ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੋਜ਼ਗਾਰ ਮੇਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ 51,000 ਤੋਂ ਵੱਧ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਵੀ ਸੰਬੋਧਨ ਕੀਤਾ।
ਇਹ ਨੌਕਰੀ ਮੇਲਾ ਦੇਸ਼ ਭਰ ਵਿੱਚ 45 ਥਾਵਾਂ ’ਤੇ ਲਗਾਇਆ ਗਿਆ। ਇਸ ਰੋਜ਼ਗਾਰ ਮੇਲਾ ਪ੍ਰੋਗਰਾਮ ਰਾਹੀਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.), ਸੀਮਾ ਸੁਰੱਖਿਆ ਬਲ (ਬੀ.ਐਸ.ਐਫ.), ਸਸ਼ਤ੍ਰ ਸੀਮਾ ਬਲ (ਐਸ.ਐਸ.ਬੀ.), ਅਸਾਮ ਰਾਈਫਲਜ਼, ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.), ਇੰਡੋ ਤਿੱਬਤੀਅਨ ਬਾਰਡਰ ਪੁਲਿਸ ( ITBP) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਨਾਲ-ਨਾਲ ਦਿੱਲੀ ਪੁਲਿਸ ਵਿੱਚ ਕਰਮਚਾਰੀਆਂ ਦੀ ਭਰਤੀ ਕੀਤੀ ਹੈ।
ਨਵੇਂ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ IGOT ਕਰਮਯੋਗੀ ਪੋਰਟਲ ‘ਤੇ ਇੱਕ ਔਨਲਾਈਨ ਮਾਡਿਊਲ ‘ਕਰਮਯੋਗੀ ਪ੍ਰਧਾਨ’ ਰਾਹੀਂ ਆਪਣੇ ਆਪ ਨੂੰ ਸਿਖਲਾਈ ਦੇਣ ਦਾ ਮੌਕਾ ਵੀ ਮਿਲ ਰਿਹਾ ਹੈ। ਜਿੱਥੇ 673 ਤੋਂ ਵੱਧ ਈ-ਲਰਨਿੰਗ ਕੋਰਸ ‘ਕਿਸੇ ਵੀ ਥਾਂ ‘ਤੇ ਕਿਸੇ ਵੀ ਡਿਵਾਈਸ’ ਸਿੱਖਣ ਦੇ ਫਾਰਮੈਟ ਲਈ ਉਪਲਬਧ ਕਰਵਾਏ ਗਏ ਹਨ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੀਐਮ ਮੋਦੀ ਨੇ ਕਿਹਾ ਸੀ ਕਿ ‘ਰੋਜ਼ਗਾਰ ਮੇਲਾ ਰੋਜ਼ਗਾਰ ਸਿਰਜਣ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਸਾਡੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਕੜੀ ਵਿੱਚ ਅੱਜ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡਣ ਦਾ ਮੌਕਾ ਮਿਲੇਗਾ।