*ਮਾਮਲੇ ਵਿੱਚ 50000 ਰੁਪਏ ਤੋਂ ਵਧੇਰੇ ਦੀ ਰਕਮ ਖਰਚੇ ਜਾਣ ਦੀ ਚਰਚਾ*
* ਥਾਣਾ ਮੁਖੀ ਵਲੋਂ ਘਰੇਲੂ ਸਲੰਡਰਾਂ ਵਿੱਚੋਂ ਗੈਸ ਚੋਰੀ ਦੇ ਸ਼ੱਕੀ ਬਿਨਾ ਕਾਰਵਾਈ ਛੱਡਣ ਤੇ ਕਮਿਸ਼ਨਰੇਟ ਪੁਲਿਸ ਸਵਾਲਾਂ ਦੇ ਕਟਹਿਰੇ ਵਿੱਚ*
ਜਲੰਧਰ (ਗੁਰਪ੍ਰੀਤ ਸਿੰਘ ਸੰਧੂ) : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀਆਂ ਸਖ਼ਤ ਹਿਦਾਇਤਾਂ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਤੋਂ ਲੈਕੇ ਹਰ ਤਰ੍ਹਾਂ ਦੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਲਗਾਤਾਰ ਸਖਤੀ ਵਰਤ ਰਹੀ ਪੰਜਾਬ ਪੁਲਿਸ ਦਾ ਅਪਰਾਧੀਆਂ ਦੇ ਵਰਗੀਕਰਨ ਨੂੰ ਲੈਕੇ ਇੱਕ ਦਿਲਚਸਪ ਵਰਤਾਰਾ ਸਾਹਮਣੇ ਆਇਆ ਹੈ ਜਿਸਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ।
ਦਰਅਸਲ ਘਰੇਲੂ ਰਸੋਈ ਗੈਸ ਦੇ ਐਲਪੀਜੀ ਸਲੰਡਰਾਂ ਦੀ ਘਰ ਘਰ ਸਪਲਾਈ ਲਈ ਗੈਸ ਸਪਲਾਈ ਏਜੰਸੀਆਂ ਵਲੋਂ ਜੋ ਰੇਹੜੀ ਵਾਲੇ ਵਰਕਰ ਤਾਇਨਾਤ ਕੀਤੇ ਜਾਂਦੇ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਵਲੋਂ ਪੂਰੀ ਮਿਕਦਾਰ ਵਾਲਾ ਸਲੰਡਰ ਖਪਤਕਾਰਾਂ ਤੱਕ ਨਹੀਂ ਪਹੁੰਚਾਇਆ ਜਾਂਦਾ। ਜਲੰਧਰ ਸਮੇਤ ਹੋਰ ਸ਼ਹਿਰਾਂ ਅਤੇ ਜਿਲਿਆਂ ਦੀ ਪੁਲਿਸ ਵਲੋਂ ਬੀਤੇ ਦੌਰਾਨ ਅਜਿਹੇ ਕਈ ਗੈਸ ਸਪਲਾਇਰ ਕਾਮਿਆਂ ਨੂੰ ਗੈਸ ਕੱਢ ਕੇ ਚੋਰੀ ਅਤੇ ਧੋਖੇਬਾਜੀ ਕਰਨ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਵੀ ਕੀਤਾ ਜਾਂਦਾ ਰਿਹਾ ਹੈ।
