ਜਲੰਧਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ): ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਕਰੀਮ ਲੀਡਰਸ਼ਿਪ ਵਿਚਾਲੇ ਆਉਂਦੀਆਂ ਲੋਕਸਭਾ ਚੋਣ ਮੁੜ ਤੋਂ ਇਕੱਠੇ ਹੋ ਕੇ ਲੜਨ ਦੇ ਮਾਮਲੇ ਨੂੰ ਵਿਚਾਰਨ ਲਈ ਚਲ ਰਹੀ ਮੀਟਿੰਗ ਬਾਰੇ ਇਹ ਸਤਰਾਂ ਲਿਖੇ ਜਾਣ ਤਕ ਕੋਈ ਸੂਚਨਾ ਜਨਤਕ ਡੋਮੇਨ ਤੇ ਬੇਸ਼ੱਕ ਦਿਖਾਈ ਨਾ ਦਿੱਤੀ ਹੋਵੇ ਪਰ ਸਭ ਅੱਛਾ ਹੋਣ ਦਾ ਸੰਕੇਤ ਬਾਹਰ ਆ ਗਿਆ ਹੈ।
ਦਰਅਸਲ ਅਕਾਲੀ ਦਲ ਦੇ ਪ੍ਰਭਾਵ ਵਾਲੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਜਪਾ ਸਰਕਾਰ ਵਲੋਂ ਲਿਆਂਦੇ ਗਏ ਸੀਏਏ ਕਾਨੂੰਨ ਦਾ ਸੁਆਗਤ ਕਰ ਦਿੱਤਾ ਹੈ।
ਟਵੀਟਰ ਐਕਸ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤੇ ਬਿਆਨ ਦਾ ਜੋ ਟਵੀਟ ਵਾਇਰਲ ਹੋ ਰਿਹਾ ਹੈ ਉਸ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਧਾਨ ਅਤੇ ਹੋਰ ਅਹੁਦੇਦਾਰਾਂ ਨੇ ਸੀਏਏ ਕਾਨੂੰਨ ਦਾ ਸੁਆਗਤ ਕਰ ਦਿੱਤਾ ਹੈ। ਜਾਣਕਾਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਦਾ ਇਹ ਬਿਆਨ ਭਵਿੱਖ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਇੱਕ ਮੰਚ ਉੱਤੇ ਵਿਚਰਨ ਦਾ ਸੰਕੇਤ ਹੈ। ਜੇਕਰ ਦੋਵੇਂ ਸਿਆਸੀ ਪਾਰਟੀਆਂ ਦੇ ਮਨਾਂ ਵਿੱਚ ਕੋਈ ਮੱਤਭੇਦ ਹੁੰਦਾ ਤਾਂ ਪਹਿਲਾਂ ਵਾਂਗ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਆਨ ਕੇਂਦਰ ਸਰਕਾਰ ਤੋਂ ਦੂਰੀ ਬਣਾ ਕੇ ਚੱਲਣ ਦੀ ਨੀਤੀ ਅਨੁਸਾਰ ਹੀ ਹੋਣੇ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ, ” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿੱਚ ਧਰਮ ਪਰਿਵਰਤਨ ਕਰਵਾਉਣ ਵਾਲੇ ਸਿੱਖਾਂ ਲਈ ਇਹ ਇੱਕ ਚੰਗਾ ਫੈਸਲਾ ਹੈ।
ਐਚਐਮ ਅਮਿਤ ਸ਼ਾਹ ਨੇ ਕਿਹਾ ਕਿ ਕਰੋੜਾਂ ਲੋਕ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ “ਆਪਣੇ ਧਰਮ ਅਤੇ ਇੱਜ਼ਤ ਨੂੰ ਬਚਾਉਣ” ਲਈ ਭਾਰਤ ਭੱਜ ਗਏ, ਪਰ ਉਨ੍ਹਾਂ ਨੂੰ ਨਾਗਰਿਕਤਾ ਨਹੀਂ ਮਿਲੀ। ਅਸੀਂ CAA ਦਾ ਸਮਰਥਨ ਕਰਦੇ ਹਾਂ। “
ਸਮਝਿਆ ਜਾ ਰਿਹਾ ਹੈ ਕਿ ਕੁਝ ਹੀ ਦੇਰ ਵਿੱਚ ਦਿੱਲੀ ਤੋਂ ਗੱਠਜੋੜ ਦੇ ਐਲਾਨ ਦੀ ਖਬਰ ਵੀ ਆਉਂਦੀ ਹੀ ਹੋਵੇਗੀ।