ਜਲੰਧਰ, (ਕੇਸਰੀ ਚੀਜ਼ ਨੈੱਟਵਰਕ) : ਅੰਮ੍ਰਿਤਪਾਲ ਸਿੰਘ ਦੀ ਭਾਲ ਦਾ ਅੱਜ 17ਵਾਂ ਦਿਨ ਹੈ ਪਰ ਹੱਲੇ ਤੱਕ ਉਹ ਪੁਲਿਸ ਦੇ ਹੱਥ ਨਹੀਂ ਆਇਆ। ਪੁਲਿਸ ਉਹਦੀ ਭਾਲ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਇਸੇ ਦੇ ਚੱਲਦੇ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਕਿਰਨਦੀਪ ਕੌਰ ਨੇ ਬਿਆਨ ਦੇਂਦੇ ਹੋਏ ਕਿਹਾ ਕਿ, “ ਜਿਸ ਤਰ੍ਹਾਂ ਪੁਲਿਸ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਹੈ, ਉਹ ਗੈਰ-ਕਾਨੂੰਨੀ ਹੈ। ਉਹਨੇ ਕਿਹਾ ਕੀ ਸਰਕਾਰ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਸਕਦੀ ਹੈ, ਪਰ ਜਿਸ ਤਰ੍ਹਾਂ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ, ਉਹ ਸਹੀ ਨਹੀਂ ਹੈ। ਕਿਰਨਦੀਪ ਕੌਰ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਉਤੇ ਆਪਣੇ ਪਤੀ ਅੰਮ੍ਰਿਤਪਾਲ ਦਾ ਸਾਥ ਨਹੀਂ ਛੱਡੇਗੀ।
ਕਿਰਨਦੀਪ ਕੌਰ ਨੇ ਕਿਹਾ ਕਿ, “ਉਸ ਨੂੰ ਅੰਮ੍ਰਿਤਪਾਲ ਸਿੰਘ ਦੇ ਠਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ, ਉਹ ਉਸ ਦਾ ਸਾਥ ਕਿਸੇ ਵੀ ਕੀਮਤ ਉਤੇ ਨਹੀਂ ਛੱਡੇਗੀ। ਇਸਦੇ ਨਾਲ ਹੀ ਕਿਰਨਦੀਪ ਕੌਰ ਨੇ ਕਿਹਾ ਕਿ “ਅੰਮ੍ਰਿਤਪਾਲ ਨੇ ਮੈਨੂੰ ਦੱਸਿਆ ਸੀ ਕਿ ਉਸ ਨਾਲ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਉਹ ਜਾਣਦਾ ਸੀ। ਜੇਕਰ ਸਰਕਾਰ ਉਸ ਦੇ ਖਿਲਾਫ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ। ਪਰ ਉਸ ਨੇ ਮੈਨੂੰ ਕਦੇ ਨਹੀਂ ਦੱਸਿਆ ਕਿ ਉਸ ਦਾ ਇਸ ਤਰ੍ਹਾਂ ਪਿੱਛਾ ਕੀਤਾ ਜਾ ਸਕਦਾ ਹੈ, ਜਿਸ ਤਰ੍ਹਾਂ ਇਹ ਕੀਤਾ ਜਾ ਰਿਹਾ ਹੈ, ਉਹ ਗਲਤ ਹੈ।