ਜਾਣਕਾਰੀ ਅਨੁਸਾਰ ਰੇਹੜੀ ਵਾਲਿਆਂ ਦੇ ਰੂਪ ਵਿੱਚ ਮਿਹਨਤਕਸ਼ ਕਾਮਿਆਂ ਦੀ ਆੜ ਹੇਠਾਂ ਗੈਸ ਸਲੰਡਰਾਂ ਵਿੱਚੋਂ ਲੱਖਾਂ ਰੁਪਏ ਦੀ ਗੈਸ ਚੋਰੀ ਕਰਨ ਪਿੱਛੇ ਇੱਕ ਵੱਡਾ ਮਾਫੀਆ ਕੰਮ ਕਰ ਰਿਹਾ ਹੈ ਜਿਸਦੀ ਕੁਝ ਪੁਲਿਸ ਅਧਿਕਾਰੀਆਂ ਤੱਕ ਵੀ ਚੰਗੀ ਪਹੁੰਚ ਬਣ ਚੁੱਕੀ ਹੈ। ਮਹਿਕਮੇ ਵਿਚਲੀਆਂ ਕੁਝ ਕਾਲੀਆਂ ਭੇਡਾਂ ਦੀ ਇਸ ਗੈਸ ਚੋਰੀ ਮਾਫੀਆ ਨਾਲ ਤਾਂ ਸਾਂਝ ਭਿਆਲੀ ਦੀ ਚਰਚਾ ਵੀ ਚਲਦੀ ਰਹਿੰਦੀ ਹੈ। ਲੋਕਾਂ ਵਿੱਚ ਚਰਚਾ ਹੈ ਕਿ ਜਿੱਥੇ ਪੁਲਿਸ ਦੇ ਜਾਂਬਾਜ਼ ਅਫ਼ਸਰ ਅਤੇ ਮੁਲਾਜ਼ਮ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਸਮਾਜ ਵਿੱਚੋਂ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਅੱਤਵਾਦੀਆਂ ਦਾ ਸਫਾਇਆ ਕਰਨ ਵਿੱਚ ਦਿਨ ਰਾਤ ਇੱਕ ਕਰਨ ਵਿੱਚ ਲੱਗੇ ਹੋਏ ਹਨ, ਉੱਥੇ ਦੂਜੇ ਪਾਸੇ ਪੁਲਿਸ ਵਰਦੀ ਵਿੱਚ ਲੁਕੀਆਂ ਕੁਝ ਕਾਲੀਆਂ ਭੇਡਾਂ ਵੱਖ ਵੱਖ ਅਪਰਾਧਾਂ ਵਿੱਚ ਲਿਪਤ ਮੁਲਜਮਾਂ ਨੂੰ ਨਿੱਜੀ ਲਾਲਚ ਵਸ ਕਾਨੂੰਨ ਦੇ ਸ਼ਿਕੰਜੇ ਤੋਂ ਬਚਾਉਣ ਵਿੱਚ ਹੀ ਲੱਗੀਆਂ ਹੋਈਆਂ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭ੍ਰਿਸ਼ਟ ਤੰਤਰ ਖਿਲਾਫ਼ ਵਿੱਢੀ ਗਈ ਜੋਰਦਾਰ ਮੁਹਿੰਮ ਦਾ ਅਸਰ ਹਾਲੇ ਪੁਲਿਸ ਤੰਤਰ ਅੰਦਰ ਪੁੱਜਣਾ ਬਾਕੀ ਹੈ। ਪੁਲਿਸ ਤੰਤਰ ਦੀਆਂ ਕਾਲੀਆਂ ਭੇਡਾਂ ਦੇ ਅਜਿਹੇ ਵਤੀਰੇ ਕਾਰਨ ਸ਼ਹਿਰ ਵਿੱਚ ਚੋਰੀਆਂ, ਲੁੱਟ ਖੋਹਾਂ ਅਤੇ ਗੈਸ ਚੋਰੀ ਵਰਗੇ ਹੱਥਕੰਡਿਆਂ ਰਾਹੀਂ ਜਨਤਾ ਦੀ ਗਾੜੇ ਪਸੀਨੇ ਦੀ ਕਮਾਈ ਨੂੰ ਲੁੱਟਣ ਵਾਲਿਆਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਹਨ।
