ਕਾਠਮੰਡੂ, (ਕੇਸਰੀ ਨਿਊਜ਼ ਨੈੱਟਵਰਕ) : ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਨੇਪਾਲ ‘ਚ ਲੁਕੇ ਹੋਣ ਦਾ ਖਦਸ਼ਾ ਹੈ। ਇਸ ਖਦਸ਼ੇ ਦਰਮਿਆਨ ਸੋਮਵਾਰ ਨੂੰ ਭਾਰਤ ਸਰਕਾਰ ਨੇ ਨੇਪਾਲ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਤੀਜੇ ਦੇਸ਼ ਭੱਜਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਭਾਰਤ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਜੇਕਰ ਉਹ ਭਾਰਤੀ ਪਾਸਪੋਰਟ ਜਾਂ ਕਿਸੇ ਹੋਰ ਜਾਅਲੀ ਪਾਸਪੋਰਟ ਦੀ ਵਰਤੋਂ ਕਰ ਕੇ ਕਿਸੇ ਤੀਜੇ ਦੇਸ਼ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉੱਥੇ ਹੀ ਅੰਮ੍ਰਿਤਪਾਲ ਦੀ ਸਾਥੀ ਪਪਲਪ੍ਰੀਤ ਨਾਲ ਨਵੀਂ ਸੈਲਫੀ ਵੀ ਵਾਇਰਲ ਹੋ ਰਹੀ ਹੈ। ਫਰਾਰ ਹੋਣ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਪਾਲ ਦਾ ਪੂਰਾ ਚਹਿਰੇ ਸਾਫ਼ ਨਜ਼ਰ ਆਇਆ ਹੈ ਜਿਸ ਵਿਚ ਉਹ ਮਰੂਨ ਪੱਗੜੀ ਬੰਨ੍ਹੀ ਹੋਏ ਛੋਟੀ ਦਾੜ੍ਹੀ ‘ਚ ਨਜ਼ਰ ਆ ਰਿਹਾ ਹੈ। ਇਹ ਸੈਲਫੀ ਕਿੱਥੋਂ ਦੀ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਆਪ੍ਰੇਸ਼ਨ ਅੰਮ੍ਰਿਤਪਾਲ ‘ਚ ਪੰਜਾਬ ਪੁਲਿਸ ਦਾ ਸਾਥ ਦਿੱਲੀ ਪੁਲਿਸ ਤੇ ਸੈਂਟਰਲ ਇੰਟੈਲੀਜੈਂਸ ਵਿੰਗ ਦੇ ਰਿਹਾ ਹੈ।
ਕਾਠਮੰਡੂ ਪੋਸਟ ਅਖਬਾਰ ਨੇ ਦੱਸਿਆ ਕਿ ਕਾਠਮੰਡੂ ਸਥਿਤ ਭਾਰਤੀ ਦੂਤਘਰ ਨੇ ਸ਼ਨੀਵਾਰ ਨੂੰ ਕੌਂਸਲਰ ਸੇਵਾਵਾਂ ਵਿਭਾਗ ਨੂੰ ਭੇਜੇ ਇਕ ਪੱਤਰ ਵਿਚ ਸਰਕਾਰੀ ਏਜੰਸੀਆਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਹ ਨੇਪਾਲ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਨੇਪਾਲ ‘ਚ ਲੁਕਿਆ ਹੋਇਆ ਹੈ।
ਨੇਪਾਲ ਦੇ ਹੋਟਲ ‘ਚ ਭੇਜੀ ਗਈ ਅੰਮ੍ਰਿਤਪਾਲ ਦੀ ਜਾਣਕਾਰੀ
ਭਾਰਤ ਸਰਕਾਰ ਵੱਲੋਂ ਨੇਪਾਲ ਸਰਕਾਰ ਨੂੰ ਦਿੱਤੀ ਗਈ ਰਿਪੋਰਟ ਵਿੱਚ ਲਿਖਿਆ ਹੈ, ‘ਸਤਿਕਾਰਯੋਗ ਮੰਤਰਾਲੇ ਵੱਲੋਂ ਇਮੀਗ੍ਰੇਸ਼ਨ ਵਿਭਾਗ ਨੂੰ ਸੂਚਿਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਨੇਪਾਲ ਰਾਹੀਂ ਕਿਸੇ ਤੀਜੇ ਦੇਸ਼ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਉੱਥੇ ਹੀ ਜੇਕਰ ਉਹ ਭਾਰਤੀ ਪਾਸਪੋਰਟ ਜਾਂ ਕਿਸੇ ਹੋਰ ਫਰਜ਼ੀ ਪਾਸਪੋਰਟ ਦੀ ਵਰਤੋਂ ਕਰ ਕੇ ਨੇਪਾਲ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਨਿੱਜੀ ਵੇਰਵੇ ਨੇਪਾਲ ਦੇ ਹੋਟਲਾਂ ਤੋਂ ਲੈ ਕੇ ਏਅਰਲਾਈਨਜ਼ ਤਕ ਸਾਰੀਆਂ ਸਬੰਧਤ ਏਜੰਸੀਆਂ ਨੂੰ ਭੇਜ ਦਿੱਤੇ ਗਏ ਹਨ। ਅੰਮ੍ਰਿਤਪਾਲ ਸਿੰਘ ਕੋਲ ਵੱਖ-ਵੱਖ ਪਛਾਣਾਂ ਵਾਲੇ ਕਈ ਪਾਸਪੋਰਟ ਦੱਸੇ ਜਾ ਰਹੇ ਹਨ। ਉਹ 18 ਮਾਰਚ ਤੋਂ ਦੇਸ਼ ਤੋਂ ਫਰਾਰ ਹੈ।
ਅੰਮ੍ਰਿਤਪਾਲ ਸਿੰਘ ਦਾ ਸ਼ਾਰਪ ਸ਼ੂਟਰ ਗ੍ਰਿਫਤਾਰ
ਦੱਸ ਦੇਈਏ ਕਿ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਸ਼ਾਰਪ ਸ਼ੂਟਰ ਨੂੰ ਪੁਲਿਸ ਨੇ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਦੀ ਪਛਾਣ ਵਰਿੰਦਰ ਸਿੰਘ ਜੌਹਲ ਵਜੋਂ ਕੀਤੀ ਹੈ। ਇਹ ਗ੍ਰਿਫ਼ਤਾਰੀ ਅਜਨਾਲਾ ਕਾਂਡ ਦੇ ਸਬੰਧ ਵਿੱਚ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਰਿੰਦਰ ਸਿੰਘ ਖਿਲਾਫ ਐਨ.ਐਸ.ਏ ਲਗਾ ਕੇ ਉਸਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ ਹੈ।