ਕੇਸਰੀ ਨਿਊਜ਼ ਨੈੱਟਵਰਕ- ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ (TDP) ਦੇ ਮੁਖੀ ਐਨ. ਚੰਦਰਬਾਬੂ ਨਾਇਡੂ ਨੂੰ ਅਪਰਾਧਿਕ ਜਾਂਚ ਵਿਭਾਗ (CID ) ਨੇ ਸ਼ਨੀਵਾਰ ਸਵੇਰੇ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਕੀਤੀ ਗਈ ਹੈ। ਅੱਜ ਸਵੇਰੇ ਜਦੋਂ ਪੁਲਿਸ ਅਧਿਕਾਰੀਆਂ ਦੀ ਟੀਮ ਟੀਡੀਪੀ ਆਗੂ ਨੂੰ ਹਿਰਾਸਤ ਵਿੱਚ ਲੈਣ ਪਹੁੰਚੀ ਤਾਂ ਭਾਰੀ ਹੰਗਾਮਾ ਹੋ ਗਿਆ।
ਪਾਰਟੀ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਚੰਦਰਬਾਬੂ ਨੂੰ ਓਰਾਵਕਲ ਹਵਾਈ ਅੱਡੇ ਤੋਂ ਫਲਾਈਟ ਰਾਹੀਂ ਵਿਜੇਵਾੜਾ ਲੈ ਜਾਵੇਗੀ। ਹਾਲਾਂਕਿ ਚੰਦਰਬਾਬੂ ਨੇ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਸਖਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਗ੍ਰਿਫਤਾਰੀ ਬਿਨਾਂ ਕਿਸੇ ਦੋਸ਼ ਦਾ ਸਬੂਤ ਦਿਖਾਏ ਕੀਤੀ ਗਈ ਹੈ। ਚੰਦਰਬਾਬੂ ਨੇ ਕਿਹਾ ਕਿ ਸਬੂਤ ਪੇਸ਼ ਕੀਤੇ ਜਾਣ ‘ਤੇ ਹੀ ਉਹ ਕਾਨੂੰਨ ਦਾ ਸਾਥ ਦੇਣਗੇ ।