ਇਸ ਦੌਰਾਨ ਪੁਲਿਸ ਤੰਤਰ ਦਾ ਇੱਕ ਨਿਵੇਕਲਾ ਹੀ ਵਤੀਰਾ ਸਾਹਮਣੇ ਆਇਆ ਹੈ ਜੋ ਸਭ ਨੂੰ ਹੈਰਾਨ ਕਰ ਰਿਹਾ ਹੈ। ਦਰਅਸਲ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਨੰਬਰ 6 ਦੇ ਖੇਤਰ ਦੀ ਪੁਲਿਸ ਵਲੋਂ ਗੈਸ ਚੋਰੀ ਕਰਕੇ ਵੇਚਣ ਦੇ ਦੋਸ਼ ਵਿੱਚ ਸੋਢੀ ਨਾਂ ਦੇ ਇੱਕ ਗੈਸ ਰੇਹੜੀ ਚਾਲਕ ਅਤੇ ਉਸਦੇ ਪੁੱਤਰ ਨੂੰ ਕਾਬੂ ਕਰਨ ਦੇ ਮਾਮਲੇ ਦੀ ਸੂਤਰਾਂ ਤੋਂ ਹਾਸਿਲ ਜਾਣਕਾਰੀ ਉਪਰੰਤ ਇਹ ਪੱਤਰਕਾਰ ਥਾਣੇ ਪੁੱਜਾ ਤਾਂ 8 ਗੈਸ ਸਲੰਡਰਾਂ ਜਿਨ੍ਹਾਂ ਵਿੱਚੋਂ 3 ਭਰੇ ਅਤੇ ਪੰਜ ਖਾਲੀ ਸਨ , ਨਾਲ ਲੱਦੀ ਇੱਕ ਰੇਹੜੀ ਥਾਣੇ ਦਾ ਐਨ ਬਾਹਰ ਖੜੀ ਮਿਲੀ। ਥਾਣੇ ਦੀ ਕੰਧ ਦੇ ਨਾਲ ਹੀ ਮਾਲ ਮੁਕੱਦਮਾ ਵਾਲੇ ਪਾਸੇ ਜਲੰਧਰ ਸੀਰੀਜ਼ ਅਧੀਨ 6586 ਨੰਬਰ ਦੀ ਇੱਕ ਸਕੂਟਰੀ ਵੀ ਮੌਜੂਦ ਸੀ ਜੋ ਉਕਤ ਰੇਹੜੀ ਚਾਲਕਾਂ ਦੇ ਕਥਿਤ ਕਬਜ਼ੇ ਵਿੱਚੋਂ ਚੋਰੀਸ਼ੁਦਾ ਗੈਸ ਸਲੰਡਰ ਇੱਧਰ ਉੱਧਰ ਖਪਾਉਣ ਲਈ ਵਰਤੇ ਜਾਣ ਦੇ ਇਲਜ਼ਾਮ ਵਿੱਚ ਬਰਾਮਦ ਕੀਤੀ ਗਈ ਸੀ। ਸੂਤਰਾਂ ਅਨੁਸਾਰ ਉਕਤ ਸਕੂਟਰੀ ਕਿਸੇ ਤੀਜੇ ਵਿਅਕਤੀ ਦੀ ਸੀ ਅਤੇ ਉਕਤ ਮੁਲਜਮਾਂ ਵਲੋਂ ਚੋਰੀ ਗੈਸ ਵਾਲੇ ਸਲੰਡਰ ਇੱਧਰ ਉੱਧਰ ਢੋਣ ਲਈ ਵਰਤੇ ਜਾਣ ਤੋਂ ਉਹ ਸਕੂਟੀ ਮਾਲਕ ਭਲੀਭਾਂਤ ਜਾਣੂ ਵੀ ਦੱਸਿਆ ਜਾ ਰਿਹਾ ਹੈ।
