ਅੰਮ੍ਰਿਤਸਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ) : ਅੰਮ੍ਰਿਤਸਰ ਪੁਲਿਸ ਨੇ ਇੱਕ ਅੰਤਰਰਾਜੀ ਹਥਿਆਰ ਤਸਕਰ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਮੁਲਜ਼ਮ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕਹਿਣ ‘ਤੇ ਕੰਮ ਕਰਦਾ ਸੀ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਕੋਲੋਂ 10 ਪਿਸਤੌਲ ਵੀ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਮੁਲਜ਼ਮਾਂ ਦੇ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰਨ ਵਿੱਚ ਲੱਗੀ ਹੋਈ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸੀ ਵਾਸੀ ਸ਼ਹੀਦ ਭਗਤ ਸਿੰਘ ਨਗਰ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲੀਸ ਟੀਮ ਨੇ ਮੁਲਜ਼ਮਾਂ ਕੋਲੋਂ 10 ਮਾਰਕਾ 32 ਬੋਰ ਦੇ ਪਿਸਤੌਲ, ਇੱਕ ਬੈਕਪੈਕ ਅਤੇ ਪਲੈਟੀਨਾ ਮੋਟਰਸਾਈਕਲ ਪੀ.ਬੀ.46-ਯੂ-2249 ਵੀ ਬਰਾਮਦ ਕੀਤਾ ਹੈ।
ਪੰਜਾਬ ਪੁਲਿਸ ਨੂੰ ਮੱਧ ਪ੍ਰਦੇਸ਼ ਤੋਂ ਸੂਬੇ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਬਾਰੇ ਸੂਹ ਮਿਲੀ ਸੀ। ਜਿਸ ਤੋਂ ਬਾਅਦ ਏਡੀਸੀਪੀ ਸਿਟੀ 3 ਅਭਿਮਨਿਊ ਰਾਣਾ ਦੀ ਅਗਵਾਈ ਵਿੱਚ ਥਾਣਾ ਮਕਬੂਲਪੁਰਾ ਦੀ ਪੁਲੀਸ ਟੀਮ ਨੇ ਇਲਾਕੇ ਵਿੱਚ ਵਿਸ਼ੇਸ਼ ਮੁਹਿੰਮ ਚਲਾਈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹਵਾਲਾ ਰਾਹੀਂ ਪੈਸੇ ਮਿਲ ਰਹੇ ਸਨ
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਹਨ। ਮੁਲਜ਼ਮ ਮੱਧ ਪ੍ਰਦੇਸ਼ ਤੋਂ ਹਥਿਆਰ ਖਰੀਦਣ ਲਈ ਹਵਾਲਾ ਰਾਹੀਂ ਪੈਸੇ ਲੈ ਰਹੇ ਸਨ। ਇੰਨਾ ਹੀ ਨਹੀਂ ਇਹ ਗੈਂਗ ਆਉਣ ਵਾਲੇ ਸਮੇਂ ‘ਚ ਟਾਰਗੇਟ ਕਿਲਿੰਗ ਲਈ ਵੀ ਤਿਆਰ ਸੀ।
ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਤਿੰਨ ਕੇਸ ਦਰਜ
ਪੁਲੀਸ ਥਾਣਾ ਮਕਬੂਲਪੁਰਾ ਨੇ ਮੁਲਜ਼ਮ ਜੱਸੀ ਖ਼ਿਲਾਫ਼ ਐਕਟ, 54/59 ਐਕਟ ਦੀ ਧਾਰਾ 25(8) ਅਧੀਨ ਮੁਕੱਦਮਾ ਦਰਜ ਕਰਵਾਇਆ ਹੈ। ਇਸ ਤੋਂ ਪਹਿਲਾਂ ਵੀ ਮੁਲਜ਼ਮਾਂ ਖ਼ਿਲਾਫ਼ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ 3 ਕੇਸ ਦਰਜ ਹਨ।