ਨਵੀਂ ਦਿੱਲੀ ਤੋਂ ਏਜੰਸੀ ਦੀ ਖ਼ਬਰ ਅਨੁਸਾਰ ਭਾਰਤ ’ਚ ਮੈਡੀਕਲ ’ਚ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ ਹੁਣ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸਮੇਤ ਦੁਨੀਆ ’ਚ ਕਿਤੇ ਵੀ ਡਾਕਟਰੀ ਕਰ ਸਕਣਗੇ। ਹੁਣ ਉਨ੍ਹਾਂ ਨੂੰ ਕਿਸੇ ਵੀ ਦੇਸ਼ ਤੋਂ ਮੈਡੀਕਲ ’ਚ ਪੋਸਟ ਗ੍ਰੈਜੂਏਸ਼ਨ ਕਰਨ ਵਿਚ ਵੀ ਸੌਖ ਹੋਵੇਗੀ ਕਿਉਂਕਿ ਭਾਰਤ ਦੀ ਰਾਸ਼ਟਰੀ ਮੈਡੀਕਲ ਪ੍ਰੀਸ਼ਦ (ਐੱਨਐੱਮਸੀ) ਨੂੰ ਵਿਸ਼ਵ ਮੈਡੀਕਲ ਸਿੱਖਿਆ ਸੰਘ (ਡਬਲਯੂਐੱਫਐੱਮਈ) ਨੇ ਆਪਣੀ ਮਾਨਤਾ ਦੇ ਦਿੱਤੀ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ ਐੱਨਐੱਮਸੀ ਵੱਲੋਂ ਰੈਗੂਲੇਟ) 706 ਮੈਡੀਕਲ ਕਾਲਜ ਤੇ ਹੁਣ ਡਬਲਯੂਐੱਫਐੱਮਈ ਮਾਨਤਾ ਪ੍ਰਾਪਤ ਹੋਣਗੇ। ਅਗਲੇ 10 ਸਾਲਾਂ ’ਚ ਸਥਾਪਿਤ ਕੀਤੇ ਜਾਣ ਵਾਲੇ ਨਵੇਂ ਮੈਡੀਕਲ ਕਾਲਜਾਂ ਨੂੰ ਵੀ ਆਪਣੇ ਆਪ ਡਬਲਯੂਐੱਫਐੱਮਈ ਦੀ ਮਾਨਤਾ ਮਿਲ ਜਾਵੇਗੀ।
ਐੱਨਐੱਮਸੀ ’ਚ ਨੀਤੀ ਤੇ ਮੈਡੀਕਲ ਰਜਿਸਟ੍ਰੇਸ਼ਨ ਬੋਰਡ ਦੇ ਮੈਂਬਰ ਡਾ. ਯੋਗੇਂਦਰ ਮਲਿਕ ਨੇ ਦੱਸਿਆ ਕਿ ਇਹ ਮਾਨਤਾ ਮਿਲਣ ਨਾਲ ਸਾਡੇ ਵਿਦਿਆਰਥੀਆਂ ਨੂੰ ਦੁਨੀਆ ’ਚ ਕਿਤੇ ਵੀ ਕਰੀਅਰ ਬਣਾਉਣ ਦਾ ਮੌਕਾ ਮਿਲੇਗਾ। ਨਾਲ ਹੀ ਵਿਸ਼ਵ ਪੱਧਰ ਦੀ ਮਾਨਤਾ ਮਿਲਣ ਨਾਲ ਭਾਰਤ ਕੌਮਾਂਤਰੀ ਵਿਦਿਆਰਥੀਆਂ ਲਈ ਵੀ ਆਕਰਸ਼ਕ ਸਥਾਨ ਬਣੇਗਾ। ਮਾਨਤਾ ਤਹਿਤ ਐੱਨਐੱਮਸੀ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਪੱਤਰ ਤੇ ਸਰਟੀਫਿਕੇਟ ਦਿੱਤਾ ਜਾਵੇਗਾ।
ਮੰਤਰਾਲੇ ਨੇ ਕਿਹਾ ਕਿ ਡਬਲਯੂਐੱਫਐੱਮਈ ਮਾਨਤਾ ਨਾਲ ਭਾਰਤ ’ਚ ਮੈਡੀਕਲ ਸਿੱਖਿਆ ਦੀ ਗੁਣਵੱਤਾ ਤੇ ਮਾਨਕਾਂ ’ਚ ਹੋਰ ਸੁਧਾਰ ਹੋਵੇਗਾ। ਇਸ ਮਾਨਤਾ ਨਾਲ ਭਾਰਤ ’ਚ ਗ੍ਰੈਜੂਏਸ਼ਨ ਮੈਡੀਕਲ ਕੋਰਸਾਂ ’ਚ ਰਜਿਸਟਰਡ ਵਿਦਿਆਰਥੀਆਂ ਨੂੰ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ’ਚ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਜਾਂ ਇਲਾਜ ਕਰਨ ਦਾ ਮੌਕਾ ਹਾਸਲ ਹੋਵੇਗਾ, ਜਿੱਥੇ ਡਬਲਯੂਐੱਫਐੱਮਈ ਮਾਨਤਾ ਦੀ ਜ਼ਰੂਰਤ ਪੈਂਦੀ ਹੈ। ਅਧਿਕਾਰੀਆਂ ਮੁਤਾਬਕ ਇਸ ਮਾਨਤਾ ਨਾਲ ਭਾਰਤੀ ਮੈਡੀਕਲ ਯੂਨੀਵਰਸਿਟੀਆਂ, ਪੇਸ਼ੇਵਰਾਂ ਦੀ ਕੌਮਾਂਤਰੀ ਪੱਧਰ ’ਤੇ ਮਾਨਤਾ ਤੇ ਭਰੋਸੇਯੋਗਤਾ ਵਧੇਗੀ। ਨਾਲ ਹੀ ਵਿੱਦਿਅਕ ਲੈਣ-ਦੇਣ ਤੇ ਤਾਲਮੇਲ ਦੀ ਸਹੂਲਤ ਵੀ ਮਿਲੇਗੀ। ਡਬਲਯੂਐੱਫਐੱਮਈ ਆਲਮੀ ਸੰਗਠਨ ਹੈ ਜਿਹੜਾ ਦੁਨੀਆ ਭਰ ’ਚ ਮੈਡੀਕਲ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਲਈ ਸਮਰਪਿਤ ਹੈ।