ਹੈਦਰਾਬਾਦ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ) : ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇਸੀਆਰ ਦੀ ਧੀ ਅਤੇ ਵਿਧਾਇਕ ਕੇ. ਕਵਿਤਾ (46) ਨੂੰ ਸ਼ੁੱਕਰਵਾਰ ਨੂੰ ਹੈਦਰਾਬਾਦ ਤੋਂ ਗ੍ਰਿਫਤਾਰ ਕਰ ਲਿਆ। ਜਾਂਚ ਏਜੰਸੀ ਉਸ ਨੂੰ ਪੁੱਛਗਿੱਛ ਲਈ ਦਿੱਲੀ ਲੈ ਕੇ ਜਾ ਰਹੀ ਹੈ।
ਇਸ ਤੋਂ ਪਹਿਲਾਂ ਈਡੀ ਨੇ ਸ਼ੁੱਕਰਵਾਰ ਸਵੇਰੇ 11 ਵਜੇ ਹੈਦਰਾਬਾਦ ਵਿੱਚ ਬੀਆਰਐਸ ਨੇਤਾ ਕਵਿਤਾ ਦੇ ਘਰ ਛਾਪਾ ਮਾਰਿਆ ਸੀ। ਕਰੀਬ 8 ਘੰਟੇ ਦੀ ਤਲਾਸ਼ੀ ਅਤੇ ਕਾਰਵਾਈ ਤੋਂ ਬਾਅਦ ਸਭ ਤੋਂ ਪਹਿਲਾਂ ਸ਼ਾਮ 7 ਵਜੇ ਉਸ ਨੂੰ ਹਿਰਾਸਤ ਵਿਚ ਲਿਆ ਗਿਆ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਕਵਿਤਾ ਦੀ ਦਿੱਲੀ ਦੀ ਟਿਕਟ ਪਹਿਲਾਂ ਹੀ ਬੁੱਕ ਹੋ ਚੁੱਕੀ ਸੀ।ਬੀਆਰਐਸ ਆਗੂ ਸਾਬਕਾ ਮੰਤਰੀ ਪ੍ਰਸ਼ਾਂਤ ਰੈੱਡੀ ਨੇ ਕਿਹਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਈਡੀ ਕਵਿਤਾ ਨੂੰ ਦਿੱਲੀ ਲੈ ਕੇ ਜਾ ਰਿਹਾ ਹੈ। ਟੀਮ ਨੇ ਸਾਨੂੰ ਦੱਸਿਆ ਸੀ ਕਿ ਕਵਿਤਾ ਨੂੰ ਸਵੇਰੇ 8.45 ਵਜੇ ਦੀ ਫਲਾਈਟ ਰਾਹੀਂ ਦਿੱਲੀ ਲਿਜਾਇਆ ਜਾਵੇਗਾ। ਕਵਿਤਾ ਨੂੰ ਗ੍ਰਿਫਤਾਰ ਕਰਨ ਦਾ ਫੈਸਲਾ ਪਹਿਲਾਂ ਹੀ ਲਿਆ ਜਾ ਚੁੱਕਾ ਸੀ। ਟਿਕਟ ਵੀ ਬੁੱਕ ਹੋ ਚੁੱਕੀ ਸੀ।
ਪਿਤਾ ਕੇਸੀਆਰ ਨੂੰ ਕਵਿਤਾ ਦੇ ਘਰ ਜਾਣ ਤੋਂ ਰੋਕ ਦਿੱਤਾ
ਕਵਿਤਾ ਦੇ ਘਰ ਈਡੀ ਦੀ ਕਾਰਵਾਈ ਦੀ ਸੂਚਨਾ ਮਿਲਦੇ ਹੀ ਪਿਤਾ ਕੇਸੀਆਰ, ਭਰਾ ਕੇਟੀ ਰਾਮਾ ਰਾਓ, ਭਰਾ ਟੀ ਹਰੀਸ਼ ਰਾਓ ਉਸ ਦੇ ਘਰ ਪੁੱਜੇ, ਪਰ ਅਧਿਕਾਰੀਆਂ ਅਤੇ ਸੀਆਰਪੀਐਫ ਨੇ ਉਨ੍ਹਾਂ ਨੂੰ ਘਰ ਵਿੱਚ ਦਾਖਲ ਨਹੀਂ ਹੋਣ ਦਿੱਤਾ। ਕੇਸੀਆਰ ਨੇ ਜਾਂਚ ਅਧਿਕਾਰੀ ਨੂੰ ਸਵਾਲ ਪੁੱਛਿਆ ਕਿ ਕਵਿਤਾ ਨੂੰ ਬਿਨਾਂ ਟਰਾਂਜ਼ਿਟ ਵਾਰੰਟ ਦੇ ਕਿਵੇਂ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਐਸਸੀ ਵਿੱਚ ਕਵਿਤਾ ਨੂੰ ਗ੍ਰਿਫ਼ਤਾਰ ਨਾ ਕਰਨ ਲਈ ਕਿਹਾ ਸੀ ਅਤੇ ਹੁਣ ਉਹ ਉਸ ਨੂੰ ਗ੍ਰਿਫ਼ਤਾਰ ਕਰ ਰਹੇ ਹਨ। ਕੇਸੀਆਰ ਦਾ ਦਾਅਵਾ ਹੈ ਕਿ ਅਧਿਕਾਰੀ ਜਾਣਬੁੱਝ ਕੇ ਸ਼ੁੱਕਰਵਾਰ ਨੂੰ ਆਏ ਸਨ।
ਦਿੱਲੀ ਸ਼ਰਾਬ ਘੁਟਾਲੇ ਵਿੱਚ ਕਵਿਤਾ ਦਾ ਨਾਮ ਕਦੋਂ ਆਇਆ?
