ਜਲੰਧਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ) : ਜਲੰਧਰ ਪੁਲਿਸ ਨੇ ਗੈਂਗਸਟਰ ਸੋਨੂੰ ਖੱਤਰੀ ਦੇ ਸਾਥੀ ਜੱਸਾ ਹੈਪੋਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਮਾਂ-ਧੀ ਦੇ ਦੋਹਰੇ ਕਤਲ ਦਾ ਮੁੱਖ ਮੁਲਜ਼ਮ ਹੈ। ਉਸ ਕੋਲੋਂ 2 ਪਿਸਤੌਲ ਅਤੇ 8 ਕਾਰਤੂਸ ਬਰਾਮਦ ਹੋਏ ਹਨ।
ਕਾਊਂਟਰ ਇੰਟੈਲੀਜੈਂਸ ਪੁਲਿਸ ਨੇ ਪਿਛਲੇ ਮਹੀਨੇ ਜਲੰਧਰ ‘ਚ ਹੋਏ ਮਾਂ-ਧੀ ਦੇ ਕਤਲ ਕਾਂਡ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਗੈਂਗਸਟਰ ਦਾ ਨਾਂ ਕਰਨਜੀਤ ਸਿੰਘ ਜੱਸਾ ਹੈਪੋਵਾਲ ਹੈ, ਜੋ ਵਿਦੇਸ਼ਾਂ ‘ਚ ਬੈਠੇ ਗੈਂਗਸਟਰ ਸੋਨੂੰ ਖੱਤਰੀ ਦੀਆਂ ਹਦਾਇਤਾਂ ‘ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਜੱਸਾ ਖ਼ਿਲਾਫ਼ ਇਸ ਵੇਲੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ 6 ਕੇਸ ਦਰਜ ਹਨ।
ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜਲੰਧਰ ਪੁਲਿਸ ਨੇ ਜੱਸਾ ਕੋਲੋਂ ਦੋ ਪਿਸਤੌਲ ਅਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਲੰਧਰ ਦੇ ਅਮਰ ਨਗਰ ‘ਚ ਰਣਜੀਤ ਕੌਰ (ਮਾਂ) ਅਤੇ ਪ੍ਰੀਤੀ (ਧੀ) ਨੂੰ ਗੈਂਗਸਟਰ ਜੱਸਾ ਅਤੇ ਉਸ ਦੇ ਸਾਥੀ ਨੇ ਗੋਲੀ ਮਾਰ ਦਿੱਤੀ। ਇੰਨਾ ਹੀ ਨਹੀਂ ਸਬੂਤ ਨਸ਼ਟ ਕਰਨ ਲਈ ਲਾਸ਼ਾਂ ਨੂੰ ਪੈਟਰੋਲ ਛਿੜਕ ਕੇ ਸਾੜ ਦਿੱਤਾ ਗਿਆ।
ਇਸ ਵਾਰਦਾਤ ਨੂੰ ਅਮਰੀਕਾ ਰਹਿੰਦੇ ਉਸਦੇ ਜਵਾਈ ਜੱਸਾ ਨੇ ਅੰਜਾਮ ਦਿੱਤਾ ਸੀ ਅਤੇ ਇਸ ਦੇ ਲਈ ਕਾਊਂਟਰ ਇੰਟੈਲੀਜੈਂਸ ਵਲੋਂ ਫੜੇ ਗਏ ਗੈਂਗਸਟਰ ਜੱਸਾ ਨੂੰ ਹਾਇਰ ਕੀਤਾ ਗਿਆ ਸੀ। ਦਰਅਸਲ ਜਵਾਈ ਜੱਸਾ ਪਤਨੀ ਪ੍ਰੀਤੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਇਸੇ ਲਈ ਉਸ ਨੇ ਪ੍ਰੀਤੀ ਨੂੰ ਮਾਰਨ ਦਾ ਠੇਕਾ ਗੈਂਗਸਟਰ ਜੱਸਾ ਨੂੰ ਦਿੱਤਾ ਸੀ।