ਸੰਧੂ, ਸ਼ਵੇਤ ਮਲਿਕ ਅਤੇ ਕੁੱਕੂ ਨੇ ਕੱਪੜਾ ਉਦਯੋਗ ਨਾਲ ਜੁੜੇ ਉਦਯੋਗਪਤੀਆਂ ਦੇ ਇੱਕ ਅਹਿਮ ਇਕੱਠ ਨੂੰ ਸੰਬੋਧਨ ਕੀਤਾ।
ਗੰਦੇ ਨਾਲੇ ਸਬੰਧੀ ਪੁੱਛੇ ਸਵਾਲ ’ਤੇ ਸੰਧੂ ਨੇ ਇੱਥੇ ਵਾਟਰ ਟ੍ਰੀਟਮੈਂਟ ਪ੍ਰਾਜੈਕਟ ਲਾਉਣ ਦੀ ਵਕਾਲਤ ਕੀਤੀ।
ਅੰਮ੍ਰਿਤਸਰ, 12 ਅਪ੍ਰੈਲ (ਗੁਰਪ੍ਰੀਤ ਸਿੰਘ ਸੰਧੂ)- ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਅੰਮ੍ਰਿਤਸਰ ਦੀ ਟੈਕਸਟਾਈਲ ਇੰਡਸਟਰੀ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕੀਤਾ ਜਾਵੇਗਾ। ਸ. ਸੰਧੂ ਟੈਕਸਟਾਈਲ ਪ੍ਰੋਸੈੱਸਰ ਐਸੋਸੀਏਸ਼ਨ ਦੇ ਪ੍ਰਧਾਨ ਕਿਸ਼ਨ ਕੁਮਾਰ ਕੁੱਕੂ ਅਤੇ ਸਾਥੀਆਂ ਵੱਲੋਂ ਆਯੋਜਿਤ ਟੈਕਸਟਾਈਲ ਇੰਡਸਟਰੀ ਨਾਲ ਸੰਬੰਧਿਤ ਸਨਅਤਕਾਰਾਂ ਦੀ ਇਕ ਅਹਿਮ ਸਭਾ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਹੀ ਮੇਰਾ ਏਜੰਡਾ ਹੈ। ਅੰਮ੍ਰਿਤਸਰ ਦੇ ਗੰਦੇ ਨਾਲੇ ਨੂੰ ਲੈ ਕੇ ਉਠਾਏ ਗਏ ਸਵਾਲ ’ਤੇ ਸ. ਸੰਧੂ ਨੇ ਇਥੇ ਵਾਟਰ ਟਰੀਟਮੈਂਟ ਪ੍ਰਾਜੈਕਟ ਲਾਉਣ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਇੰਦੌਰ ਛੇ ਸਾਲਾਂ ਵਿਚ ਕਿਥੋਂ ਦਾ ਕਿਥੇ ਪਹੁੰਚ ਗਿਆ । ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਤੋਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਰਹੇ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਨੂੰ ਇਹ ਦਰਜਾ ਦਿਵਾਉਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਵਾਅਦਾ ਕੀਤਾ ਕਿ ਜਦੋਂ 2027 ਵਿੱਚ ਅੰਮ੍ਰਿਤਸਰ ਦੇ 450 ਸਾਲ ਪੂਰੇ ਹੋਣਗੇ ਤਾਂ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋਂ ਵਿਸ਼ੇਸ਼ ਪੈਕੇਜ ਲੈ ਕੇ ਇੰਦੌਰ ਨੂੰ ਮੁਕਾਬਲਾ ਦੇਵਾਂਗੇ। 