ਪੰਨੂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਚੇ ਅਤੇ ਸੁੱਚੇ ਮਿਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੇ,
ਸਿੱਖ ਫ਼ਲਸਫ਼ਾ ’ਚ ਬੇਮਤਲਬ ਦੀ ਹਿੰਸਾ ਜਾਂ ਹਿੰਸਾ ਦੀ ਧਮਕੀ ਲਈ ਕੋਈ ਜਗਾ ਨਹੀਂ।
ਅੰਮ੍ਰਿਤਸਰ 21 ਮਾਰਚ (ਗੁਰਪ੍ਰੀਤ ਸਿੰਘ ਸੰਧੂ): ਸਿੱਖ ਚਿੰਤਕ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਕਿਹਾ ਕਿ ਹਾਲ ਹੀ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ ਅਮਰੀਕਾ ’ਚ ਭਾਰਤ ਦੇ ਰਾਜਦੂਤ ਰਹੇ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ ਖਾਲਿਸਤਾਨੀ ਆਤੰਕੀ ਗੁਰਪਤਵੰਤ ਪੰਨੂ ਵੱਲੋਂ ਜਾਨੋਂ ਮਾਰਨ ਦੀ ਦਿੱਤੀ ਗਈ ਧਮਕੀ ਨੇ ਸਿੱਖ ਭਾਈਚਾਰੇ ਨੂੰ ਬਹੁਤ ਨਿਰਾਸ਼ ਤੇ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਨੂ ਉਸ ਵਿਅਕਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਜਿਸ ਦੇ ਪਰਿਵਾਰ ਦੀਆਂ ਪੰਥ ਨੂੰ ਬਹੁਤ ਵੱਡੀਆਂ ਦੇਣ ਹਨ। ਸਰਦਾਰ ਸੰਧੂ ਉਸ ਖ਼ਾਨਦਾਨ ਦਾ ਰੋਸ਼ਨ ਚਿਰਾਗ਼ ਹੈ, ਜਿਸ ਦੇ ਸ਼ਹੀਦ ਦਾਦਾ ਜੀ ਵੱਲੋਂ ਗੁਰਦੁਆਰਾ ਸੁਧਾਰ ਲਹਿਰ ’ਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਦੇ ਨਾਮ ’ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਜੋਂ ਸ਼੍ਰੋਮਣੀ ਕਮੇਟੀ ਦਾ ਮੁੱਖ ਦਫ਼ਤਰ ਅੱਜ ਵੀ ਪੂਰੀ ਸ਼ਾਨੋ-ਸ਼ੌਕਤ ਨਾਲ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਬਾਤ ਪਾ ਰਿਹਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪੰਨੂ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਪਰ ਉਸ ਦਾ ਕਿਰਦਾਰ ਸਿੱਖੀ ਸਿਧਾਂਤਾਂ ਤੋਂ ਕੋਹਾਂ ਦੂਰ ਹੈ। ਉਨ੍ਹਾਂ ਪੰਨੂ ਨੂੰ ਸੁਝਾਅ ਦਿੱਤਾ ਕਿ ਉਹ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਚੇ ਅਤੇ ਸੁੱਚੇ ਮਿਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਉਨ੍ਹਾਂ ਨੇ ਪੰਨੂ ਨੂੰ ਭਟਕਿਆ ਹੋਇਆ ਅਤੇ ਦੂਜਿਆਂ ਨੂੰ ਕੁਰਾਹੇ ਪਾਉਣ ਵਾਲਾ ਮਨਮੁਖ ਦੱਸਦਿਆਂ ਕਿਹਾ ਕਿ ਉਹ ਗੁਰੂ ਸਾਹਿਬ ਦੇ ਕਿਸੇ ਵੀ ਸਿਧਾਂਤ ਵਿਚ ਫਿਟ ਨਹੀਂ ਬੈਠਦਾ। ਉਸ ਨੂੰ ਆਪਣੀਆਂ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸਿੱਖ ਫ਼ਲਸਫ਼ਾ ’ਚ ਬੇਮਤਲਬ ਦੀ ਹਿੰਸਾ ਜਾਂ ਹਿੰਸਾ ਦੀ ਧਮਕੀ ਲਈ ਕੋਈ ਜਗਾ ਨਹੀਂ। ’’ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥’’ ਗੁਰੂ ਨਾਨਕ ਦੇ ਫ਼ਲਸਫ਼ੇ ਤੋਂ ਅਣਜਾਣ ਸਿੱਖ ਫ਼ਾਰ ਜਸਟਿਸ ਦਾ ਆਪੇ ਬਣੇ ਆਗੂ ਪੰਨੂ ਪਾਕਿਸਤਾਨ ਦਾ ਹੱਥ ਠੋਕਾ ਬਣ ਕੇ ’ਭੈ’ ਦਾ ਵਪਾਰ ਕਰਦਿਆਂ ਭਾਰਤੀਆਂ ਨੂੰ ਡਰਾ ਧਮਕਾ ਕੇ ਆਪਣੀ ਦੁਕਾਨ ਚਲਾ ਰਹਾ ਹੈ। ਉਹ ਕਦੀ ਗੁਰੂ ਨਗਰੀ ਅੰਮ੍ਰਿਤਸਰ, ਚਿੰਤਪੁਰਨੀ, ਧਰਮਸ਼ਾਲਾ ਅਤੇ ਵਿਦੇਸ਼ਾਂ ’ਚ ਹਿੰਦੂ ਮੰਦਰਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਵਾ ਕੇ ਲੋਕਾਂ ’ਚ ’ਦਹਿਸ਼ਤ’ ਪੈਦਾ ਕਰਦਿਆਂ ਪਾਕਿਸਤਾਨ ਦੇ ਭਾਰਤ ਵਿਰੋਧੀ ਮਨਸੂਬਿਆਂ ਨੂੰ ਹਾਸਲ ਕਰਨ ਦੀ ਨਾਕਾਮ ਕੋਸ਼ਿਸ਼ ਕਰਦਾ ਹੈ। ਪਰ ਹੁਣ ਸਮਾਂ ਬਦਲ ਚੁਕਾ ਹੈ। ਵੱਖਵਾਦ ਦਾ ਹੁਣ ਪੰਜਾਬ ਅਤੇ ਭਾਰਤ ’ਚ ਕੋਈ ਸਮਰਥਕ ਨਹੀਂ ਰਿਹਾ। ਵਿਦੇਸ਼ੀ ਧਰਤੀ ’ਤੇ ਵੀ ਪੰਨੂ ਦੀ ਭਾਰਤੀਆਂ ’ਚ ਫੁੱਟ ਪਾਉਣ ਦੀ ਨੀਤੀ ਤੋਂ ਭਾਰਤੀ ਭਾਈਚਾਰਾ ਸੁਚੇਤ ਹੋ ਚੁਕਾਹੈ। ਇਹ ਬਦਲਾਅ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਭਾਈਚਾਰੇ ਦੇ ਪੱਖ ’ਚ ਚੁੱਕੇ ਗਏ ਠੋਸ ਕਦਮਾਂ ਦੇ ਸਿੱਟੇ ਵਜੋਂ ਆਇਆ ਹੈ। ਪਰਵਾਸੀ ਸਿੱਖਾਂ ਵੱਲੋਂ ਭਾਰਤ ਨੂੰ ਦਿੱਤੇ ਜਾ ਰਹੇ ਸਹਿਯੋਗ ਤੋਂ ਪੰਨੂ ਐਡ ਕੰਪਨੀ ਬੌਖਲਾਹਟ ’ਚ ਹੈ। ਇਕ ਸਿੱਖ ਵਜੋਂ ਸ. ਸੰਧੂ ਦਾ ਅਮਰੀਕਾ ਵਰਗੇ ਦੇਸ਼ ’ਚ ਭਾਰਤੀ ਰਾਜਦੂਤ ਹੋਣਾ ਅਤੇ ਅਜੈਪਾਲ ਸਿੰਘ ਬਾਂਗਾ ਦਾ ਵਿਸ਼ਵ ਬੈਂਕ ਦਾ ਮੁਖੀ ਬਣਨਾ ਸਮੂਹ ਸਿੱਖ ਭਾਈਚਾਰੇ ਲਈ ਮਾਣ ਵਾਲੀ ਗਲ ਹੈ। ਅਮਰੀਕਾ ਦੀ ਵਕਾਰੀ ਸਿੱਖ ਸੰਸਥਾ ਸਿੱਖ ਫ਼ਾਰ ਅਮਰੀਕਾ ਤਰਨਜੀਤ ਸਿੰਘ ਸੰਧੂ ਨੂੰ ’ਸਿੱਖ ਹੀਰੋ ਅਵਾਰਡ’ ਨਾਲ ਸਨਮਾਨਿਤ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਨੂ ਨੂੰ ਚੇਤਾ ਹੋਣਾ ਚਾਹੀਦਾ ਹੈ ਕਿ ਉਸ ਵੱਲੋਂ ਸਿੱਖਾਂ ਨੂੰ 19 ਨਵੰਬਰ ਨੂੰ ਏਅਰ ਇੰਡੀਆ ’ਚ ਸਫ਼ਰ ਨਾ ਕਰਨ ਬਾਰੇ ਦਿੱਤੇ ਗਏ ਸੱਦੇ ਨੂੰ ਹਰੇਕ ਸਿੱਖ ਨੇ ਨਜ਼ਰਅੰਦਾਜ਼ ਹੀ ਨਹੀਂ ਕੀਤਾ ਸੀ ਸਗੋਂ ਉਸ ਦਿਨ ਏਅਰ ਇੰਡੀਆ ’ਚ ਸਫ਼ਰ ਕਰਦਿਆਂ ਅੰਮ੍ਰਿਤਸਰ ਪਹੁੰਚਣ ਵਾਲੇ ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਤੀਨਿਧ ਰਵੀਰੰਜਨ ਸਿੰਘ ਨੇ ਪੰਨੂ ਨੂੰ ਸਿੱਖੀ ਦੀ ਟਿਊਸ਼ਨ ਲੈਣ ਦਾ ਸਬਕ ਤਕ ਪੜਾਇਆ ਸੀ। ਪੰਨੂ ਵੱਲੋਂ ਸਤੰਬਰ ’ਚ ਭਾਰਤੀ ਰਾਜਦੂਤ ਸਮੇਤ ਸਾਰੇ ਹਿੰਦੂਆਂ ਨੂੰ ਕੈਨੇਡਾ ਛੱਡ ਜਾਣ ਦੀ ਅਸਭਿਅਕ ਧਮਕੀ ਦੇ ਚੁਕਾ ਹੈ। ਉਨ੍ਹਾਂ ਕਿਹਾ ਕਿ ਪੰਨੂ ਦੀ ਕਿਸੇ ਵੀ ਗਲ ’ਚ ਨੌਜਵਾਨਾਂ ਨੂੰ ਹੁਣ ਕੋਈ ਦਿਲਚਸਪੀ ਨਹੀਂ ਰਹੀ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਆਈ ਐਸ ਆਈ ਦੇ ਇਸ਼ਾਰੇ ’ਤੇ ਪੰਨੂ ਵੱਲੋਂ ਪ੍ਰਾਪੇਗੰਡਾ ਅਤੇ ਅਫ਼ਵਾਹ ਫੈਲਾ ਕੇ ਭਾਰਤ ਦੀ ਏਕਤਾ ਅਖੰਡਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ।