ਗਾਜ਼ੀਆਬਾਦ, (ਕੇਸਰੀ ਨਿਊਜ਼ ਨੈੱਟਵਰਕ) : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਖੋਦਾ ਇਲਾਕੇ ਵਿੱਚ ਇੱਕ ਔਰਤ ਨੂੰ ਧਰਮ ਪਰਿਵਰਤਨ ਲਈ ਪ੍ਰੇਰਿਤ ਕਰਨ ਦੇ ਦੋਸ਼ ਵਿੱਚ ਪਾਦਰੀ ਅਤੇ ਉਸ ਦੀ ਪਤਨੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਸੂਤਰਾਂ ਨੇ ਦੱਸਿਆ ਕਿ ਮਧੂ ਵਿਹਾਰ ਕਾਲੋਨੀ ‘ਚ ਰਹਿਣ ਵਾਲੀ ਭਾਜਪਾ ਵਰਕਰ ਸੁਨੀਤਾ ਅਰੋੜਾ ਦੀ ਸ਼ਿਕਾਇਤ ‘ਤੇ ਪੁਲਸ ਨੇ ਸ਼ਨੀਵਾਰ ਨੂੰ ਪਾਸਟਰ ਇਬਰਾਹਿਮ ਥਾਮਸ, ਉਸ ਦੀ ਪਤਨੀ ਰੀਵਾ ਅਤੇ ਬਿਊਟੀ ਪਾਰਲਰ ਸੰਚਾਲਕ ਬਬੀਤਾ ਨੂੰ ਗ੍ਰਿਫਤਾਰ ਕੀਤਾ ਹੈ। ਸੁਨੀਤਾ ਨੇ ਸ਼ੁੱਕਰਵਾਰ ਰਾਤ ਨੂੰ ਖੋਡਾ ਪੁਲਸ ਸਟੇਸ਼ਨ ‘ਚ ਦਰਜ ਕਰਵਾਈ ਆਪਣੀ ਸ਼ਿਕਾਇਤ ‘ਚ ਦੋਸ਼ ਲਾਇਆ ਕਿ ਉਸ ਦੀ ਗੁਆਂਢੀ ਬਬੀਤਾ ਨੇ ਉਸ ਦੀ ਜਾਣ-ਪਛਾਣ ਕੇਰਲ ਦੇ ਰਹਿਣ ਵਾਲੇ ਇਬਰਾਹਿਮ ਥਾਮਸ ਨਾਲ ਕਰਵਾਈ ਸੀ, ਜੋ ਇਸ ਸਮੇਂ ਕਲਵਰੀ ਚਰਚ ‘ਚ ਪਾਦਰੀ ਹੈ।
ਸ਼ਿਕਾਇਤ ਵਿਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਥਾਮਸ ਆਪਣੀ ਪਤਨੀ ਰੀਵਾ ਦੀ ਮਦਦ ਨਾਲ ਹਿੰਦੂਆਂ ਅਤੇ ਹੋਰ ਧਰਮਾਂ ਦੇ ਲੋਕਾਂ ਲਈ ਧਰਮ ਪਰਿਵਰਤਨ ਲਈ ਧਾਰਮਿਕ ਸੈਸ਼ਨ ਕਰਵਾਉਂਦੇ ਹਨ। ਸੂਤਰਾਂ ਮੁਤਾਬਕ ਸ਼ਿਕਾਇਤ ‘ਚ ਇਹ ਵੀ ਕਿਹਾ ਗਿਆ ਹੈ ਕਿ ਥਾਮਸ ਨੇ ਬਬੀਤਾ ਦੀ ਮਦਦ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵਰਕਰ ਸੁਨੀਤਾ ਅਰੋੜਾ ਨੂੰ ਪਾਰਲਰ ‘ਚ ਬੁਲਾਇਆ ਅਤੇ ਉਸ ਦਾ ਧਰਮ ਬਦਲਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੇ ਡਿਪਟੀ ਕਮਿਸ਼ਨਰ ਵਿਵੇਕ ਚੰਦਰ ਯਾਦਵ ਨੇ ਦੱਸਿਆ ਕਿ ਥਾਮਸ, ਰੀਵਾ ਅਤੇ ਬਬੀਤਾ ਨੂੰ ਉੱਤਰ ਪ੍ਰਦੇਸ਼ ਧਰਮ ਪਰਿਵਰਤਨ ਮਨਾਹੀ ਕਾਨੂੰਨ 2021 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।