ਕੇਸਰੀ ਨਿਊਜ਼ ਨੈੱਟਵਰਕ: ਲੁਧਿਆਣਾ ਦੇ ਪਿੰਡ ਜਰਖੜ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀ ਗੋਲਕ ‘ਤੇ ਕਬਜ਼ਾ ਕਰਨ ਆਏ ਡੇਢ ਦਰਜਨ ਤੋਂ ਵੱਧ ਵਿਅਕਤੀਆਂ ਨੇ ਪੁਰਾਣੇ ਤਾਲੇ ਤੋੜ ਕੇ ਉੱਥੇ ਨਵੇਂ ਤਾਲੇ ਲੱਗਾ ਦਿੱਤੇ। ਇਹ ਸਭ ਵੇਖਣ ਤੋਂ ਬਾਅਦ ਜਦੋਂ ਉੱਥੇ ਮੌਜੂਦ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ ਤਾਂ ਮੁਲਜ਼ਮਾਂ ਨੇ ਕਈ ਰਾਉਂਡ ਫਾਇਰ ਕੀਤੇ।
ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ 5 ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਪੁਲਿਸ 15 ਹੋਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਇਨ੍ਹਾਂ ਖਿਲਾਫ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣੋ ਪੂਰਾ ਮਾਮਲਾ
ਗੁਰਦੁਆਰਾ ਮਾਤਾ ਸਾਹਿਬ ਕੌਰ ਮੰਜੀ ਸਾਹਿਬ ਦੇ ਹੈੱਡ ਗ੍ਰੰਥੀ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਹਥਿਆਰਬੰਦ ਦੋਸ਼ੀ ਸ਼ਨੀਵਾਰ ਦੁਪਹਿਰ 2 ਵਜੇ ਗੁਰਦੁਆਰਾ ਸਾਹਿਬ ‘ਚ ਦਾਖਲ ਹੋਏ। ਇਸ ਤੋਂ ਬਾਅਦ ਉਨ੍ਹਾਂ ਗੋਲਕ ਦੇ ਪੁਰਾਣੇ ਤਾਲੇ ਕੱਟ ਕੇ ਨਵੇਂ ਲਾਏ। ਮੁੱਖ ਦਫਤਰ ਨੂੰ ਤਾਲਾ ਲਗਾ ਕੇ ਗੁਰਦੁਆਰਾ ਸਾਹਿਬ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਚ ਇਹਨਾਂ ਵੱਲੋਂ ਜਨਰਲ ਸਕੱਤਰ ਜਰਨੈਲ ਸਿੰਘ ਨੂੰ ਨਿਸ਼ਾਨਾ ਬਣਾ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ ਪਰ ਉਹ ਬੜੀ ਮੁਸ਼ਕਿਲ ਨਾਲ ਬਚ ਗਿਆ। ਜ਼ੋਰਾਵਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਬਾਹਰ ਗਏ ਨਿਹੰਗਾਂ ਨੇ ਕਈ ਰਾਊਂਡ ਫਾਇਰ ਕੀਤੇ। ਮੁਲਜ਼ਮਾਂ ਨੇ ਬਾਹਰ ਖੜ੍ਹੇ ਵਾਹਨਾਂ ਦੀ ਭੰਨਤੋੜ ਕੀਤੀ, ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਚੋਰੀ ਕਰ ਲਏ।
ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸਰੂਪ ਸਿੰਘ ਵਾਸੀ ਪਿੰਡ ਜਰਖੜ, ਪਾਲ ਸਿੰਘ, ਗਗਨਦੀਪ ਸਿੰਘ ਵਾਸੀ ਪਿੰਡ ਲਲਤੋਂ ਖੁਰਦ, ਹਰਬੰਸ ਸਿੰਘ ਵਾਸੀ ਪਿੰਡ ਜੱਸੋਵਾਲ ਅਤੇ ਅਜੈਪਾਲ ਸਿੰਘ ਗਰੇਵਾਲ ਵਾਸੀ ਧੰਦਰਾਂ ਵਜੋਂ ਹੋਈ ਹੈ। ਪੁਲਿਸ ਵੱਲੋਂ ਪਿੰਡ ਜਰਖੜ ਦੇ ਵਸਨੀਕ ਸੁਰਿੰਦਰ ਸਿੰਘ ਸ਼ਿੰਦੀ, ਬਲਜੀਤ ਸਿੰਘ, ਮਾਸਟਰ ਸ਼ਿੰਗਾਰਾ ਸਿੰਘ ਅਤੇ ਉਨ੍ਹਾਂ ਦੇ 12 ਅਣਪਛਾਤੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।