ਕੇਸਰੀ ਨਿਊਜ਼ ਨੈੱਟਵਰਕ– ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਤੀਆਂ ਦਾ ਤਿਓਹਾਰ ਧੂਮ ਥਾਮ ਨਾਲ ਮਨਾਇਆ ਗਿਆ। ਉਤਸ਼ਾਹ ਭਰਿਆ ਇਹ ਤਿਓਹਾਰ ਵਿਦਿਆਰਥੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੀ ਰਚਨਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਮਨਾਇਆ ਗਿਆ। ਕੈਂਪਸ ਵਿਖੇ ਰੰਗ-ਬਿਰੰਗੀ ਸਜਾਵਟ ਨਾਲ ਤੀਜ ਦੀ ਰੌਣਕ ਦੇਖਣ ਯੋਗ ਸੀ। ਵੱਖਰੇ ਵੱਖਰੇ ਖਾਣੇ ਦੇ ਸਟਾਲ, ਚੂੜੀਆਂ ਅਤੇ ਥੀਮ-ਅਧਾਰਿਤ ਸਜਾਵਟ ਦੇਖਣ ਨੂੰ ਮਿਲੀ।
ਕਲਚਰਲ ਡਿਪਾਰਟਮੈਂਟ ਵੱਲੋਂ ਸੱਭਿਆਚਾਰਕ ਵਿਰਸੇ ਝਲਕ ਗਿੱਧੇ ਰਾਹੀਂ ਪੇਸ਼ ਕੀਤੀ ਗਈ। ਸੀਟੀ ਮਿਊਜ਼ੀਕਲ ਸੋਸਾਇਟੀ ਨੇ ਸੁਰੀਲੇ ਗੀਤਾਂ ਨਾਲ ਤਿਉਹਾਰ ਦੀ ਰੌਣਕ ਨੂੰ ਚਾਰ ਚਨ ਲਗਾਏ। ਇਸ ਤੋਂ ਇਲਾਵਾ, ਮਹਿਲਾ ਫੈਕਲਟੀ ਮੈਂਬਰਾਂ ਨੇ ਸ਼ਾਨਦਾਰ ਰੈਂਪ ਵਾਕ ਰਾਹੀਂ ਪੰਜਾਬ ਦੇ ਰੰਗਾਂ ਨੂੰ ਪੇਸ਼ ਕੀਤਾ। ਇਸ ਸਮਾਗਮ ਵਿੱਚ ਹਲਕਾ ਨਕੋਦਰ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਅਤੇ ਪੰਜਾਬ ਸਟੇਟ ਕੰਟੇਨਰ ਐਂਡ ਵੇਅਰ ਹਾਊਸ ਕਾਰਪੋਰੇਸ਼ਨ ਲਿਮਟਿਡ ਦੀ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੀਟੀ ਗਰੁੱਪ ਦੀ ਕੋ-ਚੇਅਰਪਰਸਨ ਪਰਮਿੰਦਰ ਕੌਰ ਚੰਨੀ, ਰਿਸਰਚ ਐਂਡ ਇਨੋਵੇਸ਼ਨ ਦੇ ਨਿਰਦੇਸ਼ਕ ਡਾ. ਧਾਮੀ ਅਤੇ ਕੋਰ ਟੀਮ ਮੈਂਬਰ ਸ਼੍ਰੀਮਤੀ ਤਨਿਕਾ ਚੰਨੀ ਸਮੇਤ ਇਸ ਮੌਕੇ ਖਾਸ ਤੌਰ ‘ਤੇ ਪਹੁੰਚੇ। ਉਨ੍ਹਾਂ ਦੀ ਹਾਜ਼ਰੀ ਨੇ ਇਸ ਮੌਕੇ ਦਾ ਮਾਣ ਵਧਾਇਆ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੱਭਿਆਚਾਰਕ ਯਤਨਾਂ ਵਿੱਚ ਉਤਸ਼ਾਹਿਤ ਕੀਤਾ। ਇੰਦਰਜੀਤ ਕੌਰ ਮਾਨ, ਵਿਧਾਇਕ ਨਕੋਦਰ ਨੇ ਸਮਾਗਮ ਦੀ ਸਫਲਤਾ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਕਿਹਾ ਕਿ ਤੀਜ ਸਿਰਫ਼ ਇੱਕ ਤਿਉਹਾਰ ਨਹੀਂ ਬਲਕਿ ਸਾਡੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਮਨਾਉਣ ਦਾ ਇੱਕ ਮੌਕਾ ਹੈ।
ਇਸ ਮੌਕੇ ਰਾਜਵਿੰਦਰ ਕੌਰ ਨੇ ਕਿਹਾ ਕਿ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਤੀਜ ਦੇ ਜਸ਼ਨਾਂ ਨੇ ਪਰੰਪਰਾ ਅਤੇ ਆਧੁਨਿਕਤਾ ਦੇ ਸੰਪੂਰਨ ਸੁਮੇਲ ਦੀ ਮਿਸਾਲ ਦਿੱਤੀ ਅਤੇ ਯਤਨਾਂ ਦੀ ਸ਼ਲਾਘਾ ਕੀਤੀ। ਸੀਟੀ ਗਰੁੱਪ ਦੀ ਕੋ-ਚੇਅਰਪਰਸਨ ਪਰਮਿੰਦਰ ਕੌਰ ਚੰਨੀ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਫੈਕਲਟੀ ਦਾ ਉਤਸ਼ਾਹ ਦੇਖਣ ਯੋਗ ਸੀ।