ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ : ਪਾਕਿਸਤਾਨ ‘ਚ ਦਿਲ ਦਾ ਦੌਰਾ ਪੈਣ ਕਾਰਨ ਮਰਨ ਵਾਲੇ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਦੇ ਅੱਤਵਾਦੀ ਲਖਬੀਰ ਸਿੰਘ ਰੋਡੇ ਦੇ ਸਾਥੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪਰਮਜੀਤ ਸਿੰਘ ਢਾਡੀ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫਲਾਈਟ ਲੈ ਕੇ ਇੰਗਲੈਂਡ ਭੱਜਣ ਦੀ ਯੋਜਨਾ ਬਣਾ ਰਿਹਾ ਸੀ।
ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੂੰ ਇਸ ਸਬੰਧੀ ਜਾਣਕਾਰੀ ਮਿਲੀ। ਐਸਐਸਓਸੀ ਨੇ ਇੱਕ ਟੀਮ ਬਣਾ ਕੇ ਪਰਮਜੀਤ ਢਾਡੀ ਨੂੰ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ। ਪਰਮਜੀਤ ਸਿੰਘ ਭਾਰਤ ਵੱਲੋਂ ਪਾਬੰਦੀਸ਼ੁਦਾ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਨਾਲ ਜੁੜਿਆ ਹੋਇਆ ਸੀ। ਇਹ ਉਹੀ ਜਥੇਬੰਦੀ ਹੈ ਜਿਸ ਦੀ ਅਗਵਾਈ ਲਖਬੀਰ ਰੋਡੇ ਕਰਦਾ ਸਨ। ਪਰਮਜੀਤ ਇਸ ਸੰਸਥਾ ਨੂੰ ਫੰਡ ਅਤੇ ਹੋਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਦਾ ਸੀ।
ਇੰਨਾ ਹੀ ਨਹੀਂ ਭਾਰਤ ਆ ਕੇ ਪਰਮਜੀਤ ਢਾਡੀ ਨੇ ਕਈ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਨਾਲ-ਨਾਲ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਵੀ ਯੋਜਨਾ ਬਣਾਈ ਸੀ। ਇਸ ਸਬੰਧੀ ਪੰਜਾਬ ਦੀਆਂ ਖੁਫੀਆ ਏਜੰਸੀਆਂ ਪਰਮਜੀਤ ਤੋਂ ਪੁੱਛਗਿੱਛ ਕਰ ਰਹੀਆਂ ਹਨ।
ਰੋਡੇ ਦੀ 2 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।ਭਾਰਤ ਦੇ ਮੋਸਟ ਵਾਂਟੇਡ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਰੋਡੇ (72) ਦੀ 2 ਦਸੰਬਰ ਨੂੰ ਪਾਕਿਸਤਾਨ ਵਿੱਚ ਮੌਤ ਹੋ ਗਈ ਸੀ। ਉਹ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਸੀ। ਰੋਡੇ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਸੀ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਭਾਰਤ ਸਰਕਾਰ ਨੇ ਲਖਬੀਰ ਸਿੰਘ ਰੋਡੇ ਨੂੰ ਯੂ.ਏ.ਪੀ.ਏ ਤਹਿਤ ਅੱਤਵਾਦੀ ਐਲਾਨਿਆ ਗਿਆ ਸੀ। ਜਿਸ ਤੋਂ ਬਾਅਦ ਉਹ ਪਾਕਿਸਤਾਨ ਭੱਜ ਗਿਆ। 2021 ਵਿੱਚ ਪੰਜਾਬ ਦੀ ਲੁਧਿਆਣਾ ਅਦਾਲਤ ਵਿੱਚ ਹੋਏ ਧਮਾਕੇ ਵਿੱਚ ਰੋਡੇ ਦਾ ਨਾਂ ਆਇਆ ਸੀ।