦਿੱਤੀ। ਇਸ ਮੌਕੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਬਾਲਮੀਕੀ ਸਮਾਜ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਜੋ ਵਿਕਾਸ ਹੋ ਰਿਹਾ ਹੈ ਉਹ ਅੰਮ੍ਰਿਤਸਰ ਵਿਚ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਗ਼ਰੀਬਾਂ ਦਾ ਭੋਜਨ ਪੌਸ਼ਟਿਕ, ਸੰਤੋਸ਼ਜਨਕ ਅਤੇ ਕਿਫ਼ਾਇਤੀ ਹੋਵੇ। ਮੋਦੀ ਦੀ ਗਾਰੰਟੀ ਹੈ ਕਿ ਮੁਫ਼ਤ ਰਾਸ਼ਨ ਸਕੀਮ ਅਗਲੇ 5 ਸਾਲਾਂ ਤੱਕ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਭਾਜਪਾ ਅੰਮ੍ਰਿਤਸਰ ਦੇ ਨੌਜਵਾਨ ਇੱਛਾਵਾਂ ਦੀ ਪੂਰਤੀ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ‘ਚ 25 ਕਰੋੜ ਲੋਕਾਂ ਨੂੰ ਗ਼ਰੀਬੀ ‘ਚੋਂ ਬਾਹਰ ਕੱਢ ਕੇ ਭਾਜਪਾ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਸਰਕਾਰ ਨਤੀਜੇ ਲਿਆਉਂਦੀ ਹੈ। ਪਰ ਕੰਮ ਇੱਥੇ ਹੀ ਨਹੀਂ ਰੁਕਦਾ ਕਿਉਂਕਿ ਗ਼ਰੀਬੀ ‘ਚੋਂ ਬਾਹਰ ਆਏ ਲੋਕਾਂ ਨੂੰ ਲੰਬੇ ਸਮੇਂ ਤੋਂ ਸਹਾਰੇ ਦੀ ਲੋੜ ਹੁੰਦੀ ਹੈ , ਕਿਉਂਕਿ ਇੱਕ ਛੋਟੀ ਜਿਹੀ ਮੁਸ਼ਕਿਲ ਇੱਕ ਵਿਅਕਤੀ ਨੂੰ ਗ਼ਰੀਬੀ ਤੋਂ ਬਾਹਰ ਵਾਪਸ ਗ਼ਰੀਬੀ ਵੱਲ ਧੱਕ ਸਕਦੀ ਹੈ। ਇਸ ਸੋਚ ਨਾਲ ਭਾਜਪਾ ਨੇ ਗ਼ਰੀਬਾਂ ਦੀ ਭਲਾਈ ਲਈ ਕਈ ਯੋਜਨਾਵਾਂ ਦਾ ਵਿਸਥਾਰ ਕਰਨ ਦਾ ਸੰਕਲਪ ਲਿਆ ਹੈ। ਮੋਦੀ ਦੀ ਗਾਰੰਟੀ ਹੈ ਕਿ ਮੁਫ਼ਤ ਰਾਸ਼ਨ ਸਕੀਮ ਆਉਣ ਵਾਲੇ 5 ਸਾਲਾਂ ਤੱਕ ਜਾਰੀ ਰਹੇਗੀ। ਸਾਰੇ ਜਨ ਔਸ਼ਧੀ ਕੇਂਦਰਾਂ ‘ਤੇ ਸਸਤੀਆਂ ਦਵਾਈਆਂ 80 ਫ਼ੀਸਦੀ ਛੋਟ ‘ਤੇ ਉਪਲਬਧ ਹੋਣਗੀਆਂ ਅਤੇ ਜਨ ਔਸ਼ਧੀ ਕੇਂਦਰਾਂ ਦਾ ਵੀ ਵਿਸਥਾਰ ਕੀਤਾ ਜਾਵੇਗਾ। ਆਯੁਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲਦਾ ਰਹੇਗਾ। ਮੋਦੀ ਦੀ ਗਾਰੰਟੀ ਨੂੰ ਜਾਰੀ ਰੱਖਦੇ ਹੋਏ ਭਾਜਪਾ ਨੇ 70 ਸਾਲ ਤੋਂ ਵੱਧ ਉਮਰ ਦੇ ਹਰ ਬਜ਼ੁਰਗ ਨੂੰ ਆਯੁਸ਼ਮਾਨ ਯੋਜਨਾ ਦੇ ਦਾਇਰੇ ‘ਚ ਲਿਆਉਣ ਦਾ ਵੱਡਾ ਫ਼ੈਸਲਾ ਲਿਆ ਹੈ। ਸਾਡੀ ਸਰਕਾਰ 70 ਸਾਲ ਤੋਂ ਵੱਧ ਉਮਰ ਦੇ ਹਰੇਕ ਬਜ਼ੁਰਗ ਨੂੰ 5 ਲੱਖ ਰੁਪਏ ਤੱਕ ਦੀ ਮੁਫ਼ਤ ਇਲਾਜ ਦੀ ਸਹੂਲਤ ਦੇਵੇਗੀ, ਭਾਵੇਂ ਉਹ ਗ਼ਰੀਬ ਹੋਵੇ, ਮੱਧ ਵਰਗ ਜਾਂ ਉੱਚ ਮੱਧ ਵਰਗ।
ਇਸ ਮੌਕੇ ਬਾਲਮੀਕੀ ਸਮਾਜ ਦੇ ਆਗੂ ਤੇ ਕੇਂਦਰੀ ਮੰਦਰ ਦੇ ਚੇਅਰਮੈਨ ਵਿਮਲ ਕੁਮਾਰ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਦੀ ਜਿੱਤ ਅੰਮ੍ਰਿਤਸਰ ਦੀ ਭਵਿੱਖੀ ਤਰੱਕੀ ਅਤੇ ਆਰਥਿਕ ਖ਼ੁਸ਼ਹਾਲੀ ਦੇ ਨਵੇਂ ਰਾਹ ਖੋਲ੍ਹੇਗੀ। ਉਨ੍ਹਾਂ ਤਰਨਜੀਤ ਸੰਧੂ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾਉਣ ਦੀ ਅਪੀਲ ਕੀਤੀ ।