ਚੰਡੀਗੜ੍ਹ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ) : ਪੰਜਾਬ ਦੇ ਮੋਹਾਲੀ ਵਿੱਚ ਪੁਲਿਸ ਨੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਅੱਤਵਾਦੀ ਅਰਸ਼ਦੀਪ ਡੱਲਾ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਉਰਫ ਦੀਪਾ ਵਾਸੀ ਪਿੰਡ ਢੁੱਡੀਕੇ (ਮੋਗਾ) ਅਤੇ ਸੌਰਭ ਕੁਮਾਰ ਉਰਫ ਸਾਬੀ ਵਾਸੀ (ਲੁਧਿਆਣਾ) ਵਜੋਂ ਹੋਈ ਹੈ। ਦੋਵਾਂ ਖ਼ਿਲਾਫ਼ ਥਾਣਾ ਸਦਰ ਖਰੜ ਵਿੱਚ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਦੋਵੇਂ ਮੁਲਜ਼ਮ ਧਮਕੀਆਂ ਦੇਣ ਆਏ ਸਨ
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਦੋਸ਼ੀ ਵਿਦੇਸ਼ ‘ਚ ਸਥਿਤ ਇੱਕ ਅੱਤਵਾਦੀ ਦੇ ਇਸ਼ਾਰੇ ‘ਤੇ ਕਿਸੇ ਨੂੰ ਧਮਕੀ ਦੇਣ ਲਈ ਇਲਾਕੇ ‘ਚ ਆਏ ਸਨ। ਉਹ ਇਸ ਇਲਾਕੇ ਦੀ ਰੇਕੀ ਕਰ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਦੋਵੇਂ ਮੁਲਜ਼ਮ ਪਹਿਲਾਂ ਤੋਂ ਹੀ ਪੁਲਿਸ ਦੇ ਰਾਡਾਰ ‘ਤੇ ਸਨ ਪੁਲਿਸ ਪਹਿਲਾਂ ਤੋਂ ਹੀ ਉਨ੍ਹਾਂ ‘ਤੇ ਨਜ਼ਰ ਰੱਖ ਰਹੀ ਸੀ। ਸੋਮਵਾਰ ਰਾਤ ਪੁਲਿਸ ਨੂੰ ਦੋਵੇਂ ਮੁਲਜ਼ਮਾਂ ਦੇ ਪਿੰਡ ਖਾਨਪੁਰ ਦੇ ਕੈਪਟਨ ਚੌਕ ਨੇੜੇ ਘੁੰਮਣ ਦੀ ਸੂਚਨਾ ਮਿਲੀ ਸੀ। ਪੁਲਸ ਨੇ ਮੌਕੇ ‘ਤੇ ਜਾ ਕੇ ਦੋਵਾਂ ਤੋਂ ਪੁੱਛਗਿੱਛ ਕੀਤੀ। ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ .32 ਬੋਰ ਦਾ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਹੋਏ।
ਮੁਲਜ਼ਮਾਂ ਖ਼ਿਲਾਫ਼ ਪੰਜਾਬ ਵਿੱਚ ਪਹਿਲਾਂ ਵੀ ਕਈ ਕੇਸ ਦਰਜ
ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਲੁਧਿਆਣਾ ਅਤੇ ਮੋਗਾ ਵਿੱਚ ਕਈ ਕੇਸ ਦਰਜ ਹਨ। ਇਨ੍ਹਾਂ ਮਾਮਲਿਆਂ ਵਿੱਚ ਭਗੌੜੇ ਚੱਲ ਰਹੇ ਹਨ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲੀਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਪੁਲਿਸ ਇਨ੍ਹਾਂ ਤੋਂ ਪਤਾ ਲਗਾਵੇਗੀ ਕਿ ਉਨ੍ਹਾਂ ਨੇ ਟ੍ਰਾਈਸਿਟੀ ਵਿਚ ਕਿਹੜੇ-ਕਿਹੜੇ ਲੋਕਾਂ ਨੂੰ ਡਰਾ ਧਮਕਾ ਕੇ ਅਰਸ਼ ਡੱਲਾ ਦੇ ਨਾਂਅ ‘ਤੇ ਫਿਰੌਤੀ ਦੀ ਰਕਮ ਵਸੂਲੀ ਹੈ |