ਕੇਸਰੀ ਨਿਊਜ਼ ਨੈੱਟਵਰਕ– ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀ ਉੱਨਤ ਭਾਰਤ ਅਭਿਆਨ (ਯੂਬੀਏ) ਟੀਮ ਵੱਲੋਂ ਗਿੱਲਾਂ ਪਿੰਡ ਵਿਖੇ ਨੁੱਕੜ ਨਾਟਕ ਦਿਖਾਇਆ ਗਿਆ। ਕਾਲਜ ਦੀਆਂ ਵਿਦਿਆਰਥਣਾਂ ਨੇ ਪਿੰਡ ਵਾਸੀਆਂ ਨੂੰ ਸਵੱਛਤਾ ਦੇ ਪ੍ਰਤੀ ਜਾਗਰੂਕ ਕੀਤਾ ਅਤੇ ਦੱਸਿਆ ਕਿ ਸਵੱਛ ਅਤੇ ਗ੍ਰੀਨ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਛੋਟੇ ਤੋਂ ਛੋਟਾ ਯਤਨ ਵੀ ਬਹੁਤ ਲਾਭਕਾਰੀ ਹੈ।
ਟੀਮ ਵਿੱਚ ਯੂਬੀਏ ਕੋਆਰਡੀਨੇਟਰ ਡਾ. ਮੀਨਾਕਸ਼ੀ ਦੁੱਗਲ ਮਹਿਤਾ, ਮੈਂਬਰ ਸ਼੍ਰੀਮਤੀ ਅਲਕਾ ਸ਼ਰਮਾ ਅਤੇ ਇੰਚਾਰਜ ਲੀਗਲ ਲਿਟਰੇਸੀ ਸੈਲ ਸ਼ਾਮਿਲ ਸਨ। ਪਿੰਡ ਦੀ ਸਰਪੰਚ ਸ਼੍ਰੀਮਤੀ ਬਲਵਿੰਦਰ ਕੌਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕੋਆਰਡੀਨੇਟਰ ਡਾ. ਮੀਨਾਕਸ਼ੀ ਦੁੱਗਲ ਮਹਿਤਾ ਨੇ ਪਿੰਡ ਵਾਸੀਆਂ ਨੂੰ ਪਲਾਸਿਟਕ ਦਾ ਇਸਤੇਮਾਲ ਰੋਕਣ ਅਤੇ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਲਈ ਪ੍ਰੇਰਿਤ ਕੀਤਾ। ਵਿਦਿਆਰਥਣਾਂ ਨੇ ‘ਭਾਰਤ ਸਵੱਛ ਹੋਵੇ, ਸਭ ਤੋਂ ਸਵੱਸਥ ਹੋਵੇ’ ਦਾ ਨਾਰਾ ਪੇਸ਼ ਕੀਤਾ। ਡਾ. ਮੀਨਾਕਸ਼ੀ ਦੁੱਗਲ ਮਹਿਤਾ ਨੇ ਪਿੰਡ ਦੀ ਸਰਪੰਚ ਸ਼੍ਰੀਮਤੀ ਬਲਵਿੰਦਰ ਕੌਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਮਿਲਣ ਦਾ ਮੌਕਾ ਪ੍ਰਦਾਨ ਕੀਤਾ।
ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਯੂਬੀਏ ਟੀਮ ਦੇ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਛੋਟੇ-ਛੋਟੇ ਯਤਨਾਂ ਨਾਲ ਹੀ ਸਵੱਛਤਾ ਦੇ ਉਦੇਸ਼ ਨੂੰ ਹਾਸਲ ਕੀਤਾ ਜਾ ਸਕਦਾ ਹੈ। ਐਚ.ਐਮ.ਵੀ. ਦੀ ਟੀਮ ਵਿੱਚ ਸ਼੍ਰੀ ਅਰਵਿੰਦ ਚੰਦੀ ਵੀ ਸ਼ਾਮਿਲ ਸਨ।