ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕ ਨੇਕ ਇਨਸਾਨ ਹਨ, ਜਿਨ੍ਹਾਂ ਦਾ ਮੈ ਦਿਲੋਂ ਸਤਿਕਾਰ ਕਰਦਾ ਹਾਂ। ਮੈਂ ਉਨ੍ਹਾਂ ਨੂੰ ਆਪਾ ਖੋਂਹਦਿਆਂ ਕਦੀ ਨਹੀਂ ਦੇਖਿਆ। ਪਰ ਉਨ੍ਹਾਂ ਦਾ ਸੰਤੁਲਨ ਮੈਂ ਉਸ ਦਿਨ ਵਿਗੜਦਾ ਦੇਖਿਆ ਜਦੋਂ ਉਹ ਅਕਾਲੀ ਦਲ ਦੀ ਕੈਨੇਡਾ ਇਕਾਈ ਨਾਲ ਵਰਚੂਅਲ ਮੀਟਿੰਗ ਕਰ ਰਹੇ ਸਨ। ਸ਼ਾਇਦ ਇਹ ਸਿਆਸੀ ਮੰਝਧਾਰ ’ਚ ਫਸੇ ਹੋਣ ਦਾ ਜਾਂ ਨਿੱਜੀ ਮੁਫ਼ਾਦ ਦਾ ਨਤੀਜਾ ਸੀ। ਮੈਂ ਉਨ੍ਹਾਂ ਵੱਲੋਂ ਦਿੱਤੇ ਗਏ ਭਾਸ਼ਣ ਨੂੰ ਬਹੁਤ ਧਿਆਨ ਨਾਲ ਵਾਰ ਵਾਰ ਸੁਣਿਆ। ਜਿਸ ਵਿਚ ਉਨ੍ਹਾਂ ਸਿੱਖ ਹਿਰਦਿਆਂ ’ਚ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਝੂਠਾ ਬਿਰਤਾਂਤ ਬਿਠਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਵੱਲੋਂ ਸਚਾਈ ਤੋਂ ਕੋਹਾਂ ਦੂਰ ਜਾ ਕੇ ਤੱਥਾਂ ਨੂੰ ਤੋੜ- ਮਰੋੜ ਕੇ ਪੇਸ਼ ਕਰਦੇ ਹੋਏ ਤਖ਼ਤ (ਸ੍ਰੀ ਸੱਚਖੰਡ) ਹਜ਼ੂਰ ਸਾਹਿਬ ਅਤੇ ਤਖ਼ਤ (ਸ੍ਰੀ ਹਰਿਮੰਦਰ ਜੀ) ਪਟਨਾ ਸਾਹਿਬ ’ਤੇ ਭਾਜਪਾ ਵੱਲੋਂ ਕਬਜ਼ਾ ਕੀਤੇ ਜਾਣ ਦੀ ਗਲ ਕਹੀ ਸੀ। ਸੁਖਬੀਰ ਸਿੱਖ ਪੰਥ ’ਚ ਇਨ੍ਹਾਂ ਦੋਹਾਂ ਤਖ਼ਤ ਸਾਹਿਬਾਨ ਦੀ ਅਹਿਮੀਅਤ, ਕਾਨੂੰਨੀ ਪ੍ਰਸੰਗਿਕਤਾ ਅਤੇ ਵਿਲੱਖਣ ਪ੍ਰਬੰਧਕੀ ਪ੍ਰਣਾਲੀ ਤੋਂ ਅਣਜਾਣ ਨਹੀਂ ਹਨ। ਸਵਾਲ ਉਠਦਾ ਹੈ ਕਿ ਜੇਕਰ ਉਨ੍ਹਾਂ ਦੇ ਦਾਅਵੇ ’ਚ ਰੱਤੀ ਭਰ ਵੀ ਸਚਾਈ ਹੈ ਤਾਂ ਉਕਤ ’ਕਬਜ਼ੇ’ ਵਰਗੀ ਵਿਵਸਥਾ ਨੂੰ ਛਡਾਉਣ ਲਈ ਉਨ੍ਹਾਂ ਨੇ ਕਾਨੂੰਨ ਅਤੇ ਨਿਯਮਾਂ ਵਿਚ ਤਬਦੀਲੀ ਵਰਗਾ ਕੁਝ ਵੀ ਸੋਧ ਨਾ ਕਰਵਾ ਕੇ ਪੰਥ ਨਾਲ ਧੋਖਾ ਕਿਉਂ ਕੀਤਾ? ਜਦੋਂ ਕਿ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੀ ਭਾਜਪਾ ਨਾਲ 60 ਸਾਲ ਦੀ ਸਿਆਸੀ ਸਾਂਝ ਰਹੀ।
ਜੇਕਰ ਦਿੱਲੀ ਗੁਰਦੁਆਰਾ ਕਮੇਟੀ ਦਾ ਕੰਟਰੋਲ ਖੁੱਸ ਜਾਣ ਅਤੇ ਪਾਰਟੀ ਦੀ ਦਿੱਲੀ ਇਕਾਈ ਨੇ ਹਰਮੀਤ ਸਿੰਘ ਕਾਲਕਾ ਦੀ ਅਗਵਾਈ ’ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ ਤਾਂ ਕੀ ਇਹ ਵੀ ਸੁਖਬੀਰ ਬਾਦਲ ਦੀ ਸਿਆਸੀ ਅਯੋਗਤਾ ਦਾ ਨਤੀਜਾ ਨਹੀਂ ਹੈ? ਹਰਿਆਣਾ ’ਚ ਵੱਖਰੀ ਗੁਰਦੁਆਰਾ ਕਮੇਟੀ ਦੇ ਹੋਂਦ ਵਿਚ ਆਉਣ ਪਿੱਛੇ ਆਪਣੀਆਂ ਕਮਜ਼ੋਰੀਆਂ ਬਾਰੇ ਚਿੰਤਨ ਕਰਨ ਦੀ ਲੋੜ ਸੀ। ਲੇਕਿਨ ਇਹ ਬਚਕਾਨਾ ਦੋਸ਼ ਲਾਉਂਦਿਆਂ ਕਿ ਜੱਜ ਆਰ ਐਸ ਐਸ ਦਾ ਪੱਕਾ ਸੀ ਤੇ ਭਾਜਪਾ ਨੇ ਸੁਪਰੀਮ ਕੋਰਟ ਤੋਂ ਫ਼ੈਸਲਾ ਕਰਾ ਲਿਆ, ਪਤਾ ਨਹੀਂ ਉਹ ਕੀ ਸਾਬਤ ਕਰਨਾ ਚਾਹੁੰਦੇ ਹਨ? ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇਂ ਸ਼੍ਰੋਮਣੀ ਕਮੇਟੀ ਦਾ ਇਨ੍ਹਾਂ ਵੱਕਾਰ ਰਿਹਾ ਕਿ ਕੇਂਦਰੀ ਵਿੱਤ ਮੰਤਰੀ ਡਾ . ਮਨਮੋਹਨ ਸਿੰਘ ਵਰਗੀਆਂ ਕਾਬਲ ਸ਼ਖ਼ਸੀਅਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲੈਣ ਆਪਣੇ ਦਫ਼ਤਰ ਤੋਂ ਉੱਠ ਕੇ ਆ ਜਾਇਆ ਕਰਦੇ ਸਨ, ਪਰ ਹੁਣ ਸੁਖਬੀਰ ਦੀ ਲੀਡਰਸ਼ਿਪ ਨੇ ਇਸ ਸੰਸਥਾ ਨੂੰ ਇਨ੍ਹਾਂ ਕੱਖੋਂ ਹੌਲ਼ਿਆਂ ਕਰ’ਤਾ ਕਿ ਅੱਜ ਜ਼ਿਲ੍ਹੇ ਦਾ ਡੀ ਸੀ ਵੀ ਮਿਲਣ ਆਏ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਘੰਟਿਆਂ ਬੱਧੀ ਬਿਠਾਈ ਰੱਖਦੇ ਹਨ। ਅੱਜ ਦੀ ਸਥਿਤੀ ’ਚ ਸ਼੍ਰੋਮਣੀ ਕਮੇਟੀ ਸਮੂਹ ਸਿੱਖ ਜਗਤ ਬਾਰੇ ਫ਼ੈਸਲਾ ਲੈਣ ਦੀ ਤਾਕਤ ਗਵਾ ਚੁੱਕੀ ਹੈ। ਇਸ ਵਕਤ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਅਮਲ ’ਚ ਲਿਆਉਣਾ ਹੀ ਪੰਥ ਦੀ ਬਿਹਤਰੀ ਦਾ ਹੱਲ ਹੈ। ਪਰ ਸਿਆਸੀ ਸਵਾਰਥਾਂ ਕਰਕੇ ਬਾਦਲ ਪਰਿਵਾਰ ਇਸ ਨੂੰ ਲਾਗੂ ਨਹੀਂ ਹੋਣ ਦੇ ਰਿਹਾ।
ਜੇਕਰ ਅਕਾਲੀ ਦਲ ਕਮਜ਼ੋਰ ਹੈ ਤਾਂ ਪੰਥ ਕਮਜ਼ੋਰ ਹੈ, ਕਿਉਂਕਿ ਸੁਖਬੀਰ ਲਈ ਅਕਾਲੀ ਦਲ ਹੀ ਪੰਥ ਹੈ। ਇਹ ਹੈਰਾਨ ਵਾਲੀ ਗਲ ਨਹੀਂ ਕਿ ਸਿੱਖ ਪੰਥ ਤੋਂ ਕਿਨਾਰਾ ਕਰਨ ਵਾਲਿਆਂ ਨੂੰ ਅੱਜ ਫਿਰ ਪੰਥ ਯਾਦ ਆ ਗਿਆ ਹੈ। ਅੱਜ ਉਹੀ ਪੰਥ ਮੁੜ ’’ਖ਼ਤਰੇ’’ ’ਚ ਹੈ, ਜਿਸ ਸਿਆਸੀ ਜਮਾਤ ਨੂੰ 1996 ਦੀ ਮੋਗਾ ਰੈਲੀ ਦੌਰਾਨ ਗੈਰ ਪੰਥਕ ਦੱਸਦਿਆਂ ਕੌਮ ਨੂੰ ਧੋਖਾ ਦੇਣ ਵੇਲੇ ਬਾਦਲਾਂ ਨੇ ਰੱਤੀ ਭਰ ਵੀ ਸੋਚਿਆ ਨਹੀਂ ਸੀ ਜਾਂ ਫਿਰ ਸਿਆਸੀ ਲਾਲਸਾ ਹੀ ਇੰਨੀ ਵਧ ਗਈ ਕਿ ਪੰਥ ਨੂੰ ਆਪਣੀ ਮਲਕੀਅਤ ਸਮਝ ਲਿਆ? ਸੁਖਬੀਰ ਨੂੰ ਗਿਆਤ ਹੋਣਾ ਚਾਹੀਦਾ ਹੈ ਕਿ ’ਅਕਾਲੀ’ ਕੇਵਲ ਜਥੇਬੰਦੀ ਦਾ ਨਾਮ ਨਹੀਂ ਇਕ ਸੋਚ ਹੈ, ਗੁਰਮਤਿ ਅਨੁਸਾਰੀ ਵਿਚਾਰਧਾਰਾ ਹੈ । ਅਕਾਲੀ ਦਲ ਸਿਆਸਤ ਕਰਨ ਲਈ ਨਹੀਂ ਬਣਾਇਆ ਗਿਆ ਸਗੋਂ ’’ਗੁਰਦੁਆਰਾ ਸੇਵਕ ਦਲ’’ ਵਜੋਂ ਗੁਰਧਾਮਾਂ ਦੀ ਸੇਵਾ ਨਿਭਾਉਣ ਲਈ ਬਣਾਇਆ ਗਿਆ ਸੀ। ਪੁਰਾਣੇ ਅਕਾਲੀ ਆਗੂ ਦੂਰ-ਅੰਦੇਸ਼, ਤਿਆਗੀ -ਬੈਰਾਗੀ ਅਤੇ ਪੰਥਕ ਕਦਰਾਂ ਕੀਮਤਾਂ ਦੇ ਧਾਰਨੀ ਸਨ। ਕੇਵਲ ਸੱਚੇ ਸੁੱਚੇ ਸਿੱਖ ਅਤੇ ਗੁਰਮਤਿ ਦੇ ਪੈਰੋਕਾਰਾਂ ਨੂੰ ਹੀ ਅਕਾਲੀ ਦਲ ਵਿਚ ਮੈਂਬਰ ਬਣਾਇਆ ਜਾਂਦਾ ਸੀ । ਕਿਸੇ ਨੂੰ ਅਹੁਦਿਆਂ ਦੀ ਝਾਕ ਨਹੀਂ ਸੀ। ਸਾਦ-ਮੁਰਾਦੇ ਜਥੇਦਾਰ ਉੱਚੇ ਇਖ਼ਲਾਕ ਵਾਲੇ ਅਤੇ ਪੰਥ ਵਸੇ ਮੈ ਉੱਜੜਾਂ ਵਾਲੇ ਅਸੂਲ ਪ੍ਰਸਤ ਸਨ। ਇਹ ਸਿਹਤਮੰਦ ਰਵਾਇਤਾਂ ਹੁਣ ਕਿਥੇ ਗਈਆਂ? ਸ਼ਹੀਦਾਂ ਦੀ ਰੱਤ ਵਿਚੋਂ ਪੈਦਾ ਹੋਇਆ ਤੇ ਸਮਰਪਿਤ ਲੀਡਰਸ਼ਿਪ ਦੀ ਅਗਵਾਈ ’ਚ ਪ੍ਰਵਾਨ ਚੜ੍ਹਿਆ ਅਕਾਲੀ ਦਲ ਅੱਜ ਕਿਸ ਦੇ ਕਾਰਨ ਡੂੰਘੇ ਸੰਕਟ ਅਤੇ ਹੋਂਦ ਦੀ ਚੁਨੌਤੀ ਨਾਲ ਜੂਝ ਰਿਹਾ ਹੈ? ਕੀ ਵੰਸ਼ਵਾਦ ਨੂੰ ਸਿਆਸਤ ’ਤੇ ਭਾਰੂ ਨਹੀਂ ਕਰ ਲਿਆ ਗਿਆ? ਅਕਾਲੀ ਦਲ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਸ ਦੇ ਮੁਖੀ ਨੇ ਆਪਣੇ ਫ਼ਰਜ਼ੰਦ ਨੂੰ ਜਾਨਸ਼ੀਨ ਬਣਾ ਲਿਆ ਹੋਵੇ?
ਅਕਾਲੀ ਦਲ ਦਾ ਸੰਕਟ ਅਸਲ ਵਿੱਚ ਬਾਦਲ ਪਰਿਵਾਰ ਦਾ ਸੰਕਟ ਹੈ। ਪਿਛਲੇ ਕਾਫ਼ੀ ਸਮੇਂ ਤੋਂ ਸੀਨੀਅਰ ਆਗੂਆਂ ਅੰਦਰ ਅਸੰਤੁਸ਼ਟੀ ਵਧਦੀ ਜਾ ਰਹੀ ਹੈ। ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਨੂੰ ਸੀ.ਈ.ਓ ਵਾਂਗ ਚਲਾਉਣ ਦੀ ਸ਼ੈਲੀ ਦਹਾਕਿਆਂ ਤੋਂ ਅਕਾਲੀ ਦਲ ਵਿਚ ਮੋਹਰੀ ਰਹੇ ਆਗੂਆਂ ਨੂੰ ਪ੍ਰੇਸ਼ਾਨ ਕਰਦੀ ਰਹੀ। ਲਗਾਤਾਰ ਹਾਰਾਂ ਪ੍ਰਤੀ ਮੰਥਨ ਲਈ ਤੁਹਾਡੇ ਵੱਲੋਂ ਬਣਾਈ ਗਈ ਝੂੰਦਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਕਿਸ ਆਕੜ ਤਹਿਤ ਲਾਗੂ ਕਰਨ ਤੋਂ ਆਕੀ ਹੋ? ਲੀਡਰਸ਼ਿਪ ਖ਼ਿਲਾਫ਼ ਬਗਾਵਤੀ ਸੁਰਾਂ ਉੱਠੀਆਂ ਪਰ ਬਾਦਲ ਪਰਿਵਾਰ ਟੱਸ ਤੋਂ ਮੱਸ ਨਹੀਂ ਹੋਇਆ। ਸੀਨੀਅਰ ਲੀਡਰਸ਼ਿਪ ਪਾਰਟੀ ਛੱਡ ਗਈ ਜਾਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਪੰਥ ਬਚਾਓ ਦੇ ਨਾਅਰੇ ਹੇਠ ਪਰਿਵਾਰ ਬਚਾਓ ’ਤੇ ਆ ਗਏ। ਕੁਝ ਸਾਲਾਂ ਦੌਰਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਚੋਟੀ ਦੇ ਆਗੂਆਂ ਦੀ ਤਾਨਾਸ਼ਾਹੀ ਸਿਆਸਤ ਕਾਰਨ ਅਕਾਲੀ ਦਲ ਅੰਦਰ ਨੈਤਿਕ ਨਿਘਾਰ, ਅਪਰਾਧੀਕਰਨ ਅਤੇ ਧਾੜਵੀ ਅਨਸਰਾਂ ਦੇ ਪ੍ਰਭਾਵ ਦਾ ਅਮਲ ਆਇਆ। ਫਿਰ ਪਾਰਟੀ ਵਰਕਰਾਂ ਤੋਂ ਨਿਮਰ ਅਤੇ ਸੁਹਜਮਈ ਹੋਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਚੋਣਾਂ ਦੌਰਾਨ ਟਿਕਟਾਂ ਦੇਣ ਲਈ ਲੋਕਾਂ ਨੂੰ ਜੇਲ੍ਹ ਜਾਣਾ ਜਾਂ ਕੁਰਬਾਨੀ ਦੇਣਾ ਮਾਪਦੰਡ ਹੁੰਦਾ ਸੀ। ਹੁਣ ਮਹਿੰਗੇ ਚਿੱਟੇ ਕੁੜਤੇ ਪਜਾਮੇ, ਬੂਟਾਂ, ਲੈਂਡ ਕਰੂਜ਼ਰ ਅਤੇ ਫਾਰਚੂਨਰ ਗੱਡੀਆਂ ਨਾਲ ਲੈਸ ਕਾਕਿਆਂ ਤੇ ਲੋਕਾਂ ਦਾ ਦਬਦਬਾ ਹੈ। ਤਾਂ ਹੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਕਿ ਅਕਾਲੀ ਦਲ ਕਿਸਾਨਾਂ ਕਿਰਤੀਆਂ ਦੀ ਪਾਰਟੀ ਸੀ ਜੋ ਹੁਣ ਸਰਮਾਏਦਾਰਾਂ ਨੇ ਸਾਂਭ ਲਈ ਹੈ। 1997, 2007 ਅਤੇ 2012 ’ਚ ਅਕਾਲੀ ਦਲ ਵੱਲੋਂ ਭਾਜਪਾ ਨਾਲ ਮਿਲ ਕੇ ਬਣਾਈਆਂ ਸਰਕਾਰਾਂ ਦੌਰਾਨ ਬੁਨਿਆਦੀ ਢਾਂਚੇ ਅਤੇ ਵਿਕਾਸ ਪੱਖੋਂ ਕੋਈ ਕਸਰ ਨਹੀਂ ਛੱਡੀ ਗਈ। ਪਰ ਕੀ ਇਹ ਸਚਾਈ ਨਹੀਂ ਕਿ ਅਕਾਲੀ ਦਲ ਸੱਤਾ ’ਚ ਆ ਕੇ ਮੂਲ ਸਿਧਾਂਤ, ਵਿਚਾਰਧਾਰਾ ਅਤੇ ਪੰਥ ਤੇ ਪੰਜਾਬ ਦੇ ਰਵਾਇਤੀ ਸਰੋਕਾਰਾਂ ਤੋਂ ਦੂਰ ਜਾਣ ਅਤੇ ਪੰਜਾਬ ’ਚ ਵਾਪਰੀਆਂ ਬੇਅਦਬੀਆਂ ਪ੍ਰਤੀ ਸਹੀ ਪਹੁੰਚ ਨਾ ਅਪਣਾਉਣ ਕਰ ਕੇ ਪੰਥਕ ਕੇਡਰ ਦੇ ਵਿਸ਼ਵਾਸ ਨੂੰ ਸੱਟ ਵੱਜੀ ਤੇ ਅਕਾਲੀ ਦਲ ਰਵਾਇਤੀ ਵੋਟ ਬੈਕ ਗਵਾ ਬੈਠਾ?
ਅਕਾਲੀ ਦਲ ਦੇ ਪ੍ਰਧਾਨ ਦੀ ਇਹ ਕਿੰਨੀ ਵਧੀਆ ਦਲੀਲ ਹੈ ਕਿ ਸਾਡੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਇਸ ਲਈ ਹੀ ਅਸੀਂ ਸੱਚੇ ਸਿੱਖ ਹਾਂ। ਫਿਰ ਤੁਹਾਨੂੰ ਸ਼ਬਦ ਗੁਰੂ ਦੀ ਬੇਅਦਬੀਆਂ ਨਾਲ ਸੰਬੰਧਿਤ ਮਾਮਲਿਆਂ ’ਚ ਅਦਾਲਤਾਂ ’ਚ ਕਿਉਂ ਧੱਕੇ ਖਾਣੇ ਪੈ ਰਹੇ ਹਨ? ਬਾਦਲ ਪਰਿਵਾਰ ਸੱਤਾ ਵਿਚ ਰਹਿਣ ਸਮੇਂ ਪੰਥਕ ਨਬਜ਼ ਨੂੰ ਨਹੀਂ ਪਛਾਣ ਸਕਿਆ, ਜਿਨ੍ਹਾਂ ਦੇ ਸਹਾਰੇ ਸਿਆਸੀ ਤਾਕਤ ਹਾਸਲ ਕੀਤੀ ਗਈ ਸੀ। ਉਨ੍ਹਾਂ ਸੰਸਥਾਵਾਂ ਅਦਾਰਿਆਂ ਜਿਨ੍ਹਾਂ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਸ਼ਾਮਿਲ ਹਨ ਦੀ ਸਵਾਰਥੀ ਹਿਤਾਂ ਲਈ ਵਰਤੋਂ ਕੀਤੀ। ਸੌਦਾ ਸਾਧ ਨੂੰ ਬਿਨਾ ਮੰਗਿਆ ਮੁਆਫ਼ੀ ਦਿਵਾਉਣ ਦਾ ਕਾਰਾ ਪੰਥ ’ਚ ਰੋਹ ਦਾ ਕਾਰਨ ਬਣਿਆ। ਸੰਗਤ ਨੇ ਮਨਜ਼ੂਰ ਨਹੀਂ ਕੀਤਾ ਤਾਂ ਮੁਆਫ਼ੀ ਰੱਦ ਕਰਨੀ ਪਈ ।
ਮੈ ਇਹ ਨਹੀਂ ਕਹਿੰਦਾ ਲੋਕਾਂ ਦੇ ਪੁੱਤ ਮਰਵਾ ਕੇ ਰਾਜ ਭਾਗ ਦੇ ਦਾਅ ਲਾਉਣੇ ਧਰਮ ਬਣਾ ਲਿਆ ਗਿਆ, ਪਰ ਇਹ ਵੀ ਤਾਂ ਦੱਸੋ ਕਿ ਸਿੱਖ ਨੌਜਵਾਨਾਂ ਦਾ ਘਾਣ ਕਰਨ ਲਈ ਜਾਣੇ ਜਾਂਦੇ ਸੁਮੇਧ ਸੈਣੀ ਨੂੰ ਡੀ ਜੀ ਪੀ ਅਤੇ “ਆਲਮ ਸੈਨਾ” ਬਣਾਉਣ ਵਾਲੇ ਬਦਨਾਮ ਪੁਲਿਸ ਅਫ਼ਸਰ ਇਜ਼ਹਾਰ ਆਲਮ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਕਿਸ ਨੇ ਬਣਾਇਆ? ਪੰਥ ਨਾਲ ਕੀਤੇ ਗਏ ਧ੍ਰੋਹ ਦੀ ਲੜੀ ਦਾ ਇਕ ਹੋਰ ਪੱਖ ਜੋ 1997 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਅਕਾਲੀ ਦਲ ਦੇ ਚੋਣ ਐਲਾਨਨਾਮੇ ਵਿਚ ਪੰਜਾਬ ਵਿਚ ਵਾਪਰੇ ਦੁਖਾਂਤ ਦੀ ਗਹਿਰਾਈ ਤੱਕ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ’’ਨਿਆਇਕ ਕਮਿਸ਼ਨ’’ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਸੱਤਾ ਵਿਚ ਆਉਂਦਿਆਂ ਆਪਣੇ ਸੁਭਾਅ ਮੁਤਾਬਿਕ ‘ਪੁਰਾਣੇ ’ਤੇ ਮਿੱਟੀ ਪਾਓ, ਹੁਣ ਅੱਗੇ ਵੱਲ ਸੋਚੀਏ’ ਉੱਤੇ ਬਾਦਲਾਂ ਵੱਲੋਂ ਅਮਲ ਕਰਨ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ? ਜਥੇਦਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਪ੍ਰਸਾਰਨ ਲਈ ਆਪਣਾ ਚੈਨਲ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਤਾਂ ਵੀ ਨਿੱਜੀ ਚੈਨਲ ਰਾਹੀਂ ਗੁਰਬਾਣੀ ’ਤੇ ਏਕਾਧਿਕਾਰ ਜਮਾਈ ਰੱਖਿਆ ਗਿਆ। ਬਾਦਲ ਪਰਿਵਾਰ ਦੇ ਦਸ ਵਰ੍ਹਿਆਂ ਦੇ ਰਾਜ ਦੌਰਾਨ ਪੰਜਾਬ ਨਸ਼ਿਆਂ ਦੀ ਦਲਦਲ ’ਚ ਡੂੰਘਾ ਧਸ ਗਿਆ । ਹਜ਼ਾਰਾਂ ਨੌਜਵਾਨ ਨਸ਼ਿਆਂ ਕਾਰਨ ਆਪਣੀ ਜ਼ਿੰਦਗੀ ਬਰਬਾਦ ਕਰਨ ਦੇ ਰਾਹ ਤੁਰ ਪਏ । ਅੱਜ ਨਸ਼ਿਆਂ ਦੇ ਪ੍ਰਚਲਣ ਬਾਰੇ ਗਲ ਕਰਨ ਦਾ ਬਾਦਲਾਂ ਨੂੰ ਕੀ ਅਧਿਕਾਰ ਹੈ, ਜਿਨ੍ਹਾਂ ਦੇ ਆਪਣੇ ਸਾਥੀ ਡਰੱਗ ਦੇ ਕੇਸਾਂ ’ਚ ਜ਼ਮਾਨਤ ’ਤੇ ਬਾਹਰ ਹਨ।
ਗੁਰੂ ਅਤੇ ਪੰਥ ਨਾਲ ਕੀਤੇ ਗਏ ਧੋਖਿਆਂ, ਜਿਨ੍ਹਾਂ ਲਈ ਬਾਦਲਾਂ ਨੇ ਵਾਰ ਵਾਰ ਮੁਆਫੀਆਂ ਵੀ ਮੰਗੀਆਂ, 2018 ’ਚ ਭੁੱਲ ਬਖ਼ਸ਼ਾਉਣ ਦੇ ਨਾਂ ‘ਤੇ ਇਸ ਪਰਿਵਾਰ ਨੇ ਜੋ ਕੁਝ ਕੀਤਾ, ਉਸ ਦੀ ਬੜੀ ਤਿੱਖੀ ਨੁਕਤਾਚੀਨੀ ਹੋਈ ਅਤੇ ਵਧੇਰੇ ਲੋਕਾਂ ਨੇ ਇਸ ਨੂੰ ਕੋਰਾ- ਪਖੰਡ ਕਰਾਰ ਦਿੱਤਾ, ਕਿਉਂਕਿ ਕੀਤੀਆਂ ਭੁੱਲਾਂ ਬਾਰੇ ਦੱਸਿਆ ਹੀ ਨਹੀਂ ਗਿਆ ਸੀ? ਨਾ ਹੀ ਉਨ੍ਹਾਂ ਕੋਲ ਕੋਈ ਜਵਾਬ ਸੀ। ਪਿਛਲੇ ਕਈ ਸਾਲਾਂ ਤੋਂ ਆਪਣੇ ਇਤਿਹਾਸਕ ਅਤੇ ਪੰਥਕ ਏਜੰਡੇ ਤੋਂ ਲਗਾਤਾਰ ਪਿੱਛੇ ਹਟਦਾ ਆ ਰਿਹਾ ਅਕਾਲੀ ਦਲ ਹੁਣ ਆਪਣੇ ਰਵਾਇਤੀ ਪੰਥਕ ਸਰੂਪ ਅਤੇ ਰਾਜਨੀਤੀ ਵੱਲ ਮੁੜਨਾ ਚਾਹੁੰਦਾ ਹੈ, ਪਰ ਪਿਛਲੇ ਤਿੰਨ ਦਹਾਕਿਆਂ ਦੇ ਪੈਂਤੜਿਆਂ ਕਾਰਨ ਉਹ ਸਫਲ ਨਹੀਂ ਹੋ ਰਹੇ ਹਨ। ਸਥਿਤੀ ਤੋਂ ਹਤਾਸ਼ ਹੋਏ ਸੁਖਬੀਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਪਣੀ ਹਰ ਅਸਫਲਤਾ ਦਾ ਦੋਸ਼ ਭਾਜਪਾ ‘ਤੇ ਮੜ੍ਹ ਕੇ ਆਪਣੇ ਆਪ ਨੂੰ ਸੁਰਖ਼ਰੂ ਨਹੀਂ ਕੀਤਾ ਜਾ ਸਕਦਾ। ਸ਼ੁਰ੍ਹਲੀਆਂ ਬੇਸ਼ੱਕ ਛੱਡੋ, ਪਰ ਭਾਜਪਾ ਨੂੰ ਝੂਠ ਦੇ ਅਧਾਰ ’ਤੇ ਬੇਵਜ੍ਹਾ ਕੋਸਦਿਆਂ ”ਯਾਰੀ ਲੱਗੀ ਤੋਂ ਲਵਾ ‘ਤੇ ਤਖ਼ਤੇ, ਟੁੱਟੀ ਤੋਂ ਚੁਗਾਠ ਪੱਟ ਲਈ’’ ਵਾਲੀ ਗਲ ਤੁਹਾਨੂੰ ਸੋਭਦਾ ਨਹੀਂ ਹੈ। ਮੇਰੀ ਤਾਂ ਅਪੀਲ ਹੈ,’ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥’
( ਪ੍ਰੋ: ਸਰਚਾਂਦ ਸਿੰਘ ਖਿਆਲਾ, ਮੀਡੀਆ ਪੈਨਲਿਸਟ ਪੰਜਾਬ ਭਾਜਪਾ, 9781355522 )