ਚੰਨੀ ਸਰਕਾਰ ਦੌਰਾਨ ਹੋਏ ਖੇਡ ਘਪਲੇ ਦੀ ਜਾਂਚ ਨੂੰ ਹਰੀ ਝੰਡੀ’ ਕੀ ਚੰਨੀ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ?
ਸੂਤਰ ਦੱਸਦੇ ਹਨ ਕਿ ਖੇਡ ਵਿਭਾਗ ਨੇ ਖੇਡ ਕਿੱਟਾਂ ਲਈ ਜਾਰੀ ਕੀਤੀ ਗਰਾਂਟ ਨਾਲ ਸਬੰਧਤ ਫਾਈਲਾਂ ਸੰਭਾਲ ਲਈਆਂ ਹਨ ਕਿ ਕੀ ਪਤਾ ਕਦੋਂ ਵਿਜੀਲੈਂਸ ਫਾਈਲਾਂ ਜਾਂ ਰਿਕਾਰਡ ਮੰਗ ਲਵੇ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਤੱਤਕਾਲੀ ਸਰਕਾਰ ਨੇ ਵੋਟਾਂ ਤੋ ਪਹਿਲਾਂ ਖਿਡਾਰੀਆਂ ਨੂੰ ਖੇਡ ਕਿੱਟ ਦੇਣ ਦਾ ਫ਼ੈਸਲਾ ਕੀਤਾ। ਇਸ ਤਹਿਤ ਸਰਕਾਰ ਨੇ ਖਿਡਾਰੀਆਂ, ਨੌਜਵਾਨਾਂ ਦੇ ਖ਼ਾਤਿਆਂ ’ਚ ਪ੍ਰਤੀ ਕਿੱਟ ਤਿੰਨ ਹਜ਼ਾਰ ਰੁਪਏ ਪਾਏੇ, ਪਰ ਕੁੱਝ ਦਿਨ ਬੀਤਣ ਬਾਅਦ ਉਕਤ ਰਾਸ਼ੀ ਵਾਪਸ ਲੈ ਲਈ ਗਈ। ਇਹੀ ਨਹੀਂ ਕੁਝ ਖਿਡਾਰੀਆਂ, ਨੌਜਵਾਨਾਂ ਨੂੰ ਇਹ ਰਾਸ਼ੀ ਇਕ ਵਿਸ਼ੇਸ਼ ਫਰਮ ਨੂੰ ਦੇਣ ਲਈ ਕਿਹਾ ਗਿਆ। ਜਿਸ ਕੰਪਨੀ, ਫਰਮ ਤੋਂ ਖਿਡਾਰੀਆਂ ਲਈ ਕਿੱਟ ਲਈ ਗਈ ਉਹ ਕੁਆਲਟੀ ਪੱਖੋਂ ਖਰੀਆਂ ਨਹੀਂ ਸਨ।
ਵਿਜੀਲੈਂਸ ਜਾਂਚ ਅਧੀਨ ਆਉਣ ਵਾਲੇ ਤੀਜੇ ਸਾਬਕਾ ਸੀਐੱਮ ਹੋਣਗੇ ਚੰਨੀ
ਵਰਨਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਤੂਬਰ ਮਹੀਨੇ ਹੋਏ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸੀਆਂ ’ਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਸੀ ਕਿ ਇਨ੍ਹਾਂ ਦਾ ਸਾਬਕਾ ਮੁੱਖ ਮੰਤਰੀ ਲੱਭਦਾ ਨਹੀਂ। ਚੰਨੀ ਨੇ ਬਹੁਤ ਗ਼ਲਤ ਫ਼ੈਸਲੇ ਲਏ ਹਨ ਤੇ ਉਹ ਚੰਨੀ ਤੋਂ ਫੈਸਲਿਆਂ ਬਾਰੇ ਪੁੱਛਣਾ ਚਾਹੁੰਦੇ ਹਨ। ਵਿਧਾਨ ਸਭਾ ’ਚ ਮੁੱਖ ਮੰਤਰੀ ਦੇ ਭਾਸ਼ਣ ਤੋਂ ਸੰਕੇਤ ਮਿਲ ਗਏ ਸਨ ਕਿ ਸਰਕਾਰ ਚੰਨੀ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰ ਸਕਦੀ ਹੈ। ਜੇਕਰ ਵਿਜੀਲੈਂਸ ਕੇਸ ਦਰਜ਼ ਕਰਦੀ ਹੈ ਤਾਂ ਚੰਨੀ ਤੀਜੇ ਸਾਬਕਾ ਮੁੱਖ ਮੰਤਰੀ ਹੋਣਗੇ ਜਿਨ੍ਹਾਂ ਖ਼ਿਲਾਫ਼ ਵਿਜੀਲੈਂਸ ਜਾਂਚ ਕਰੇਗੀ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਹੁਣ ਤੱਕ ਸਾਬਕਾ ਵਣ ਮੰਤਰੀ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ, ਸਾਬਕਾ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਾਮ ਅਰੋੜਾ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ਼ ਕਰ ਚੁੱਕੀ ਹੈ। ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਤੇ ਵਿਧਾਇਕ ਬਰਿੰਦਰਮੀਤ ਪਾਹੜਾ ਦੀ ਸੰਪਤੀ ਤੇ ਬੈਂਕ ਖ਼ਾਤਿਆਂ ਦੇ ਵੇਰਵੇ ਵੀ ਵਿਜੀਲੈਂਸ ਨੇ ਮੰਗੇ ਹੋਏ ਹਨ।