2027 ਵਿੱਚ ਆਈ ਪੀ ਐੱਲ ਮੈਚ ਗਾਂਧੀ ਮੈਦਾਨ ਵਿੱਚ ਕਰਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ ਗੁਰੂ ਸਾਹਿਬਾਨ ਨੇ ਵਪਾਰ ਅਤੇ ਲਘੂ ਉਦਯੋਗ ਨੂੰ ਸਥਾਪਿਤ ਕੀਤਾ ਸੀ। ਅਜ਼ਾਦੀ ਤੋਂ ਪਹਿਲਾਂ ਕੱਪੜਾ ਉਦਯੋਗ ’ਚ ਅੰਮ੍ਰਿਤਸਰ ਪਹਿਲੇ ਸਥਾਨ ’ਤੇ ਸੀ ਜੋ ਹੁਣ ਘਟ ਕੇ 25 ਫ਼ੀਸਦੀ ਰਹਿ ਗਿਆ ਹੈ। ਸਾਨੂੰ ਇਕੱਠੇ ਹੋ ਕੇ ਅੱਗੇ ਆਉਣਾ ਹੋਵੇਗਾ ਅਤੇ ਇਸ ਨੂੰ ਠੋਸ ਨੀਤੀਆਂ ਰਾਹੀਂ ਮੁੜ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਕਾਰਜ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੂਰਾ ਸਹਿਯੋਗ ਲਿਆ ਜਾਵੇਗਾ। ਸ. ਸੰਧੂ ਨੇ ਕਿਹਾ ਕਿ ਖੇਤੀ ਤੋਂ ਬਾਅਦ ਟੈਕਸਟਾਈਲ ਉਦਯੋਗ ਹੀ ਇਕ ਅਜਿਹਾ ਖੇਤਰ ਹੈ ਜੋ ਨੌਜਵਾਨਾਂ ਨੂੰ ਵੱਧ ਰੁਜ਼ਗਾਰ ਦੇ ਸਕਦੀ ਹੈ। ਅੰਮ੍ਰਿਤਸਰ ਦੀ ਆਬਾਦੀ ਦਾ 45 % ਨੌਜਵਾਨ ਹਨ। ਇਸ ਊਰਜਾ ਨੂੰ ਸਹੀ ਦਿਸ਼ਾ ਵਿਚ ਉਪਯੋਗ ਕੀਤਾ ਜਾਵੇ ਤਾਂ ਸਭ ਕੁਝ ਸੰਭਵ ਹੈ। ਉਨ੍ਹਾਂ ਨਵੀਨ ਤਕਨੀਕ ਵਾਲੀ ਵਿਸ਼ਵ ਪੱਧਰੀ ਸਿੱਖਿਆ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚੰਗੀ ਆਮਦਨੀ ਦੇ ਮੌਕੇ ਮਿਲਣ ਤਾਂ ਉਹ ਬਾਹਰ ਕਿਉਂ ਜਾਣਗੇ?
ਉਨ੍ਹਾਂ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਰਾਜਦੂਤ ਬਣਾ ਕੇ ਅਮਰੀਕਾ ’ਚ ਭੇਜਿਆ ਗਿਆ ਤਾਂ ਕਈ ਲੋਕ ਕਹਿੰਦੇ ਸਨ ਕਿ ’ਕਈ ਆਏ ਕਈ ਗਏ’, ਪਰ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਉੱਥੇ ਸਾਰਥਿਕ ਕੰਮ ਕੀਤੇ ਜਾ ਸਕੇ ਅਤੇ ਭਾਰਤ ਅਮਰੀਕਾ ਸੰਬੰਧ ਭਾਈਵਾਲੀ ’ਚ ਤਬਦੀਲ ਹੋਇਆ। ਅੱਜ ਦੇਹਾਂ ਦੇਸ਼ਾਂ ਵਿਚ ਵਪਾਰ, ਉਦਯੋਗ, ਸਾਇੰਸ ਐਡ ਟੈਕਨਾਲੋਜੀ ਅਤੇ ਫ਼ੌਜੀ ਸਨਅਤ ’ਚ ਵੀ ਭਾਈਵਾਲੀ ਹੈ। ਅਮਰੀਕੀ ਕੰਪਨੀਆਂ ਭਾਰਤ ’ਚ ਨਿਵੇਸ਼ ਕਰ ਰਹੀਆਂ ਹਨ, ਪਰ ਨਿਵੇਸ਼ ਅੰਮ੍ਰਿਤਸਰ ਵੀ ਕਰਾਇਆ ਜਾਵੇਗਾ। ਇਸ ਤੋਂ ਇਲਾਵਾ ਬਹੁ ਕੌਮੀ ਵਿਦੇਸ਼ੀ ਕੰਪਨੀਆਂ ਅੰਮ੍ਰਿਤਸਰ ਵਿੱਚ ਆਪਣੇ ਪ੍ਰੋਜੈਕਟ ਲਗਾਉਣ ਲਈ ਤਿਆਰ ਬੈਠੀਆਂ ਹਨ, ਜਿਸ ਦਾ ਇਲਾਕਾ ਨਿਵਾਸੀਆਂ ਨੂੰ ਜਲਦ ਹੀ ਫ਼ਾਇਦਾ ਦਵਾ ਕੇ ਗੁਰੂ ਨਗਰੀ ਨੂੰ ਹਰ ਪੱਖ ਤੋਂ ਵਧੀਆ ਤਰੀਕੇ ਨਾਲ ਵਿਕਸਤ ਅਤੇ ਖ਼ੁਸ਼ਹਾਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਅਮਰੀਕਨ ਕੌਂਸਲੇਟ ਖੁਲ੍ਹਵਾਇਆ ਜਾਵੇਗਾ ਤਾਂ ਜੋ ਅੰਮ੍ਰਿਤਸਰ ਦਾ ਅਮਰੀਕਾ ਨਾਲ ਸਿੱਧਾ ਸੰਬੰਧ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਅੰਮ੍ਰਿਤਸਰ ਦੇ ਕਾਰਗੋ ਦੀ 80 ਫ਼ੀਸਦੀ ਸਮਰੱਥਾ ਦਾ ਲਾਭ ਲਿਆ ਜਾਣਾ ਚਾਹੀਦਾ ਹੈ। ਇੱਥੋਂ ਫਲ਼ ਅਤੇ ਸਬਜ਼ੀਆਂ ਖਾੜੀ ਅਤੇ ਹੋਰ ਦੇਸ਼ਾਂ ਵਿਚ ਸਪਲਾਈ ਕਰਦਿਆਂ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨੀ ਵਧਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਇੱਥੋਂ ਦੀਆਂ ਸਭਿਆਚਾਰਕ ਵਸਤਾਂ ਨਾਲ ਪ੍ਰਵਾਸੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹੋਣ ਕਾਰਨ ਇੱਥੋਂ ਦੀ ਫੁਲਕਾਰੀ, ਪੰਜਾਬੀ ਜੁੱਤੀਆਂ, ਗਹਿਣਿਆਂ ਦੀ ਪ੍ਰਵਾਸੀ ਪੰਜਾਬੀਆਂ ’ਚ ਬਹੁਤ ਮੰਗ ਹੈ। ਸਥਾਨਕ ਕਾਰੋਬਾਰਾਂ ਨੂੰ ਪ੍ਰਮੁੱਖ ਗਲੋਬਲ ਉਦਯੋਗਿਕ ਬ੍ਰਾਂਡਾਂ ਨਾਲ ਸਾਂਝੇਦਾਰੀ ਕਰਨ ਦਾ ਮੌਕਾ ਪ੍ਰਦਾਨ ਕਰਕੇ ਅੰਮ੍ਰਿਤਸਰ ਦੇ ਆਰਥਿਕ ਵਿਕਾਸ ਲਈ ਕੰਮ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਟੂਰਿਜ਼ਮ ਲਈ ਵਧੇਰੇ ਅਵਸਰ ਹਨ। ਨੌਜਵਾਨ ਸਟਾਰਟਅੱਪ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਅੰਮ੍ਰਿਤਸਰ ਲਿਆਉਣਾ ਹੋਵੇਗਾ।
ਅੰਮ੍ਰਿਤਸਰ ਲਈ ਏਅਰ ਕੁਨੈਕਟੀਵਿਟੀ ’ਚ ਵਾਧੇ ਲਈ ਪਹਿਲ ਕੀਤੀ ਜਾਵੇਗੀ। ਯੂ ਐਸ ਤੋਂ ਅਤੇ ਏਅਰ ਕੈਨੇਡਾ ਅੰਮ੍ਰਿਤਸਰ ਉੱਤਰਨ ਲਈ ਤਿਆਰ ਹਨ।
ਅੰਮ੍ਰਿਤਸਰ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਵਾਬਦੇਹ ਹੋਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨਸ਼ਿਆਂ ਦੀ ਮਾਰ ਝੱਲ ਰਿਹਾ ਹੈ। ਪੰਜਾਬ ਵਿੱਚ ਨਸ਼ਾ ਆਪਣੇ ਸਿਖਰ ‘ਤੇ ਹੈ। ਇਸ ਨੂੰ ਖ਼ਤਮ ਕਰਨ ਲਈ ਸਖ਼ਤ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਟੂਰਿਜ਼ਮ ਲਈ ਵਧੇਰੇ ਅਵਸਰ ਹਨ। ਨੌਜਵਾਨ ਸਟਾਰਟਅੱਪ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ, ਭਗਵਾਨ ਸ੍ਰੀ ਵਾਲਮੀਕਿ ਜੀ ਤੀਰਥ ਅਤੇ ਅੰਮ੍ਰਿਤਸਰ ਵਿਖੇ ਹੋਰ ਧਾਰਮਿਕ ਸਥਾਨਾਂ ਨੂੰ ਪ੍ਰਫੁੱਲਿਤ ਕਰਕੇ ਅੰਮ੍ਰਿਤਸਰ ਨੂੰ ਵਿਸ਼ਵ ਦਾ ਨੰਬਰ ਇਕ ਸੈਲਾਨੀ ਹੱਬ ਬਣਾਇਆ ਜਾਵੇਗਾ। ਜੇਕਰ ਸ਼ਹਿਰ ਵਿੱਚ ਸੈਲਾਨੀਆਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਹੈ ਤਾਂ ਇਸ ਦਾ ਸਿੱਧਾ ਫ਼ਾਇਦਾ ਸ਼ਹਿਰ ਵਾਸੀਆਂ ਨੂੰ ਹੋਵੇਗਾ ਅਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕਾਰੋਬਾਰਾਂ ਵਿੱਚ ਲਗਾ ਕੇ ਉਨ੍ਹਾਂ ਨੂੰ ਬਰਕਰਾਰ ਰੱਖ ਸਕਾਂਗੇ।
ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੀਰੇ ਦੀ ਪਰਖ ਜੌਹਰੀ ਕਰਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਹੀਰੇ ਦੀ ਪਰਖ ਕੀਤੀ ਅਤੇ ਉਸ ਨੂੰ ਅੰਮ੍ਰਿਤਸਰ ਭੇਜਿਆ ਹੈ। ਇਹ ਹੀਰਾ ਆਪਣੀ ਚਮਕ ਦੇ ਨਾਲ ਅੰਮ੍ਰਿਤਸਰ ਨੂੰ ਚਾਰ ਚੰਨ ਲਗਾਉਂਦੇ ਹੋਏ ਵਿਸ਼ਵ ਦੇ ਵਿੱਚ ਅੰਮ੍ਰਿਤਸਰ ਦਾ ਸਿਰ ਮਾਣ ਨਾਲ ਉੱਚਾ ਚੁੱਕ ਚੁੱਕਿਆ ਹੈ।
ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਜਿਤਾ ਕੇ ਅੰਮ੍ਰਿਤਸਰ ਦੇ ਵਿਕਾਸ ’ਚ ਯੋਗਦਾਨ ਪਾਉਣ ਦਾ ਅੱਜ ਸੁਨਹਿਰੀ ਮੌਕਾ ਹੈ। ਉਹ ਇਸ ਮੌਕੇ ਨੂੰ ਨਾ ਗਵਾਉਣ। ਉਨ੍ਹਾਂ ਕਿਹਾ ਕਿ ਸ. ਸੰਧੂ ਦੇ ਹੱਕ ਵਿੱਚ ਵੋਟਿੰਗ ਕਰਕੇ ਜਿੱਤ ਦਾ ਫ਼ਤਵਾ ਜਾਰੀ ਕਰਨ।
ਇਸ ਮੌਕੇ ਟੈਕਸਟਾਈਲ ਪ੍ਰੋਸੈੱਸਰ ਐਸੋਸੀਏਸ਼ਨ ਦੇ ਪ੍ਰਧਾਨ ਕਿਸ਼ਨ ਕੁਮਾਰ ਕੁੱਕੂ ਨੇ ਸਨਅਤਕਾਰਾਂ ਨੂੰ ਕਿਹਾ ਕਿ ਅੰਮ੍ਰਿਤਸਰ ਲਈ ਤਰਨਜੀਤ ਸਿੰਘ ਸੰਧੂ ਤੋਂ ਵੱਡਾ ਵਕੀਲ ਨਹੀਂ ਮਿਲ ਸਕਦਾ। ਉਨ੍ਹਾਂ ਕਿਹਾ ਕਿ ਸ. ਸੰਧੂ ਦੀ ਗੁਰੂ ਨਗਰੀ ਦੀ ਖ਼ੁਸ਼ਹਾਲੀ ਅਤੇ ਵਿਕਾਸ ਮਾਡਲ ਅਤੇ ਵਿਜ਼ਨ ’ਚ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ। ਉਨ੍ਹਾਂ ਤਰਨਜੀਤ ਸਿੰਘ ਸੰਧੂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਹਾਡੇ ਆਉਣ ਨਾਲ ਸ਼ਹਿਰ ਨੂੰ ਇਕ ਉਮੀਦ ਜਾਗੀ ਹੈ। ਅੱਜ ਤਕ ਸਾਨੂੰ ਸਹੀ ਆਗੂ ਨਹੀਂ ਮਿਲਿਆ ਸੀ, ਪਰ ਹੁਣ ਵਿਜ਼ਨ ਵਾਲਾ ਬੰਦਾ ਸ਼ਹਿਰ ਦੀ ਸੇਵਾ ਲਈ ਮੈਦਾਨ ਵਿਚ ਆਇਆ ਹੈ ਤਾਂ ਸ਼ਹਿਰ ਦੀ ਨੁਹਾਰ ਬਦਲਣ ਅਤੇ ਇਸ ਨੂੰ ਆਪਣਾ ਪਹਿਲੇ ਵਾਲਾ ਮੁਕਾਮ ਮੁੜ ਦਿਵਾਉਣ ਲਈ ਅਸੀਂ ਤੁਹਾਡੇ ਨਾਲ ਮਿਲ ਕੇ ਸੇਵਾ ਕਰਨ ਲਈ ਤਿਆਰ ਹਾਂ।
ਇਸ ਮੌਕੇ ਭਾਜਪਾ ਹਲਕਾ ਉੱਤਰੀ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਗੌਰਵ ਅਰੋੜਾ, ਡਾ. ਜੇ ਪੀ ਸਿੰਘ , ਸੰਦੀਪ ਖੋਸਲਾ ਪ੍ਰਧਾਨ ਫੋਕਲ ਪੁਆਇੰਟ, ਅੰਮਬਰੀਸ਼ ਮਹਾਜਨ, ਕਮਲ ਦਾਲਮੀਆ,ਸੰਜੀਵ ਕੰਧਾਰੀ, ਨਰੇਸ਼ ਅਗਰਵਾਲ, ਰਾਜੇਸ਼ ਕਪੂਰ, ਨਰਿੰਦਰ ਸਿੰਘ, ਅਮਿਤ ਮਹਾਜਨ, ਮੈਡਮ ਪ੍ਰੀਅੰਕਾ, ਰਾਜੀਵ , ਰਾਜੇਸ਼ ਮਹਿਰਾ ਤੇ ਮਾਸਟਰ ਰਾਕੇਸ਼ ਵੀ ਮੌਜੂਦ ਸਨ।