ਨਵੀਂ ਦਿੱਲੀ (ਗੁਰਪ੍ਰੀਤ ਸਿੰਘ ਸੰਧੂ) : ਦਿੱਲੀ ਸਰਕਾਰ ਵਿੱਚ ਸਮਾਜ ਕਲਿਆਣ ਮੰਤਰੀ ਰਾਜਕੁਮਾਰ ਆਨੰਦ ਨੇ ਬੁੱਧਵਾਰ ਨੂੰ ਮੰਤਰੀ ਅਹੁਦੇ ਅਤੇ ਆਮ ਆਦਮੀ ਪਾਰਟੀ (ਆਪ) ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀਆਂ ਦਲਿਤ ਸਮਾਜ ਅਤੇ ਭ੍ਰਿਸ਼ਟਾਚਾਰ ਪ੍ਰਤੀ ਨੀਤੀਆਂ ਉੱਪਰ ਵੱਡੇ ਸਵਾਲੀਆ ਨਿਸ਼ਾਨ ਲਗਾਏ ਹਨ।
ਉਸ ਨੇ ਕਿਹਾ, ‘ਮੈਂ ਅੱਜ ਬਹੁਤ ਦੁਖੀ ਹਾਂ। ਰਾਜਨੀਤੀ ਬਦਲੇਗੀ ਤਾਂ ਦੇਸ਼ ਬਦਲੇਗਾ। ਆਮ ਆਦਮੀ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਵਿੱਚੋਂ ਹੋਇਆ ਹੈ। ਅੱਜ ਇਹ ਪਾਰਟੀ ਖੁਦ ਭ੍ਰਿਸ਼ਟਾਚਾਰ ਨਾਲ ਭਰੀ ਹੋਈ ਹੈ । ਉਹ ਦਲਦਲ ਵਿੱਚ ਫਸੀ ਹੋਈ ਹੈ।
ਉਨ੍ਹਾਂ ਕਿਹਾ, ‘ਇਸ ਸਰਕਾਰ ਵਿੱਚ ਮੰਤਰੀ ਵਜੋਂ ਕੰਮ ਕਰਨਾ ਮੇਰੇ ਲਈ ਅਸਹਿਜ ਹੋ ਗਿਆ ਹੈ। ਇਸ ਲਈ ਮੈਂ ਮੰਤਰੀ ਅਹੁਦੇ ਅਤੇ ਪਾਰਟੀ ਤੋਂ ਅਸਤੀਫਾ ਦੇ ਰਿਹਾ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਨਾਂ ਇਨ੍ਹਾਂ ਭ੍ਰਿਸ਼ਟਾਚਾਰੀਆਂ ਨਾਲ ਜੁੜਿਆ ਹੋਵੇ। ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸ਼ਰਾਬ ਨੀਤੀ ਮਾਮਲੇ ਵਿੱਚ ਤਿਹਾੜ ਵਿੱਚ ਬੰਦ ਹਨ। ਪਾਰਟੀ ਨੇਤਾ ਸੰਜੇ ਸਿੰਘ ਨੂੰ 6 ਮਹੀਨੇ ਬਾਅਦ 4 ਅਪ੍ਰੈਲ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ।
‘ਆਪ’ ਵਿੱਚ ਦਲਿਤ ਵਿਧਾਇਕਾਂ ਜਾਂ ਕੌਂਸਲਰਾਂ ਦੀ ਕੋਈ ਇੱਜ਼ਤ ਨਹੀਂ ।
ਰਾਜਕੁਮਾਰ ਨੇ ਕਿਹਾ ਕਿ ‘ਆਪ’ ਵਿੱਚ ਦਲਿਤ ਵਿਧਾਇਕਾਂ ਜਾਂ ਕੌਂਸਲਰਾਂ ਦੀ ਕੋਈ ਇੱਜ਼ਤ ਨਹੀਂ ਹੈ। ਦਲਿਤਾਂ ਨੂੰ ਅਹਿਮ ਅਹੁਦਿਆਂ ‘ਤੇ ਥਾਂ ਨਹੀਂ ਦਿੱਤੀ ਜਾਂਦੀ। ਮੈਂ ਬਾਬਾ ਸਾਹਿਬ ਅੰਬੇਡਕਰ ਦੇ ਸਿਧਾਂਤਾਂ ‘ਤੇ ਚੱਲਣ ਵਾਲਾ ਵਿਅਕਤੀ ਹਾਂ। ਜੇਕਰ ਤੁਸੀਂ ਦਲਿਤਾਂ ਲਈ ਕੰਮ ਨਹੀਂ ਕਰ ਸਕਦੇ ਤਾਂ ਪਾਰਟੀ ਵਿੱਚ ਰਹਿਣ ਦਾ ਕੋਈ ਮਤਲਬ ਨਹੀਂ ਹੈ।
ਕੌਣ ਹਨ ਰਾਜਕੁਮਾਰ ਆਨੰਦ?
ਰਾਜਕੁਮਾਰ ਆਨੰਦ ਸਾਲ 2020 ਵਿੱਚ ਪਹਿਲੀ ਵਾਰ ਪਟੇਲ ਨਗਰ ਸੀਟ ਤੋਂ ਵਿਧਾਇਕ ਬਣੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਵੀਨਾ ਆਨੰਦ ਵੀ ਇਸੇ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹਿ ਚੁੱਕੀ ਹੈ। ਉਹ ਜਾਟਵ ਭਾਈਚਾਰੇ ਤੋਂ ਆਉਂਦੇ ਹਨ।
ਰਾਜ ਕੁਮਾਰ ਆਨੰਦ ਨੂੰ ਰਾਜੇਂਦਰ ਪਾਲ ਗੌਤਮ ਦੇ ਅਸਤੀਫੇ ਤੋਂ ਬਾਅਦ 2022 ਵਿੱਚ ਕੇਜਰੀਵਾਲ ਸਰਕਾਰ ਵਿੱਚ ਮੰਤਰੀ ਬਣਾਇਆ ਗਿਆ ਸੀ। ਸਮਾਜ ਭਲਾਈ ਵਿਭਾਗ ਸੰਭਾਲ ਰਹੇ ਰਾਜੇਂਦਰ ਨੇ ਕਥਿਤ ਤੌਰ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਦਰਮਿਆਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।