ਐਫਸੀਆਈ ਘੁਟਾਲਾ: ਸੀਬੀਆਈ ਨੇ ਪੰਜਾਬ, ਹਰਿਆਣਾ, ਦਿੱਲੀ ਵਿੱਚ 50 ਥਾਵਾਂ ‘ਤੇ ਛਾਪੇ ਮਾਰੇ; 74 ਨਾਮਜ਼ਦ
ਜਲੰਧਰ (ਕੇਸਰੀ ਨਿਊਜ਼ ਨੈੱਟਵਰਕ): ਸੀਬੀਆਈ ਨੇ ਪੀਐਸਯੂ ਵਿੱਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਲਈ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ 50 ਥਾਵਾਂ ‘ਤੇ ਤਲਾਸ਼ੀ ਲੈਣ ਲਈ ‘ਆਪ੍ਰੇਸ਼ਨ ਕਨਕ’ ਦੌਰਾਨ ਭਾਰਤੀ ਖੁਰਾਕ ਨਿਗਮ (ਐਫਸੀਆਈ) ਦੇ ਇੱਕ ਡਿਪਟੀ ਜਨਰਲ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ। ਸੀਬੀਆਈ ਨੇ ਅਨਾਜ ਦੀ ਖਰੀਦ, ਭੰਡਾਰਨ ਅਤੇ ਵੰਡ ਵਿੱਚ ਸ਼ਾਮਲ ਅਧਿਕਾਰੀਆਂ, ਚੌਲ ਮਿੱਲ ਮਾਲਕਾਂ ਅਤੇ ਵਿਚੋਲਿਆਂ ਦੀ ਸ਼ਮੂਲੀਅਤ ਵਾਲੇ ਸਿੰਡੀਕੇਟ ਦੀ ਪਛਾਣ ਕਰਨ ਲਈ ਛੇ ਮਹੀਨੇ ਦੀ ਗੁਪਤ ਜਾਂਚ ਤੋਂ ਬਾਅਦ ਐਫਸੀਆਈ ਦੇ ਕਾਰਜਕਾਰੀ ਨਿਰਦੇਸ਼ਕ ਸੁਦੀਪ ਸਿੰਘ ਸਮੇਤ 74 ਲੋਕਾਂ ਅਤੇ ਇਕਾਈਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਸੀਬੀਆਈ ਦੀ ਇਸ ਕਾਰਵਾਈ ਨੂੰ ਪਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੱਖੇ ਸੰਘਰਸ਼ ਨੂੰ ਦੇਖਦੇ ਹੋਏ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਮਜਬੂਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਮਝਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਦੇ ਪਿੱਛੇ ਕਿਸਾਨਾਂ ਦੀ ਫਸਲ ਦੀ ਲੁੱਟ ਕਰਨ ਵਾਲੀ ਸਿੰਡੀਕੇਟ ਨੂੰ ਖਤਮ ਕਰਕੇ ਕਿਸਾਨਾਂ ਤੱਕ ਉਨ੍ਹਾਂ ਦੀ ਫ਼ਸਲ ਦੀ ਪੂਰੀ ਕੀਮਤ ਪੁੱਜਣਾ ਯਕੀਨੀ ਬਣਾਉਣ ਦਾ ਠੋਸ ਇਰਾਦਾ ਕੰਮ ਕਰ ਰਿਹਾ ਹੈ।
ਐਫਆਈਆਰ ਵਿੱਚ ਨਾਮਜ਼ਦ ਵਿਅਕਤੀਆਂ ਵਿੱਚੋਂ 34 ਸੇਵਾ ਕਰ ਰਹੇ ਅਧਿਕਾਰੀ ਹਨ, ਜਿਨ੍ਹਾਂ ਵਿੱਚ ਤਕਨੀਸ਼ੀਅਨ ਤੋਂ ਲੈ ਕੇ ਕਾਰਜਕਾਰੀ ਨਿਰਦੇਸ਼ਕ ਤੱਕ ਸ਼ਾਮਲ ਹਨ, ਜਦੋਂ ਕਿ ਤਿੰਨ ਸੇਵਾਮੁਕਤ ਅਧਿਕਾਰੀ ਹਨ। ਐਫਆਈਆਰ ਵਿੱਚ 17 ਨਿੱਜੀ ਵਿਅਕਤੀਆਂ ਅਤੇ 20 ਸੰਸਥਾਵਾਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ।
ਐਫਸੀਆਈ ਦੇ ਡਿਪਟੀ ਜਨਰਲ ਮੈਨੇਜਰ ਰਾਜੀਵ ਮਿਸ਼ਰਾ ਇੱਕ ਰਵਿੰਦਰ ਸਿੰਘ ਖੇੜਾ ਤੋਂ ਕਥਿਤ ਤੌਰ ‘ਤੇ 50,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਸੀਬੀਆਈ ਦੇ ਜਾਲ ਵਿੱਚ ਫਸ ਗਏ। ਪੰਜਾਬ ਸਰਕਾਰ ਦੇ ਕੁਝ ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਸੀਬੀਆਈ ਦਾ ਮੰਨਣਾ ਹੈ ਕਿ ਉਹ ‘ਬੇਨਾਮੀ’ ਗੋਦਾਮ ਚਲਾ ਰਹੇ ਸਨ, ਜੋ ਕਿ ਐਫਸੀਆਈ ਨੂੰ ਆਊਟਸੋਰਸ ਕੀਤੇ ਗਏ ਸਨ। ਸੀਬੀਆਈ ਦੇ ਅਨੁਸਾਰ, ਦੋਸ਼ੀ ਅਧਿਕਾਰੀਆਂ ਨੇ ਟੈਂਡਰ ਪ੍ਰਕਿਰਿਆ ਦੌਰਾਨ ਉਨ੍ਹਾਂ ਦਾ ਪੱਖ ਪੂਰਣ ਲਈ ਸਿਲੋਜ਼ ਆਪਰੇਟਰਾਂ ਅਤੇ ਚੌਲ ਮਿੱਲਰਾਂ ਤੋਂ ਰਿਸ਼ਵਤ ਲਈ ਸੀ। ਐਫਸੀਆਈ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਕਾਗ਼ਜ਼ਾਂ ’ਤੇ ਵੱਧ ਖਰੀਦ ਵੀ ਦਿਖਾਈ। ਇਸ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਸਿੰਡੀਕੇਟ ਰਾਹੀਂ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਨਾਲ ਹੀ, ਖਪਤਕਾਰਾਂ ਨੂੰ ਜਨਤਕ ਵੰਡ ਪ੍ਰਣਾਲੀ ਅਧੀਨ ਘਟੀਆ ਦਰਜੇ ਦਾ ਅਨਾਜ ਮਿਲ ਰਿਹਾ ਸੀ।