ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਦਾ ਦਾਅਵਾ ਹੈ ਕਿ ਮੋਦੀ ਸਰਕਾਰ ਨੇ ਸੰਵਿਧਾਨ ਤੋਂ ਧਰਮ ਨਿਰਪੱਖ ਅਤੇ ਸਮਾਜਵਾਦੀ ਸ਼ਬਦਾਂ ਨੂੰ ਗਾਇਬ ਕਰ ਦਿੱਤਾ ਹੈ
ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਸੰਵਿਧਾਨ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ 19 ਸਤੰਬਰ 2023 ਨੂੰ ਸੰਸਦ ਮੈਂਬਰਾਂ ਨੂੰ ਦਿੱਤੀ ਗਈ ਸੰਵਿਧਾਨ ਦੀ ਕਾਪੀ ‘ਚੋਂ ‘ਧਰਮ ਨਿਰਪੱਖ’ ਅਤੇ ‘ਸਮਾਜਵਾਦੀ’ ਸ਼ਬਦ ਗਾਇਬ ਹਨ।
ਲੋਕ ਸਭਾ ਵਿਚ ਕਾਂਗਰਸ ਸੰਸਦੀ ਦਲ ਦੇ ਨੇਤਾ ਚੌਧਰੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, “ਅੱਜ ਸਾਨੂੰ ਜੋ ਨਵਾਂ ਸੰਵਿਧਾਨ ਦਿੱਤਾ ਗਿਆ ਹੈ, ਜਿਸ ਸੰਵਿਧਾਨ ਨਾਲ ਅਸੀਂ (ਨਵੇਂ ਸੰਸਦ ਭਵਨ) ਵਿਚ ਦਾਖਲ ਹੋਏ ਹਾਂ, ਉਸ ਵਿਚ ‘ਸਮਾਜਵਾਦੀ, ਧਰਮ ਨਿਰਪੱਖ’ ਸ਼ਬਦ ਨਹੀਂ ਹਨ। ਅਸੀਂ ਜਾਣਦੇ ਹਾਂ ਕਿ ਇਹ ਸ਼ਬਦ 1976 ਵਿੱਚ ਇੱਕ ਸੋਧ ਤੋਂ ਬਾਅਦ ਜੋੜੇ ਗਏ ਸਨ, ਪਰ ਜੇਕਰ ਅੱਜ ਕੋਈ ਸਾਨੂੰ ਸੰਵਿਧਾਨ ਦਿੰਦਾ ਹੈ ਅਤੇ ਇਹ ਸ਼ਬਦ ਨਹੀਂ ਹਨ, ਤਾਂ ਇਹ ਚਿੰਤਾ ਦੀ ਗੱਲ ਹੈ।”
ਅਧੀਰ ਰੰਜਨ ਚੌਧਰੀ ਨੇ ਇਸ ਸਬੰਧੀ ਸੱਤਾਧਾਰੀ ਭਾਜਪਾ ਦੀ ਨੀਅਤ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਬਹੁਤ ਸੋਚ ਸਮਝ ਕੇ ਕੀਤਾ ਗਿਆ ਹੈ। ਇਹ ਬਹੁਤ ਹੀ ਚਲਾਕੀ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਵਾਰ-ਵਾਰ ਮੌਕਾ ਲੱਭ ਰਹੇ ਸਨ, ਪਰ ਪਹਿਲਾਂ ਅਜਿਹਾ ਨਹੀਂ ਕਰ ਸਕੇ। ਹੁਣ ਸਰਕਾਰ ਵਿੱਚ ਬੈਠੇ ਲੋਕ ਕਹਿਣਗੇ ਕਿ ਇਹ ਤਾਂ ਦਿੱਤਾ ਗਿਆ ਸੀ, ਜਦੋਂ ਦਿੱਤਾ ਗਿਆ ਸੀ ਉਦੋਂ ਮੁੱਦਾ ਨਹੀਂ ਬਣਾਇਆ , ਹੁਣ ਇਸਨੂੰ ਮੁੱਦਾ ਕਿਉਂ ਬਣਾ ਰਹੇ ਹੋ।
ਕਾਂਗਰਸੀ ਸਾਂਸਦ ਚੌਧਰੀ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਕੋਲ ਇੱਕ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਮੁਤਾਬਕ ਉਨ੍ਹਾਂ ਨੇ ਇਸ ਬਾਰੇ ਰਾਹੁਲ ਗਾਂਧੀ ਨੂੰ ਵੀ ਜਾਣੂ ਕਰ ਦਿੱਤਾ ਹੈ।