ਥਾਣੇ ਦੇ ਬਾਹਰ ਰੇਹੜੀ ਦੇ ਆਸਪਾਸ ਗੈਸ ਸਪਲਾਈ ਨਾਲ ਸਬੰਧਤ ਕੁੱਝ ਵਿਅਕਤੀ ਆਪਣੇ ਕਿਸੇ ਜਾਣਕਾਰ ਨੂੰ ਮਾਮਲੇ ਵਿੱਚ ਦਖਲ ਦੇਕੇ ਖਹਿੜਾ ਛੁਡਵਾਉਣ ਲਈ ਫੋਨ ਵੀ ਲਗਾ ਰਹੇ ਸਨ। ਇਸ ਬਾਰੇ ਅੰਗਰੇਜ਼ੀ ਦੇ ‘ਜੀ’ ਅੱਖਰ ਤੋਂ ਸ਼ੁਰੂ ਹੋਣ ਵਾਲੇ ਸਬੰਧਤ ਏਜੰਸੀ ਵਾਲੇ ਨੇ ਆਪਣੇ ਕਿਸੇ ਰੇਹੜੀ ਵਾਲੇ ਦੇ ਫੜੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੌਕੇ ਦੇ ਪੁਲਿਸ ਅਤੇ ਸਿਵਲ ਸੂਤਰਾਂ ਵਲੋਂ ਏਨਾ ਹੀ ਦੱਸਿਆ ਕਿ ਖੁਦ ਐਸਐਚਓ ਨੇ ਇਸ ਰੇਹੜੀ ਅਤੇ ਉਸਦੇ ਚਾਲਕ ਪਿਉ ਪੁੱਤਰ ਨੂੰ ਫੜਿਆ ਹੈ, ਪਰ ਉਹ ਹਾਲੇ ਕਿਧਰੇ ਬਾਹਰ ਹਨ ਅਤੇ ਥਾਣਾ ਮੁਖੀ ਦੇ ਆਉਣ ਤੋਂ ਬਾਦ ਹੀ ਅਗਲੀ ਕਾਰਵਾਈ ਬਾਰੇ ਪਤਾ ਲੱਗ ਸਕੇਗਾ।
ਏਸੇ ਦੌਰਾਨ ਇਹ ਵੀ ਕਨਸੋਆਂ ਮਿਲੀਆਂ ਕਿ ਇੱਕ ਏਸੀਪੀ ਰੈਂਕ ਦਾ ਪੁਲਿਸ ਅਧਿਕਾਰੀ ਇਸ ਗੈਸ ਚੋਰੀ ਮਾਮਲੇ ਵਿੱਚ ਹੈਰਾਨੀਜਨਕ ਢੰਗ ਨਾਲ ਡੂੰਘੀ ਦਿਲਚਸਪੀ ਲੈ ਰਿਹਾ ਹੈ। ਐਸਐਚਓ ਅਜਾਇਬ ਸਿੰਘ ਔਜਲਾ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਕਾਬੂ ਮੁਲਜਮਾਂ ਖਿਲਾਫ਼ ਕਿਸੇ ਕਾਨੂੰਨੀ ਕਾਰਵਾਈ ਦੀ ਜਾਣਕਾਰੀ ਦੇਣ ਦੀ ਥਾਂ ਉਨ੍ਹਾਂ ਏਨਾ ਆਖ ਕੇ ਫੋਨ ਕੱਟ ਦਿੱਤਾ , ” ਹਾਂ- ਹਾਂ ਕਰ ਰਹੇ ਹਾਂ ਉਨ੍ਹਾਂ ਦਾ ਕੰਮ “। ਇਸ ਜਵਾਬ ਤੋਂ ਦਾਲ ਵਿੱਚ ਕੁਝ ਕਾਲਾ ਜਾਪਣ ਲੱਗਾ ਅਤੇ ਥਾਣੇ ਪੁੱਜ ਕੇ ਦੇਖਣ ਵਿੱਚ ਆਇਆ ਕਿ ਏਸੀਪੀ ਸਾਹਿਬ ਖੁਦ ਥਾਣੇ ਵਿੱਚ ਮੌਜੂਦ ਸਨ ਜੋ ਲੋੜੀਂਦੇ ਆਦੇਸ਼ ਜਾਰੀ ਕਰਨ ਉਪੰਰਤ ਇਸ ਪੱਤਰਕਾਰ ਦੀ ਨਜਦੀਕ ਹੀ ਮੌਜੂਦਗੀ ਤੋਂ ਅਨਜਾਣ,ਕਿਸੇ ਨੂੰ ਕੰਮ ਕਰਵਾ ਦੇਣ ਦੀ ਗੱਲ ਕਰਦੇ ਹੋਏ ਬਾਹਰ ਚਲੇ ਗਏ। ਥਾਣਾ ਮੁਖੀ ਨੇ ਦੱਸਿਆ ਕਿ ਸਾਹਿਬ ਦੇ ਆਦੇਸ਼ ਅਨੁਸਾਰ ਮੁਲਜਮਾਂ ਨੂੰ ਛੱਡਿਆ ਜਾ ਰਿਹਾ ਹੈ।
ਮੁਲਜਮਾਂ ਦੀ ਬਿਨਾ ਕਾਰਵਾਈ ਰਿਹਾਈ ਦਾ ਕਾਰਨ ਪੁੱਛਿਆ ਗਿਆ ਤਾਂ ਥਾਣਾ ਮੁਖੀ ਦਾ ਤਰਕ ਸੀ ਕਿ ਸਾਡੇ ਏਸੀਪੀ ਸਾਹਿਬ ਕਰੀਬ ਅੱਧਾ ਦਰਜਨ ਥਾਵਾਂ ਤੇ ਐਸਐਚਓ ਰਹਿ ਚੁੱਕੇ ਤਜਰਬੇਕਾਰ ਅਧਿਕਾਰੀ ਹਨ ਅਤੇ ਬਹੁਤ ਚੰਗੇ ਸੁਭਾਅ ਦੇ ਹਨ। ਏਸੀਪੀ ਸਾਹਿਬ ਦਾ ਹੀ ਕਹਿਣਾ ਸੀ ਕਿ ਗਰੀਬ ਰੇਹੜੀ ਵਾਲਿਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਕੀ ਮਿਲੇਗਾ?
ਜੁਰਮ ਦੇ ਮਾਮਲੇ ਵਿੱਚ ਵੀ ਮੁਲਜ਼ਮ ਦੀ ਗਰੀਬੀ ਜਾਂ ਅਮੀਰੀ ਦੇ ਹਿਸਾਬ ਨਾਲ ਨਾਮਜ਼ਦ ਕੀਤੇ ਜਾਂ ਅਪਰਾਧ ਨੂੰ ਅੱਖੋਂ ਪਰੋਖੇ ਕੀਤੇ ਜਾਣ ਵਾਲਾ ਪੁਲਿਸ ਦਾ ਨਜ਼ਰੀਆ ਖਬਰ ਪੜਨ ਸੁਣਨ ਵਾਲੇ ਹਰ ਨਾਗਰਿਕ ਨੂੰ ਹੈਰਾਨ ਕਰ ਰਿਹਾ ਹੈ। ਜਦੋਂ ਥਾਣਾ ਮੁਖੀ ਨੂੰ ਇਹ ਬਿਆਨ ਕੈਮਰੇ ਸਾਹਮਣੇ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਮੈਂ ਆਪਣੇ ਅਫਸਰ ਦੇ ਖਿਲਾਫ਼ ਥੋੜਾ ਜਾ ਸਕਦਾ ਹਾਂ।
ਇਸ ਦੌਰਾਨ ਇਸ ਪੱਤਰਕਾਰ ਦੀ ਥਾਣੇ ਵਿੱਚ ਮੌਜੂਦਗੀ ਦੀ ਸੂਚਨਾ ਸ਼ਾਇਦ ਉਪਰੋਕਤ ਏਸੀਪੀ ਸਾਹਿਬ ਤੱਕ ਵੀ ਪਹੁੰਚ ਗਈ ਸੀ ਅਤੇ ਆਏ ਫੋਨ ਦੇ ਜਵਾਬ ਵਿੱਚ ਥਾਣਾ ਮੁਖੀ ” ਪੱਤਰਕਾਰ ਗੁਰਪ੍ਰੀਤ ਮੇਰੇ ਸਾਮ੍ਹਣੇ ਹੀ ਬੈਠਾ ਹੈ ਅਤੇ ਮੈਨੂੰ ਕੈਮਰੇ ਸਾਹਮਣੇ ਬਿਆਨ ਦੇਣ ਲਈ ਆਖ ਰਿਹਾ ਹੈ। ਪਰ ਮੈਂ ਆਪਣੇ ਅਫਸਰ ਦੇ ਖਿਲਾਫ਼ ਥੋੜਾ ਜਾ ਸਕਦਾ ਹਾਂ”। ਇਹ ਕਹਿੰਦੇ ਹੋਏ ਐਸਐਚਓ ਸਾਹਿਬ ਪਿਛਲੇ ਦਰਵਾਜ਼ੇ ਰਾਹੀਂ ਆਪਣੇ ਦਫਤਰ ਤੋਂ ਬਾਹਰ ਹੋ ਗਏ।
