ਜਲੰਧਰ , (ਕੇਸਰੀ ਨਿਊਜ਼ ਨੈੱਟਵਰਕ)- ਜਿਲ੍ਹੇ ਦੀ ਸ਼ਾਹਕੋਟ ਸਬ-ਡਿਵੀਜ਼ਨ ਅਧੀਨ ਪੈਂਦੇ ਮਲਸੀਆਂ ਵਿੱਚ ਸਮਝੌਤੇ ਲਈ ਇਕੱਠੇ ਹੋਏ ਦੋ ਧੜਿਆਂ ਵਿਚਾਲੇ ਜ਼ਬਰਦਸਤ ਗੋਲੀ ਬਾਰੀ ਹੋ ਗਈ ਹੈ।
ਜਾਣਕਾਰੀ ਅਨੁਸਾਰ ਮਲਸੀਆਂ ਕਸਬੇ ਵਿੱਚ ਰਾਜਾ ਅਤੇ ਗਿੰਦਾ ਨਾਮ ਦੇ ਦੋ ਧੜਿਆਂ ਵਿੱਚ ਝੜਪ ਹੋ ਗਈ। ਦੋਵਾਂ ਨੇ ਜ਼ੋਰਦਾਰ ਗੋਲੀਬਾਰੀ ਕੀਤ ਜਿਸ ਵਿੱਚ ਚਾਰ ਨੌਜਵਾਨ ਜ਼ਖ਼ਮੀ ਹੋ ਗਏ ਹਨ। ਤਿੰਨਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਜਦਕਿ ਇੱਕ ਦੇ ਪੇਟ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਸ਼ਾਹਕੋਟ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਪਰ ਬਾਅਦ ਵਿੱਚ ਹਾਲਤ ਗੰਭੀਰ ਹੋਣ ਕਾਰਨ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਦੋਵਾਂ ਗੁੱਟਾਂ ਦੀ ਪਹਿਲਾਂ ਵੀ ਲੜਾਈ ਹੋਈ ਸੀ, ਜਿਸ ਦਾ ਸਮਝੌਤਾ ਕਰਨ ਲਈ ਦੋਵੇਂ ਗੁੱਟ ਮਾਡਲ ਟਾਊਨ ਨੇੜੇ ਚਿੱਟੀ ਵੇਈਂ ਵਿਖੇ ਇਕੱਠੇ ਹੋਏ ਸਨ। ਸਮਝੌਤੇ ਦੌਰਾਨ ਦੋਵਾਂ ਗੁੱਟਾਂ ਦੇ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਹੋ ਗਈ ਜਿਸ ਤੋਂ ਬਾਅਦ ਇਹ ਬਹਿਸ ਇੱਟਾਂ-ਪੱਥਰ ਅਤੇ ਗੋਲੀਆਂ ਦਾ ਰੂਪ ਲੈ ਗਈ।
ਇਸ ਗੋਲੀਬਾਰੀ ਵਿੱਚ ਰਾਜਾ ਧੜੇ ਦੇ ਮੁਖੀ ਰਾਜਵਿੰਦਰ ਵਾਸੀ ਬਾਗਵਾਲਾ (ਸ਼ਾਹਕੋਟ) ਅਤੇ ਗਿੰਦਾ ਧੜੇ ਦੇ ਹਰਜਿੰਦਰ ਵਾਸੀ ਮਲਸੀਆਂ ਨੂੰ ਵੀ ਗੋਲੀਆਂ ਲੱਗੀਆਂ। ਹਰਜਿੰਦਰ ਦੀ ਲੱਤ ਵਿੱਚ ਗੋਲੀ ਲੱਗੀ ਹੈ। ਜਦਕਿ ਰਾਜਵਿੰਦਰ ਦੇ ਪੱਟ ਵਿੱਚ ਗੋਲੀ ਲੱਗੀ ਹੈ। ਇਨ੍ਹਾਂ ਤੋਂ ਇਲਾਵਾ ਵਿਨੋਦ ਵਾਸੀ ਜੈਨ ਕਲੋਨੀ ਸ਼ਾਹਕੋਟ, ਅਰਸ਼ਦੀਪ ਸਿੰਘ ਵਾਸੀ ਫਖਰੂਵਾਲ ਜ਼ਖ਼ਮੀ ਹੋ ਗਏ। ਵਿਨੋਦ ਦੇ ਪੇਟ ਵਿੱਚ ਗੋਲੀ ਲੱਗੀ ਹੈ। ਉਸ ਨੂੰ ਗੰਭੀਰ ਹਾਲਤ ਵਿਚ ਸ਼ਾਹਕੋਟ ਸਿਵਲ ਹਸਪਤਾਲ ਤੋਂ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।
ਜਦੋਂ ਇਸ ਘਟਨਾ ਦੀ ਖਬਰ ਪੁਲਿਸ ਨੂੰ ਮਿਲੀ ਤਾਂ ਪੁਲਿਸ ਘਟਨਾ ਵਾਲੇ ਸਥਾਨ ਤੇ ਪਹੁੰਚੀ, ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਉਹਨਾਂ ਮੌਕੇ ਤੋਂ 14 ਖੋਲ ਬਰਾਮਦ ਕੀਤੇ ਗਏ ਹਨ। ਮੌਕੇ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਾਰਦਾਤ ਵਾਲੀ ਥਾਂ ਤੋਂ ਦੋ ਵਾਹਨ ਅਤੇ ਚਾਰ ਮੋਟਰਸਾਈਕਲ ਵੀ ਜ਼ਬਤ ਕੀਤੇ ਗਏ ਹਨ।