SFJ ਦੇ ਪੰਨੂ ਨੇ G-20 ਸੰਮੇਲਨ ਤੋਂ ਪਹਿਲਾਂ ਸੱਤ ਹਜ਼ਾਰ ਡਾਲਰ ਦੀ ਪੇਸ਼ਕਸ਼ ਕੀਤੀ ਸੀ
• ਨਵੀਂ ਦਿੱਲੀ: (ਕੇਸਰੀ ਨਿਊਜ਼ ਨੈੱਟਵਰਕ): ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦਿੱਲੀ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ ‘ਤੇ ਦੇਸ਼ ਵਿਰੋਧੀ ਨਾਅਰੇ ਲਿਖਣ ਵਾਲੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਪ੍ਰੀਤਪਾਲ ਸਿੰਘ ਉਰਫ਼ ਕਾਕਾ (30) ਵਾਸੀ ਫ਼ਰੀਦਕੋਟ, ਰਾਜਵਿੰਦਰ ਉਰਫ਼ ਕਾਲੇ ਵਾਸੀ ਪਿੰਡ ਡੋਡ ਫ਼ਰੀਦਕੋਟ, ਰਜਿੰਦਰ ਸਿੰਘ ਵਾਸੀ ਪਿੰਡ ਗੋਂਦਾਰਾ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਪ੍ਰੀਤਪਾਲ ਨੇ ਐਮਏ ਅਤੇ ਐਲਐਲਬੀ ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਇਲਾਵਾ ਉਸਨੇ ਫੋਰੈਂਸਿਕ ਸਾਇੰਸ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਵੀ ਕੀਤਾ ਹੋਇਆ ਹੈ।
ਸਿੱਖ ਫਾਰ ਜਸਟਿਸ ਦੇ ਮੁਖੀ ਪੰਨੂ ਦੇ ਕਹਿਣ ‘ਤੇ ਮੈਟਰੋ ਸਟੇਸ਼ਨਾਂ ‘ਤੇ ਖਾਲਿਸਤਾਨ ਦੇ ਸਮਰਥਨ ‘ਚ ਨਾਅਰੇ ਲਿਖੇ ਗਏ। ਇਸ ਦੇ ਲਈ ਉਸ ਨੂੰ ਕਰੀਬ ਚਾਰ ਲੱਖ ਰੁਪਏ ਮਿਲੇ ਸਨ। ਸਪੈਸ਼ਲ ਸੀਪੀ ਹਰਗੋਵਿੰਦ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦਿੱਲੀ ਦੇ ਕਈ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ ‘ਤੇ ਇਤਰਾਜ਼ਯੋਗ ਨਾਅਰੇ ਲਿਖੇ ਗਏ ਸਨ। 27 ਅਗਸਤ ਨੂੰ SFJ ਹੈਂਡਲਰ ਗੁਰਪਤਵੰਤ ਸਿੰਘ ਪੰਨੂ ਨੇ ਕੁਝ ਵੀਡੀਓਜ਼ ਪੋਸਟ ਕੀਤੀਆਂ ਸਨ। ਘਟਨਾ ਤੋਂ ਬਾਅਦ ਅੱਤਵਾਦੀ ਪੰਨੂ ਨੇ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ। ਸਪੈਸ਼ਲ ਸੈੱਲ ਦੀ ਟੀਮ 30 ਅਗਸਤ ਨੂੰ ਬਠਿੰਡਾ ਪਹੁੰਚੀ ਅਤੇ ਦੋ ਸ਼ੱਕੀਆਂ ਨੂੰ ਕਾਬੂ ਕੀਤਾ। ਇਸ ਮਾਮਲੇ ਵਿੱਚ ਰਜਿੰਦਰ ਸਿੰਘ ਨੂੰ ਵੀਰਵਾਰ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।