ਈਡੀ ਨੇ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ 30 ਨਵੰਬਰ 2022 ਨੂੰ ਗੁਰੂਗ੍ਰਾਮ ਤੋਂ ਕਾਰੋਬਾਰੀ ਅਮਿਤ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਸੀ। ਈਡੀ ਦੇ ਅਨੁਸਾਰ ਅਮਿਤ ਨੇ ਆਪਣੇ ਬਿਆਨਾਂ ਵਿੱਚ ਟੀਆਰਐਸ ਨੇਤਾ ਕੇ. ਕਵਿਤਾ ਦਾ ਨਾਂ ਲਿਆ। ਜਾਂਚ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਕਵਿਤਾ ‘ਸਾਊਥ ਗਰੁੱਪ’ ਨਾਮ ਦੀ ਸ਼ਰਾਬ ਦੀ ਲਾਬੀ ਦੀ ਪ੍ਰਮੁੱਖ ਆਗੂ ਸੀ। ਉਸ ਨੇ ਇਕ ਹੋਰ ਕਾਰੋਬਾਰੀ ਰਾਹੀਂ ਦਿੱਲੀ ਦੀ ‘ਆਪ’ ਸਰਕਾਰ ਦੇ ਆਗੂਆਂ ਨੂੰ 100 ਕਰੋੜ ਰੁਪਏ ਦਿੱਤੇ ਸਨ।
ਇਸ ਤੋਂ ਬਾਅਦ ਮਾਰਚ 2023 ‘ਚ ਈਡੀ ਨੇ ਕਵਿਤਾ ਦਾ ਨਾਂ ਵੀ ਇਸ ਮਾਮਲੇ ‘ਚ ਸ਼ਾਮਲ ਕੀਤਾ ਸੀ। ਈਡੀ ਨੇ ਜਾਂਚ ਨੂੰ ਲੈ ਕੇ ਅਦਾਲਤ ‘ਚ ਕੁਝ ਦਸਤਾਵੇਜ਼ ਪੇਸ਼ ਕੀਤੇ ਸਨ। ਇਸ ਵਿੱਚ ਕਵਿਤਾ ਦਾ ਨਾਂ ਵੀ ਸ਼ਾਮਲ ਸੀ।
ਈਡੀ ਨੇ 7 ਮਾਰਚ 2023 ਨੂੰ ਹੈਦਰਾਬਾਦ ਦੇ ਕਾਰੋਬਾਰੀ ਅਰੁਣ ਰਾਮਚੰਦਰਨ ਪਿੱਲੈ ਨੂੰ ਗ੍ਰਿਫ਼ਤਾਰ ਕੀਤਾ ਸੀ। ਅਰੁਣ ਨੂੰ ਕਵਿਤਾ ਦਾ ਕਰੀਬੀ ਮੰਨਿਆ ਜਾਂਦਾ ਹੈ। ਪਿੱਲੈ ‘ਤੇ ਸ਼ਰਾਬ ਨੀਤੀ ‘ਚ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ 100 ਕਰੋੜ ਰੁਪਏ ਭੇਜਣ ਦਾ ਦੋਸ਼ ਹੈ। ਈਡੀ ਨੇ ਇਸ ਮਾਮਲੇ ਵਿੱਚ 1 ਮਾਰਚ 2023 ਨੂੰ ਇੱਕ ਹੋਰ ਸ਼ਰਾਬ ਕਾਰੋਬਾਰੀ ਅਮਨਦੀਪ ਢਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।
ਇਸ ਸਾਲ 2023 ਵਿੱਚ ਕਵਿਤਾ ਨੂੰ ਤਿੰਨ ਸੰਮਨ ਭੇਜੇ ਗਏ ਸਨ ।
ਈਡੀ ਨੇ ਸਾਲ 2023 ਵਿੱਚ ਕਵਿਤਾ ਨੂੰ ਸ਼ਰਾਬ ਨੀਤੀ ਮਾਮਲੇ ਵਿੱਚ ਪੁੱਛਗਿੱਛ ਲਈ 3 ਸੰਮਨ ਭੇਜੇ ਸਨ। ਇਸ ਸਾਲ 2 ਸੰਮਨ ਭੇਜੇ ਗਏ ਸਨ, ਪਰ ਉਸ ਨੇ SC ਦੀ ਕਾਰਵਾਈ ਦਾ ਹਵਾਲਾ ਦਿੰਦੇ ਹੋਏ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ।