ਭਾਰਤ ਅਤੇ ਮਿਸਰ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ ਨੂੰ 12 ਬਿਲੀਅਨ ਡਾਲਰ ਤੱਕ ਲੈ ਜਾਣ ਦਾ ਫ਼ੈਸਲਾ
ਨਵੀਂ ਦਿੱਲੀ, ਕੇਸਰੀ ਨਿਊਜ਼ ਨੈੱਟਵਰਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਿਸਰ ਦੇ ਰਾਸ਼ਟਰਪਤੀ ਵਿਚਾਲੇ ਹੋਈ ਦੁਵਲੀ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਮਿਸਰ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ਵਿਚੋਂ ਇਕ ਹਨ। ਸਾਡੇ ਵਿਚਕਾਰ ਕਈ ਹਜ਼ਾਰਾਂ ਸਾਲਾਂ ਤੋਂ ਨਿਰੰਤਰ ਸੰਬੰਧ ਰਿਹਾ ਹੈ। ਚਾਰ ਹਜ਼ਾਰ ਸਾਲ ਪਹਿਲਾਂ ਮਿਸਰ ਨਾਲ ਵਪਾਰ ਗੁਜਰਾਤ ਦੇ ਲੋਥਲ ਬੰਦਰਗਾਹ ਰਾਹੀਂ ਹੁੰਦਾ ਸੀ ਅਤੇ ਸੰਸਾਰ ਵਿਚ ਵੱਖ-ਵੱਖ ਤਬਦੀਲੀਆਂ ਦੇ ਬਾਵਜੂਦ ਸਾਡੇ ਸੰਬੰਧ ਸਥਿਰ ਰਹੇ।
ਉਨ੍ਹਾਂ ਕਿਹਾ ਕਿ ਅਸੀਂ ਅੱਜ ਆਪਣੇ ਰੱਖਿਆ ਉਦਯੋਗਾਂ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਅੱਤਵਾਦ ਵਿਰੋਧੀ ਜਾਣਕਾਰੀ ਅਤੇ ਖੁਫ਼ੀਆ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਾਲ ਭਾਰਤ ਨੇ ਜੀ-20 ਦੀ ਆਪਣੀ ਪ੍ਰਧਾਨਗੀ ਦੌਰਾਨ ਮਿਸਰ ਨੂੰ ਮਹਿਮਾਨ ਦੇਸ਼ ਵਜੋਂ ਸੱਦਾ ਦਿੱਤਾ ਹੈ, ਜੋ ਸਾਡੀ ਵਿਸ਼ੇਸ਼ ਦੋਸਤੀ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਅਗਲੇ 5 ਸਾਲਾਂ ਵਿਚ ਆਪਣੇ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ ਨੂੰ 12 ਬਿਲੀਅਨ ਡਾਲਰ ਤੱਕ ਲੈ ਜਾਣ ਦਾ ਫ਼ੈਸਲਾ ਕੀਤਾ ਹੈ।