ਦੇਰ ਸ਼ਾਮ ਤੱਕ ਸੂਤਰਾਂ ਅਨੁਸਾਰ ਮੁਲਜਮਾਂ ਨੂੰ ਛੁਡਾਉਣ ਲਈ ਕਰੀਬ 50000 ਰੁਪਏ ਦਾ ਖਰਚਾ ਆ ਚੁੱਕਾ ਸੀ। ਪਰ ਇਹ ਰਕਮ ਵਿਚੋਲੇ ਹੀ ਡਕਾਰ ਗਏ ਜਾਂ ਪੁਲਿਸ ਦੇ ਵੀ ਹੱਥ ਕੁਝ ਲੱਗਾ ਇਹ ਜਾਂਚ ਦਾ ਵਿਸ਼ਾ ਹੈ। ਪਰ ਕੁਝ ਵੀ ਹੋਵੇ ਏਸੀਪੀ ਰੈਂਕ ਦੇ ਕਿਸੇ ਅਧਿਕਾਰੀ ਵਲੋਂ ਅਜਿਹੇ ਗਰੀਬ ਰੇਹੜੀ ਵਾਲਿਆਂ ਦੇ ਮਾਮਲੇ ਵਿੱਚ ਲਈ ਗਈ ਡੂੰਘੀ ਦਿਲਚਸਪੀ ਪੁਲਿਸ ਅਧਿਕਾਰੀਆਂ ਦੀ ਮਨਸ਼ਾ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਤਾਂ ਖੜੇ ਕਰ ਹੀ ਰਹੀ ਹੈ। ਲੋਕਾਂ ਵਿੱਚ ਚਰਚਾ ਛਿੜ ਗਈ ਹੈ ਕਿ ਜੇਕਰ ਗੈਸ ਚੋਰੀ ਵਰਗੇ ਮਾਮਲੇ ਵਿੱਚ ਪੁਲਿਸ ਅਧਿਕਾਰੀ ਇਸ ਤਰ੍ਹਾਂ ਗਰੀਬੀ ਦੀ ਆੜ ਹੇਠਾਂ ਕਾਰਵਾਈ ਤੋਂ ਪਾਸਾ ਵੱਟ ਰਹੇ ਹਨ ਤਾਂ ਉਨ੍ਹਾਂ ਕੋਲੋਂ ਨਸ਼ਿਆ ਦੇ ਸੌਦਾਗਰਾਂ ਅਤੇ ਹੋਰ ਗੰਭੀਰ ਅਪਰਾਧਾਂ ਵਿੱਚ ਲਿਪਤ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਸ਼ਹਿਰ ਵਾਸੀ ਇਸ ਮਾਮਲੇ ਵਿੱਚ ਸਬੰਧਤ ਪੁਲਿਸ ਅਧਿਕਾਰੀਆਂ ਦੀ ਸ਼ੱਕੀ ਭੂਮਿਕਾ ਅਤੇ ਗਰੀਬ ਰੇਹੜੀ ਵਾਲਿਆਂ ਦੀ ਆੜ ਹੇਠਾਂ ਹਜਾਰਾਂ ਰੁਪਏ ਦਾ ਖਰਚਾ ਕਰਕੇ ਕਾਨੂੰਨੀ ਕਾਰਵਾਈ ਰੁਕਵਾਉਣ ਵਾਲੇ ਸਮਰੱਥ ਲੋਕਾਂ ਦੀ ਸਚਾਈ ਸਾਹਮਣੇ ਲਿਆਉਣ ਲਈ ਕਮਿਸ਼ਨਰ ਪੁਲਿਸ ਵਲੋਂ ਕੀਤੀ ਜਾਣ ਵਾਲੀ ਵਿਭਾਗੀ ਕਾਰਵਾਈ ਵੱਲ ਟਿਕਟਿਕੀ ਲਗਾ ਕੇ ਦੇਖ ਰਹੇ ਹਨ।