ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ 4 ਦਿਨ ਮੀਂਹ ਪੈਣ ਦੀ ਸੰਭਾਵਨਾ,ਹਨੇਰੀ ਦੇ ਨਾਲ ਹੋ ਸਕਦੀ ਹੈ ਗੜ੍ਹੇਮਾਰੀ
ਚੰਡੀਗੜ੍ਹ, ਕੇਸਰੀ ਨਿਊਜ਼ ਨੈੱਟਵਰਕ : ਦੇਸ਼ ਭਰ ਵਿੱਚ ਠੰਡ ਦਾ ਕਹਿਰ ਜਾਰੀ ਹੈ ਪਹਾੜਾਂ ਦੇ ਵਿੱਚ ਹੋ ਰਹੀ ਬਰਫ਼ਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਪੈ ਰਹੀ ਹੈ। ਪਿਛਲੇ ਦੋ ਦਿਨਾਂ ਤੋਂ ਪਾਲਾ ਵੀ ਪੈ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰ ਵੇਲੇ ਘਾਹ ਅਤੇ ਫ਼ਸਲਾਂ ’ਤੇ ਕੋਹਰੇ ਦੀ ਚਿੱਟੀ ਚਾਦਰ ਨਜ਼ਰ ਆ ਰਹੀ ਹੈ। ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਣੀ ਵੀ ਜੰਮ ਗਿਆ ਅਤੇ ਘੱਟੋ-ਘੱਟ ਤਾਪਮਾਨ ਮਾਈਨਸ ਤੱਕ ਪਹੁੰਚ ਗਿਆ।ਇਸ ਸਮੇਂ ਲਗਾਤਾਰ ਪੈ ਰਹੀ ਠੰਡ ਦੇ ਕਾਰਨ ਫ਼ਸਲਾਂ ਦੇ ਨੁਕਸਾਨ ਦਾ ਖ਼ਦਸ਼ਾ ਵਧ ਗਿਆ ਹੈ, ਜਿਸ ਦੇ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਠੰਡ ਦੇ ਮੱਦੇਨਜ਼ਰ ਫਸਲਾਂ ਦੀ ਨੂੰ ਪਾਣੀ ਲਗਾਉਂਦੇ ਰਹਿਣ ਦੀ ਸਲਾਹ ਦਿੱਤੀ ਹੈ ।
ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਬਠਿੰਡਾ ਅਤੇ ਫਰੀਦਕੋਟ ਦੇ ਵਿੱਚ ਘੱਟੋ-ਘੱਟ ਤਾਪਮਾਨ ਮਾਈਨਸ ਇੱਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਰੂਪਨਗਰ ਵਿੱਚ ਘੱਟੋ-ਘੱਟ ਤਾਪਮਾਨ 0.1 ਡਿਗਰੀ ਸੈਲਸੀਅਸ, ਮੁਕਤਸਰ ਵਿੱਚ 0.4 ਡਿਗਰੀ ਸੈਲਸੀਅਸ, ਪਟਿਆਲਾ, ਮੋਗਾ, ਫ਼ਿਰੋਜ਼ਪੁਰ ਅਤੇ ਜਲੰਧਰ ਵਿੱਚ 0.6 ਡਿਗਰੀ ਸੈਲਸੀਅਸ, ਗੁਰਦਾਸਪੁਰ ਵਿੱਚ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਵਿੱਚ ਵੀ ਘੱਟੋ-ਘੱਟ ਤਾਪਮਾਨ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 1.4 ਡਿਗਰੀ ਸੈਲਸੀਅਸ ਅਤੇ ਬਰਨਾਲਾ ਵਿੱਚ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਦਾ ਕਹਿਣਾ ਹੈ ਕਿ 18 ਜਨਵਰੀ ਨੂੰ ਠੰਡ ਅਤੇ ਸੀਤ ਲਹਿਰ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਨੂੰ ਛੱਡ ਕੇ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਸੀਤ ਲਹਿਰ ਤੋਂ ਰਾਹਤ ਮਿਲਣ ਦੀ ਉਮੀਦ ਹੈ। ਉਨ੍ਹਾਂ ਨੇ ਦੱਸਿਆ ਕਿ ਘੱਟੋ-ਘੱਟ ਤਾਪਮਾਨ ਤਿੰਨ ਤੋਂ ਪੰਜ ਡਿਗਰੀ ਤੱਕ ਵਧਣਾ ਸ਼ੁਰੂ ਹੋ ਜਾਵੇਗਾ।
20 ਜਨਵਰੀ ਤੋਂ ਪੱਛਮੀ ਹਿਮਾਲਿਆ ਖੇਤਰ ‘ਚ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਦਾ ਅਸਰ ਪੰਜਾਬ ਅਤੇ ਹਰਿਆਣਾ ‘ਤੇ ਵੀ ਦੇਖਣ ਨੂੰ ਮਿਲੇਗਾ । ਜਿਸ ਕਰਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ 22 ਜਨਵਰੀ ਨੂੰ ਪੰਜਾਬ ਵਿੱਚ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ 23 ਤੋਂ 25 ਜਨਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ । ਇਸ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।ਜਦੋਂ ਕਿ ਕਈ ਜ਼ਿਲ੍ਹਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਕਈ ਜ਼ਿਲ੍ਹਿਆਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।