ਉੱਤਰੀ ਭਾਰਤ ਦੇ ਪਹਾੜੀ ਸੂਬਿਆਂ ‘ਚ ਇਕ ਵਾਰ ਫਿਰ ਬਰਫ਼ਬਾਰੀ ਸ਼ੁਰੂ’ ਆਉਣ ਵਾਲੇ 2-3 ਦਿਨਾਂ ਵਿਚ ਇੱਕ ਵਾਰ ਫਿਰ ਤੋਂ ਠੰਢ ਵਧ ਸਕਦੀ
ਕੇਸਰੀ ਨਿਊਜ਼ ਨੈੱਟਵਰਕ : ਉੱਤਰੀ ਭਾਰਤ ਦੇ ਪਹਾੜੀ ਸੂਬਿਆਂ ‘ਚ ਇਕ ਵਾਰ ਫਿਰ ਚੰਗੀ ਬਰਫ਼ਬਾਰੀ ਸ਼ੁਰੂ ਹੋ ਗਈ ਹੈ ਤੇ ਇਸ ਕਾਰਨ ਮੈਦਾਨੀ ਇਲਾਕਿਆਂ ‘ਚ ਜਿੱਥੇ ਪਿਛਲੇ 2 ਦਿਨਾਂ ਤੋਂ ਸੀਤ ਲਹਿਰ ਤੋਂ ਰਾਹਤ ਮਿਲੀ ਸੀ, ਉੱਥੇ ਹੀ ਹੁਣ ਆਉਣ ਵਾਲੇ 2-3 ਦਿਨਾਂ ਵਿਚ ਇੱਕ ਵਾਰ ਫਿਰ ਤੋਂ ਠੰਢ ਵਧ ਸਕਦੀ ਹੈ। ਪਹਾੜਾਂ ‘ਤੇ ਬਰਫ਼ਬਾਰੀ ਸ਼ੁਰੂ ਹੋਣ ਕਾਰਨ ਸੈਲਾਨੀ ਵੱਡੀ ਗਿਣਤੀ ‘ਚ ਪਹੁੰਚ ਰਹੇ ਹਨ। ਮੌਸਮ ਵਿਭਾਗ ਮੁਤਾਬਕ 26 ਜਨਵਰੀ ਤੋਂ ਪਹਿਲਾਂ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।
ਇਨ੍ਹਾਂ ਥਾਵਾਂ ‘ਤੇ ਜਾਰੀ ਹੈ ਬਰਫ਼ਬਾਰੀ
ਪਹਾੜਾਂ ਦੀ ਰਾਣੀ ਸ਼ਿਮਲਾ ਸਮੇਤ ਕੁਫਰੀ, ਫਾਗੂ, ਨਰਕੰਡਾ, ਚੋਪਾਲ ‘ਚ ਬਰਫ਼ਬਾਰੀ ਜਾਰੀ ਹੈ ਤੇ ਵੱਡੀ ਗਿਣਤੀ ‘ਚ ਸੈਲਾਨੀ ਵੀ ਇੱਥੇ ਪਹੁੰਚ ਰਹੇ ਹਨ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਦੇ ਆਸ-ਪਾਸ ਰਿਹਾ। ਮੌਸਮ ਵਿਭਾਗ ਅਨੁਸਾਰ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਕਾਰਨ ਮੌਸਮ ਦਾ ਰੂਪ ਬਦਲ ਗਿਆ ਹੈ ਤੇ 26 ਜਨਵਰੀ ਤਕ ਮੌਸਮ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
ਰਾਹਤ ਤੋਂ ਬਾਅਦ ਮੁੜ ਚੱਲੇਗੀ ਸੀਤਲਹਿਰ
ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿਚ ਪਿਛਲੇ ਦੋ-ਤਿੰਨ ਦਿਨਾਂ ਤੋਂ ਚੱਲ ਰਹੀ ਸੀਤ ਲਹਿਰ ਤੋਂ ਰਾਹਤ ਮਿਲੀ ਹੈ, ਪਰ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਮੀਂਹ ਅਤੇ ਪਹਾੜੀ ਸੂਬਿਆਂ ‘ਚ ਬਰਫ਼ਬਾਰੀ ਦੇਖਣ ਨੂੰ ਮਿਲੇਗੀ। 23 ਅਤੇ 24 ਜਨਵਰੀ, 2023 ਨੂੰ ਪੱਛਮੀ ਹਿਮਾਲੀਅਨ ਖੇਤਰ ਵਿਚ ਵੀ ਗੜੇ ਪੈਣ ਦੀ ਸੰਭਾਵਨਾ ਹੈ ਤੇ 23 ਤੋਂ 26 ਜਨਵਰੀ ਤਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ, ਉੱਤਰੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਵੀ ਮੀਂਹ ਪੈ ਸਕਦਾ ਹੈ। ਬਰਫਬਾਰੀ ਤੋਂ ਬਾਅਦ ਇਕ ਵਾਰ ਫਿਰ ਤੋਂ ਸੀਤ ਲਹਿਰ ਚੱਲ ਸਕਦੀ ਹੈ।
ਹਿਮਾਚਲ ‘ਚ ਬਰਫ਼ਬਾਰੀ
ਸ਼ਿਮਲਾ ‘ਚ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇੱਥੇ ਬਰਫ਼ਬਾਰੀ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸ਼ਿਮਲਾ ‘ਚ ਪਿਛਲੇ 18-20 ਘੰਟਿਆਂ ਤੋਂ ਬਰਫਬਾਰੀ ਤੇ ਬਾਰਿਸ਼ ਹੋ ਰਹੀ ਹੈ ਅਤੇ ਨੈਸ਼ਨਲ ਹਾਈਵੇ-2 ਬੰਦ ਹੈ। ਦੂਜੇ ਪਾਸੇ ਰਾਜਧਾਨੀ ਵਿੱਚ 21 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 10 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਰਹਿਣ ਦਾ ਅਨੁਮਾਨ ਹੈ। 22 ਜਨਵਰੀ ਨੂੰ ਵੀ ਤਾਪਮਾਨ ਵਿੱਚ ਕੋਈ ਖਾਸ ਤਬਦੀਲੀ ਦਰਜ ਨਹੀਂ ਕੀਤੀ ਜਾਵੇਗੀ।