11 arrested in connection with the violence in Mohali
Kesari news network: ਗੇੜੀ ਰੂਟ ਵਜੋਂ ਮਸ਼ਹੂਰ ਸੈਕਟਰ 3 ਬੀ2 ਮੋਹਾਲੀ ਦੀ ਮਾਰਕੀਟ ਵਿਚ ਬੀਤੇ ਸ਼ਨਿਚਰਵਾਰ ਨੂੰ ਕੁੱਝ ਨੌਜਵਾਨਾਂ ਵਲੋਂ ਦਿਨ-ਦਿਹਾੜੇ ਤਲਵਾਰਾਂ ਅਤੇ ਡੰਡੇ ਲਹਿਰਾਉਣ ਦੀ ਵੀਡੀਉ ਸਾਹਮਣੇ ਆਉਣ ਤੋਂ ਬਾਅਦ ਇਸ ਵੀਡੀਓ ਦੇ ਆਧਾਰ ‘ਤੇ ਪੁਲਿਸ ਨੇ 11 ਨੌਜਵਾਨਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਹੈ।
ਇਸ ਸਬੰਧੀ ਥਾਣਾ ਮਟੌਰ ਦੇ ਮੁਖੀ ਗੱਬਰ ਸਿੰਘ ਨੇ ਕਿਹਾ ਕਿ ਮਾਰਕੀਟ ਵਿਚ ਹੁੱਲੜਬਾਜ਼ੀ ਦੀ ਸ਼ਿਕਾਇਤ ਮਿਲੀ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਕਿਹਾ ਕਿ ਸ਼ਹਿਰ ਵਿਚ ਕਿਸੇ ਨੂੰ ਵੀ ਕਾਨੂੰਨ ਤੋੜਨ ਨਹੀਂ ਦਿਤਾ ਜਾਵੇਗਾ। ਇਸ ਤਰ੍ਹਾਂ ਦਾ ਹੁੱਲੜਬਾਜ਼ੀ ਕਰਨ ਵਾਲਿਆਂ ਵਿਰੁੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਹੈ ਮਾਮਲਾ
ਜਾਣਕਾਰੀ ਮੁਤਾਬਕ ਦੁਪਹਿਰ ਪੌਣੇ ਦੋ ਵਜੇ ਦੇ ਕਰੀਬ ਮਾਰਕੀਟ ਵਿਚ ਸ਼ੋ ਰੂਮਜ਼ ਦੇ ਸਾਹਮਣੇ ਪੈਂਦੀ ਪਾਰਕਿੰਗ ਦੇ ਦੂਜੇ ਪਾਸੇ (ਗ੍ਰੀਨ ਬੈਲਟ ਦੇ ਨੇੜੇ) ਇਕੱਠੇ ਹੋਏ ਨੌਜਵਾਨਾਂ ਵਲੋਂ ਮਾਰਕੀਟ ਵਿਚ ਆਏ ਦੋ ਨੌਜਵਾਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਨੌਜਵਾਨਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋਣ ਅਤੇ ਇਨ੍ਹਾਂ ਕੋਲ ਤਲਵਾਰਾਂ, ਡੰਡੇ ਹੋਣ ਕਾਰਨ ਇਨ੍ਹਾਂ ਵਲੋਂ ਘੇਰੇ ਜਾ ਰਹੇ ਦੋਵੇਂ ਨੌਜਵਾਨ ਕੇ.ਐਫ਼.ਸੀ. ਵਲ ਭੱਜ ਪਏ ਅਤੇ ਨੌਜਵਾਨਾਂ ਦੇ ਟੋਲੇ ਵਿਚ ਸ਼ਾਮਲ ਕੁੱਝ ਨੌਜਵਾਨ ਕਿਰਪਾਨਾਂ ਅਤੇ ਡੰਡੇ ਲੈ ਕੇ ਉਨ੍ਹਾਂ ਨੌਜਵਾਨਾਂ ਦਾ ਪਿੱਛਾ ਕਰਨ ਲੱਗ ਗਏ। ਮਾਰਕੀਟ ਵਿਚ ਇਸ ਤਰੀਕੇ ਨਾਲ ਕਿਰਪਾਨਾਂ ਲੈ ਕੇ ਭੱਜੇ ਜਾਂਦੇ ਨੌਜਵਾਨਾਂ ਨੂੰ ਦੇਖ ਕੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਇਸ ਦੌਰਾਨ ਗ੍ਰੀਨ ਬੈਲਟ ਦੇ ਨੇੜੇ ਇਕੱਠੇ ਹੋਏ ਨੌਜਵਾਨ ਜਿਨ੍ਹਾਂ ‘ਚੋਂ ਜ਼ਿਆਦਾਤਰ ਦੇ ਮੂੰਹ ਬੰਨੇ ਹੋਏ ਸਨ ਅਤੇ ਉਹ ਮਾਰਕੀਟ ਦੇ ਪਿਛਲੇ ਪਾਸੇ ਤੋਂ ਫ਼ਰਾਰ ਹੋ ਗਏ।